ਮੈਂ ਇੱਕ
ਆਮ-ਜਿਹਾ ਬੰਦਾ ਹਾਂ
ਕੰਮ-ਧੰਦਾ ਕਰਦਾ ਹਾਂ
ਰੋਜ਼ ਆਪਣੇ ਫਲੈਟ ਤੋਂ
ਨਿਕਲਦਾ ਹਾਂ
ਤੇ ਦੇਰ ਰਾਤ
ਫਲੈਟ ‘ਚ ਵੜਦਾ ਹਾਂ
ਬਾਹਰ ਪਹਿਰਾ
ਬੈਠਾਈ ਰਖ਼ਦਾ ਹਾਂ
ਟੀਵੀ ਦੇਖਦਾ ਦੇਖਦਾ
ਇਹ ਸੋਚਦਾ ਹਾਂ
ਕਸ਼ਮੀਰ ‘ਚ
ਸਾਰੇ ਭਾਰਤਵਾਸੀ
ਕਿਉਂ ਨਹੀਂ ਵੜ ਸਕਦੇ?
ਚੰਗਾ ਹੋਇਆ
ਸਰਕਾਰ ਨੇ
370 ਹਟਾ ‘ਤੀ
ਤੇ ਇਹ
ਆਦਿਵਾਸੀ ਇਲਾਕੇ?
ਇਹ ਕੀ
ਅੰਦਰਲੇ-ਬਾਹਰਲੇ ਦੀ
ਰੱਟ ਲਾਈ ਰਖਦੇ ਨੇ?
ਇੱਥੇ ਵੀ
ਕਿਉਂ ਨਹੀਂ ਵਸ ਸਕਦੇ
ਸਾਰੇ ਭਾਰਤਵਾਸੀ ?
ਮੈਂ ਤਾਂ ਦਲਿਤਾਂ ਨੂੰ
ਜਾਹਿਲ
ਤੇ ਆਦਿਵਾਸੀਆਂ ਨੂੰ
ਸਮਝਦਾ ਹਾਂ
ਜਾਨਵਰ
ਮੁਸਲਮਾਨਾਂ-ਇਸਾਈਆਂ ਨੂੰ
ਦੇਸ਼ਧ੍ਰੋਹੀ
ਤੇ ਚਾਹੁੰਦਾ ਹਾਂ
ਇਨ੍ਹਾਂ ਸਭਨਾਂ ਦਾ
ਸਫਾਇਆ
ਇਸ ਦੇਸ ‘ਚੋਂ
ਮੈਂ ਕਦੇ ਜਿੰਦਗੀ ‘ਚ
ਨਾ ਪਿੰਡ ਦੇਖੇ ਨੇ
ਨਾ ਦੇਖੀਆਂ ਬਸਤੀਆਂ
ਝੁੱਗੀਆਂ ਨੀ ਦੇਖੀਆਂ
ਨਾ ਹੀ ਦੇਖੇ ਨੇ ਜੰਗਲ
ਮੈਂ ਕਿਸੇ ਨੂੰ ਵੀ
ਜਾਣਦਾ ਨਹੀਂ ਚੰਗੀ ਤਰ੍ਹਾਂ
ਮੁੱਠੀ-ਭਰ ਲੋਕਾਂ ਨੂੰ ਹੀ
ਜਾਣਦਾ-ਪਹਿਚਾਣਦਾ ਹਾਂ
ਜਿਨ੍ਹਾਂ ਨੂੰ
ਮੈਂ ਭਾਰਤੀ ਮੰਨਦਾ ਹਾਂਂ
ਤੇ ਚਾਹੁੰਦਾ ਹਾਂ
ਇਹ ਭਾਰਤੀ
ਹਰ ਜਗ੍ਹਾ ਵੜ ਸਕਣ
ਤੇ ਸਭਨਾਂ ਸਰੋਤਾਂ ‘ਤੇ
ਕਬਜ਼ਾ ਕਰ ਸਕਣ
ਦੇਸ਼-ਹਿਤ ‘ਚ
ਇਹ ਸੋਚਦਾ-ਸੋਚਦਾ
ਆਪਣੇ ਫਲੈਟ ‘ਚ
ਵੜਦਾ ਹਾਂ
ਬਾਹਰ ਪਹਿਰਾ
ਬੈਠਾਈ ਰਖਦਾ ਹਾਂ
ਮੇਰੇ ਸਕੂਨ
ਤੇ ਮੇਰੀ ਆਜ਼ਾਦੀ ‘ਚ
ਖਲ਼ਲ ਪਾਉਣ ਲਈ
ਇੱਥੇ ਕੋਈ ਵੜ ਨਾ ਜਾਵੇ
ਇਸ ਗੱਲ ਦਾ ਖਿਆਲ
ਪੂਰਾ ਰਖਦਾ ਹਾਂ
ਮੂਲ ਲੇਖਿਕਾ:
ਆਦਿਵਾਸੀ ਕਵਿੱਤਰੀ:
ਜਸਿੰਤਾ ਕੇਰਕੇੱਟਾ
ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(ਮੋਬਾ:9814535005)