ਪਹਾੜ ਤੇ ਸਰਕਾਰ/ਯਸ਼ ਪਾਲ

ਅਸੀਂ ਨਹੀਂ ਸੀ ਜਾਣਦੇ
ਕਿਹੋ ਜਿਹੀ
ਹੁੰਦੀ ਹੈ ਸਰਕਾਰ

ਜਨਮ ਤੋਂ ਲੈਕੇ
ਹੋਸ਼ ਸੰਭਾਲਦੇ ਹੀ
ਅਸੀਂ ਤਾਂ ਦੇਖੇ ਨੇ
ਸਿਰਫ਼
ਜੰਗਲ ਤੇ ਪਹਾੜ

ਸਾਨੂੰ ਦੱਸੋ ਸਾਬ੍ਹ
ਕਿਹੋ ਜਿਹੀ
ਹੁੰਦੀ ਹੈ ਸਰਕਾਰ?

ਜੰਗਲ-ਪਹਾੜ
ਸਾਨੂੰ ਦਿੰਦੇ ਨੇ
ਸਾਫ਼ ਹਵਾ ਸਾਫ਼ ਪਾਣੀ
ਤੇ ਪੇਟ-ਭਰ ਖਾਣਾ
ਔਰਤਾਂ ਨੂੰ ਦਿੰਦੇ ਨੇ
ਆਜ਼ਾਦੀ
ਜੰਗਲਾਂ ‘ਚ
ਬੇਖੌਫ਼ ਘੁੰਮਣ ਦੀ
ਮਰਦਾਂ ਨੂੰ ਸਿਖਾਉਂਦੇ ਨੇ
ਸਲੀਕਾ
ਔਰਤਾਂ ਵਾਂਗ
ਥੋੜ੍ਹੀ ਸ਼ਰਮ-ਹਯਾ ਦਾ

ਡਰ ਸ਼ਬਦ ਵੀ
ਥੋੜ੍ਹਾ ਡਰ ਜਾਂਦਾ ਹੈ
ਪਿੰਡ ‘ਚ ਵੜਨ ਤੋਂ ਪਹਿਲਾਂ
ਤੇ ਬੰਦਾ ਨਹੀਂ ਜਾਣਦਾ
ਕੀ ਹੁੰਦੈ
ਬੰਦੇ ਤੋਂ ਡਰਨਾ

ਪਹਾੜ
ਸਿਖਾਉਂਦਾ ਹੈ ਸਾਨੂੰ
ਪਿਆਰ ‘ਚ ਡੁੱਬ ਕੇ
ਜਿਉਣਾ
ਤੇ ਲੋੜ ਪੈਣ ‘ਤੇ
ਇਸ ਪਿਆਰ ਖ਼ਾਤਰ
ਮਰ ਜਾਣਾ

ਕੀ
ਤੁਹਾਡਾ ਸਮਾਂ
ਤੁਹਾਡਾ ਸਮਾਜ
ਤੁਹਾਡੀ ਸਰਕਾਰ
ਸਿਖਾ ਸਕਦੇ ਨੇ ਸਾਨੂੰ
ਅਜਿਹਾ ਕੁੱਝ ਕਰਨਾ?
ਕੀ ਤੁਹਾਡੀ ਸਰਕਾਰ
ਬਚਾਅ ਸਕਦੀ ਹੈ
ਸਾਡੇ ਲਈ
ਜੰਗਲ-ਪਹਾੜ?

ਇੱਕ ਦਿਨ
ਅਸੀਂ ਸੋਚਿਆ
ਚਲੋ,ਹੋਰ ਨਹੀਂ ਤਾਂ
ਦੇਖਦੇ ਹਾਂ ਮੰਗ ਕੇ
ਇੱਕ ਹਸਪਤਾਲ

ਸਰਕਾਰ ਤੋਂ
ਅਸੀਂ ਮੰਗਦੇ ਰਹੇ
ਜੰਗਲ ਅੰਦਰ
ਇੱਕ-ਅੱਧਾ ਹਸਪਤਾਲ
ਪਰ ਸਾਡੇ ਬੱਚੇ
ਮਰਦੇ ਰਹੇ
ਉਸਦੇ ਇੰਤਜ਼ਾਰ ‘ਚ

ਅਸੀਂ ਕਿਹਾ
ਦੇ ਦਿਉ
ਕੋਈ ਸਕੂਲ ਹੀ ਫਿਰ
ਪਰ
ਸਿੱਖਿਆ ਦਿਉ
ਅਜਿਹੀ ਭਾਸ਼ਾ ‘ਚ
ਕਿ
ਬੱਚੇ ਪੜ੍ਹ ਕੇ
ਨਾ ਛੱਡਣ ਲੱਗਣ
ਪਹਾੜ ਨੂੰ

ਇਹ ਸੁਣਦੇ ਹੀ
ਦਮ ਤੋੜਨ ਲੱਗੇ
ਉਨ੍ਹਾਂ ਦੇ
ਬਚੇ-ਖੁਚੇ ਸਕੂਲ ਵੀ

ਫਿਰ ਇੱਕ ਦਿਨ
ਤਜ਼ਵੀਜ਼ ਲੈਕੇ ਆਈ
ਸਰਕਾਰ
ਸੜਕ ਬਣਾਉਣ ਦੀ

ਅਸੀਂ ਕਿਹਾ
ਨਹੀਂ ਚਾਹੀਦੀ ਜੰਗਲ ਨੂੰ
ਪੰਜ ਫੁੱਟ ਤੋਂ ਜਿਆਦਾ
ਚੌੜੀ ਸੜਕ
ਉਹ ਦੇਣਾ ਚਾਹੁੰਦੀ ਸੀ
ਜ਼ਬਰਨ
ਪੰਜਾਹ ਫੁੱਟ ਸੜਕ

ਅਸੀਂ ਸ਼ਰਤ ਰੱਖੀ
ਤੁਹਾਡੇ ਨਾਲ ਆਈ
ਪੁਲਸ-ਕੰਪਨੀ
ਦਲਾਲਾਂ ਦੀ ਫੌਜ਼ ਨੂੰ
ਜੰਗਲ ‘ਚ ਵੜਨ ‘ਤੇ
ਪਹਿਲਾਂ ਪਾਬੰਦੀ ਲਾ ਦਿਉ
ਫਿਰ ਚਾਹੇ ਇੱਥੇ
ਚੌੜੀ ਸੜਕ ਬਣਾ ਦਿਉ

ਇਹ ਸੁਣਕੇ
ਉਸ ਨੇ ਕੀ ਕੀਤਾ?

ਵਿਕਾਸ-ਵਿਰੋਧੀ
ਮਾਉਵਾਦੀ ਕਹਿਕੇ
ਜੇਲ੍ਹ ‘ਚ ਤੁੰਨ ਦਿੱਤੇ
ਪਿੰਡਾਂ ਦੇ ਪਿੰਡ
ਮਾਰਿਆ-ਕੁੱਟਿਆ
ਤੋੜ ਦਿੱਤੀਆਂ
ਸਾਡੀਆਂ ਉਂਗਲਾਂ
ਤੇ
ਕੋਰੇ ਕਾਗਜ਼ ‘ਤੇ
ਲਗਵਾ ਲਿਆ ਅੰਗੂਠਾ

ਰਾਤ-ਭਰ ਸੁਣੀ
ਇਨ੍ਹਾਂ ਪਹਾੜਾਂ ਨੇ
ਸਾਡੀ ਚੀਕ-ਪੁਕਾਰ
ਤਾਂ
ਕੀ ਇਹੋ ਹੈ ਸਾਬ੍ਹ
ਤੁਹਾਡੀ ਸਰਕਾਰ?

ਇਹ ਜੰਗਲ-ਪਹਾੜ ਹੀ
ਸਾਡੇ ਵੱਲ,ਸਾਡੇ ਹੱਕ ‘ਚ
ਸਦੀਆਂ ਤੋਂ ਖੜ੍ਹੇ ਨੇ
ਜਿਨ੍ਹਾਂ ਲਈ ਸਾਡੇ ਪੁਰਖੇ
ਦੁਸ਼ਮਣਾਂ ਨਾਲ
ਹਰ ਕਾਲ ‘ਚ ਲੜੇ ਨੇ
ਅਸੀਂ ਵੀ ਇਨ੍ਹਾਂ ਲਈ
ਹਰ ਹਾਲ ‘ਚ ਲੜਾਂਗੇ

ਇਹ ਜੀਵਨ ਵੀ ਤਾਂ
ਇਨ੍ਹਾਂ ਨੇ ਹੀ ਦਿੱਤਾ ਹੈ
ਇਸ ਲਈ ਅਸੀਂ
ਪੀੜ੍ਹੀ-ਦਰ ਪੀੜ੍ਹੀ
ਇਨ੍ਹਾਂ ਪਹਾੜਾਂ ਨਾਲ
ਬੇਹੱਦ ਪਿਆਰ ਕੀਤਾ ਹੈ
ਮੂਲ ਲੇਖਿਕਾ:
ਆਦਿਵਾਸੀ ਕਵਿੱਤਰੀ:
ਜਸਿੰਤਾ ਕੇਰਕੇੱਟਾ

ਹਿੰਦੀ ਤੋਂ ਪੰਜਾਬੀ:
ਯਸ਼ ਪਾਲ ਵਰਗ ਚੇਤਨਾ
(98145 35005)

ਸਾਂਝਾ ਕਰੋ

ਪੜ੍ਹੋ