ਇਸ ਸਮੇਂ ਦੇ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਤੇ ਨਾ ਹੀ ਇਸ ਨੂੰ ਛਾਤੀ ਦੇ ਵਿੱਚ ਦਬਾਇਆ ਜਾ ਸਕਦਾ ਹੈ। ਵਿਦੇਸ਼ਾਂ ਵਿੱਚ ਆਪਣੇ ਸੁਨਹਿਰੀ ਭਵਿੱਖ ਦੀ ਕਲਪਨਾ ਕਰਦਿਆਂ ਪੰਜਾਬ ਤੋਂ ਨੌਜਵਾਨਾਂ ਨੇ ਪਰਵਾਸ ਕੀਤਾ ਹੈ। ਇਹ ਪਰਵਾਸ ਉਹਨਾਂ ਦੇ ਸੁਪਨਿਆਂ ਨੂੰ ਕਿਵੇਂ ਖਤਮ ਕਰ ਰਿਹਾ ਹੈ, ਇਸ ਦੀ ਨਾਲ਼ ਵਾਲੀ ਵੀਡੀਓ ਗਵਾਹੀ ਭਰਦੀ ਹੈ। ਇਹ ਵੀਡੀਓ ਇੱਕ ਅੰਗਰੇਜ਼ ਨੇ ਬਣਾਈ ਹੈ। ਇਸ ਕਰਕੇ ਇਸ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਇਸ ਵੀਡੀਓ ਵਿਚਲੇ ਤੱਥ ਤੇ ਪਾਤਰਾਂ ਦੀ ਵਾਰਤਾਲਾਪ ਨੂੰ ਝੁਠਲਾਇਆ ਨਹੀਂ ਜਾ ਸਕਦਾ।
ਇਹ ਵੀਡੀਓ ਨੂੰ ਦੇਖਿਆ ਕੁੱਝ ਸਵਾਲ ਉਠਦੇ ਹਨ ਕਿ ਇਸ ਸੱਚ ਨੂੰ ਸਾਡਾ ਪੰਜਾਬੀ ਮੀਡੀਆ ਕਿਉਂ ਅੱਖੋਂ ਪਰੋਖੇ ਕਰ ਰਿਹਾ ਹੈ। ਇਹ ਵੀ ਇੱਕ ਗੰਭੀਰ ਸਵਾਲ ਐ। ਪੰਜਾਬ ਦੀ ਹੋਣੀ ਤੇ ਅਣਹੋਣੀ ਦਾ ਭਵਿੱਖ ਸੈਂਕੜੇ ਧੀਆਂ ਪੁੱਤਾਂ ਦੇ ਰੋਣ ਕੁਰਲਾਉਣ ਤੇ ਪਰਵਾਸ ਚ ਤੜਪ ਰਿਹਾ ਹੈ। ਰੋਂਦੀਆਂ ਧੀਆਂ ਦੇ ਹੰਝੂ ਪੂੰਝਣ ਵਾਲਾ ਕੋਈ ਨਹੀਂ। ਹਰ ਕੋਈ ਡਾਲਰਾਂ ਦੀ ਝਾਕ ‘ਚ ਕਿਰਤ ਨੂੰ ਲੁੱਟੀ ਜਾ ਰਿਹਾ ਹੈ। ਹਰ ਤਰ੍ਹਾਂ ਦੀ ਆਬਰੂ ਕਨੇਡਾ ਦੀਆਂ ਗਲੀਆਂ ‘ਚ ਰੁਲਦੀ ਹੈ। ਪਾਰਕਾਂ ਤੇ ਹਾਈਵੇ ਹੇਠਾਂ ਸੌਂਦੀ ਹੈ। ਇੱਧਰ ਬੈਂਕਾਂ ਦੇ ਕਰਜ਼ਿਆਂ ਨੇ ਮਾਪਿਆਂ ਦਾ ਬੁਢਾਪਾ ਰੋਲ ਦਿੱਤਾ ਹੈ, ਉੱਥੇ ਪੰਜਾਬ ਨੇ ਜੁਆਨੀ ਗੁਆ ਲਈ ਹੈ। ਦਰਦ ਦੀਆਂ ਪਰਤਾਂ ‘ਚ ਹਰ ਤਰ੍ਹਾਂ ਦੀ ਲੁੱਟ ਸਮੋਈ ਹੈ।
ਚਾਹੇ ਕਾਲਜਾਂ ਦੇ ਕਰਿੰਦੇ ਗਲਾ ਕੱਟ ਰਹੇ ਹਨ, ਚਾਹੇ ਸਾਡੇ ਆਪਣੇ ਖੂਨ ਚੋਂ ਪੈਦਾ ਹੋਏ। ਜਿੰਨ੍ਹਾਂ ਦਾ ਹੁਣ ਖੂਨ ਚਿੱਟਾ ਹੋ ਗਿਆ ਹੈ, ਉਹ ਕੀ ਕਰ ਰਹੇ ਹਨ ? ਇਹਨਾਂ ਦੀ ਮਿਹਨਤ ਦੀ ਕਮਾਈ ਨੂੰ ਪੰਜਾਬੀ ਹੀ ਹੜੱਪ ਕਰ ਰਹੇ ਹਨ। ਇਸ ਜਾਲ ਵਿੱਚ ਫਸਾਉਣ ਵਾਲੇ ਚਾਹੇ ਉਹ ਚਮਕਦੇ ਸੁਪਨੇ ਦਿਖਾਉਣ ਵਾਲੇ ਹੋਣ ਤੇ ਆਇਲਟ ਤੇ ਇਮੀਗਰੇਸ਼ਨ ਸੈਂਟਰਾਂ ਦੇ ਮਾਲਕ ਹੋਣ। ਸਭ ਕੋਈ ਲੁੱਟ ਤੇ ਪਲ਼ ਕੇ ਧਨੀ ਹੋਣ ਦੀਆਂ ਲਾਲਾਂ ਤਾਂ ਸੁੱਟਦਾ ਰਿਹਾ। ਹੁਣ ਤਾਂ ਆਬਰੂ ਲੁੱਟਣ ਤੇ ਵੀ ਆ ਗਏ ਹਨ। ਕਿਉਂਕਿ ਇਹਨਾਂ ਪੰਜਾਬ ਦੇ ਭਵਿੱਖ ਦੇ ਵਾਰਸਾਂ ਨੇ ਫੈਕਟਰੀਆਂ, ਹੋਟਲ ਤੇ ਡਰਾਇਵਰੀਆਂ ਚ ਰੁਲ ਜਾਣਾ ਹੈ। ਜੁਆਨੀ ਰੁਲਣ ਦੇ ਨਾਲ ਨਾਲ ਬੁਢਾਪਾ ਵੀ ਸ਼ੁਰੂ ਹੋ ਗਿਆ ਹੈ। ਸਰੀਰਕ ਦਿਖਾਵਾ ਤੇ ਸੁਹੱਪਣ ਵੀ ਵੈਰੀ ਹੋ ਗਿਆ ਹੈ। ਮਨ ਉੱਤੇ ਲਗਾਤਾਰ ਵਧਦੇ ਬੋਝ ਨੇ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ।
ਨੌਜਵਾਨ ਉਮਰ ‘ਚ ਮੌਤਾਂ ਦੀ ਦਰ ਲਗਾਤਾਰ ਵੱਧ ਰਹੀ ਹੈ। ਇਸ ਦੀਆਂ ਸਭ ਪਰਤਾਂ ਦੇ ਅੰਦਰ ਜਾਨਣ ਲਈ ਹਕੀਕੀ ਸੱਚੀ ਤੇ ਦਰਦਮਈ ਦਾਸਤਾਨ ਇਸ ਵੀਡੀਓ ਰਾਹੀਂ ਦਿੰਦਿਆਂ ਕਲ਼ੇਜੇ ਧੂਹ ਪੈਂਦੀ ਹੈ। ਇਹ ਕਤਾਰ ਲੰਮੀ ਹੋ ਰਹੀ ਹੈ। ਓਥੇ ਵੀ ਆਪਣੇ ਰਿਜ਼ਕ ਤੇ ਆਬਰੂ ਲੈ ਕੇ ਡੰਡੇ ਚ ਝੰਡਾ ਪਾ ਕੇ ਚੁਰਸਤਿਆਂ ਚ ਖੜ੍ਹਨਾ ਪੈ ਰਿਹਾ ਹੈ। ਦੋ ਡੰਗ ਦੀ ਭੁੱਖ ਮਿਟਾਉਣ ਲਈ ਗੁਰਦਵਾਰਿਆਂ ਵੱਲ ਦੇਖਣਾ ਪੈਂਦਾ ਹੈ। ਇੱਧਰ ਪੰਜਾਬ ਹੁਕਮਰਾਨਾਂ ਨੇ ਲੁੱਟ ਲਿਆ, ਓਧਰ ਸੁਪਨਿਆਂ ਨੇ ਲੁੱਟ ਲਿਆ।
ਮੇਰੇ ਕੋਲ ਇੰਨ੍ਹਾਂ ਦੇ ਸਵਾਲਾਂ ਦਾ ਧੀਆਂ ਧਿਆਣੀਆਂ ਅੱਗੇ ਕੋਈ ਜਵਾਬ ਨਹੀਂ। ਮੈਂ ਕਬਰ ਉਤੇ ਬੈਠਾ ਪੰਜਾਬ ਦੀਆਂ ਅਣਹੋਣੀਆਂ ਦੇ ਬੂਹੇ ਤੇ ਖੜ੍ਹਾ ਹਾਂ। ਤੁਹਾਡੇ ਵਾਂਗ ਇੰਨ੍ਹਾਂ ਦਰਦਮੰਦਾਂ ਦਾ ਦਰਦੀ ਹਾਂ। ਦਿਨੋਂ ਦਿਨ ਵੱਧ ਰਹੇ ਇਸ ਦਰਦ ਦੀ ਚੀਸ ਤੇ ਚੀਕ ਕਿਸੇ ਨੂੰ ਵੀ ਸੁਣਾਈ ਨਹੀਂ ਦੇ ਰਹੀ। ਜਿਹੜੀ ਚੀਕ ਮੈਨੂੰ ਸੁਣਦੀ ਹੈ, ਉਹ ਤੁਹਾਨੂੰ ਵੀ ਸੁਣੇ! ਮੈਨੂੰ ਅੰਮ੍ਰਿਤਾ ਪ੍ਰੀਤਮ ਦੀਆਂ ਉਹ ਸਤਰਾਂ ਯਾਦ ਆਉਂਦੀਆਂ ਹਨ ਜਦੋਂ ਪੰਜਾਬ ਉਜੜਿਆ ਸੀ, ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੋਂ ਕਬਰਾਂ ਵਿਚੋਂ ਬੋਲ! ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਪਾਏ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ ਸ਼ਾਹ ਨੂੰ ਕਹਿਣ।
ਹੁਣ ਕੌਣ ਬੋਲੇਗਾ? —–
ਬੁੱਧ ਸਿੰਘ ਨੀਲੋਂ
9464370823