ਯੇਦੀਯੁਰੱਪਾ ਖ਼ਿਲਾਫ਼ ਪੋਕਸੋ ਮਾਮਲੇ ’ਚ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਬੰਗਲੂਰੂ ਦੀ ਇੱਕ ਅਦਾਲਤ ਨੇ ਅੱਜ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਬੀਐੱਸ ਯੇਦੀਯੁਰੱਪਾ ਖ਼ਿਲਾਫ਼ ਪੋਕਸੋ ਮਾਮਲੇ ’ਚ ਗ਼ੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਯੇਦੀਯੁਰੱਪਾ ਖ਼ਿਲਾਫ਼ ਪੋਕਸੋ ਮਾਮਲੇ ਦੀ ਜਾਂਚ ਕਰ ਰਹੀ ਸੀਆਈਡੀ ਨੇ ਪਹਿਲਾਂ ਉਨ੍ਹਾਂ ਨੂੰ ਪੁੱਛ ਪੜਤਾਲ ਲਈ ਬੁਲਾਇਆ ਸੀ। ਯੇਦੀਯੁਰੱਪਾ ਨੇ ਸੀਆਈਡੀ ਦੇ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਸਮਾਂ ਮੰਗਿਆ ਸੀ। ਯੇਦੀਯੁਰੱਪਾ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਭਾਜਪਾ ਦੇ ਸੀਨੀਅਰ ਨੇਤਾ ਫਿਲਹਾਲ ਦਿੱਲੀ ਵਿੱਚ ਹਨ ਅਤੇ ਉਨ੍ਹਾਂ ਦੇ ਪਰਤਣ ਮਗਰੋਂ ਜਾਂਚ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਪੁਲੀਸ ਅਨੁਸਾਰ ਯੇਦੀਯੁਰੱਪਾ ’ਤੇ ਇੱਕ 17 ਸਾਲਾ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਲੜਕੀ ਦੀ ਮਾਂ ਨੇ ਦੋਸ਼ ਲਾਇਆ ਕਿ ਯੇਦੀਯੁਰੱਪਾ ਨੇ ਇਸ ਸਾਲ ਦੋ ਫਰਵਰੀ ਨੂੰ ਡਾਲਰਜ਼ ਕਲੋਨੀ ਸਥਿਤ ਆਪਣੀ ਰਿਹਾਇਸ਼ ’ਤੇ ਇੱਕ ਮੀਟਿੰਗ ਦੌਰਾਨ ਉਨ੍ਹਾਂ ਦੀ ਧੀ ਨਾਲ ਜਬਰ-ਜਨਾਹ ਕੀਤਾ। ਸਦਾਸ਼ਿਵਨਗਰ ਪੁਲੀਸ ਵੱਲੋਂ 14 ਮਾਰਚ ਨੂੰ ਮਾਮਲਾ ਦਰਜ ਕੀਤੇ ਜਾਣ ਦੇ ਕੁੱਝ ਹੀ ਘੰਟਿਆਂ ਮਗਰੋਂ ਕਰਨਾਟਕ ਦੇ ਡੀਜੀਪੀ ਅਲੋਕ ਮੋਹਨ ਨੇ ਇੱਕ ਹੁਕਮ ਜਾਰੀ ਕਰਕੇ ਮਾਮਲੇ ਨੂੰ ਤੁਰੰਤ ਪ੍ਰਭਾਵ ਨਾਲ ਜਾਂਚ ਲਈ ਸੀਆਈਡੀ ਨੂੰ ਤਬਦੀਲ ਕਰ ਦਿੱਤਾ ਸੀ। ਯੇਦੀਯੁਰੱਪਾ ਖ਼ਿਲਾਫ਼ ਦੋਸ਼ ਲਾਉਣ ਵਾਲੀ 54 ਸਾਲਾ ਮਹਿਲਾ ਦਾ ਪਿਛਲੇ ਮਹੀਨੇ ਇੱਕ ਨਿੱਜੀ ਹਸਪਤਾਲ ਵਿੱਚ ਫੇਫੜਿਆਂ ਦੇ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ।

ਯੇਦੀਯੁਰੱਪਾ (81) ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਹ ਇਸ ਮਾਮਲੇ ’ਚ ਕਾਨੂੰਨੀ ਲੜਾਈ ਲੜਨਗੇ। ਅਪਰੈਲ ਵਿੱਚ ਸੀਆਈਡੀ ਨੇ ਯੇਦੀਯੁਰੱਪਾ ਨੂੰ ਦਫ਼ਤਰ ਵਿੱਚ ਬੁਲਾ ਕੇ ਉਨ੍ਹਾਂ ਦੀ ਆਵਾਜ਼ ਦਾ ਨਮੂਨਾ ਲਿਆ ਸੀ। ਇਸ ਦੌਰਾਨ ਸਰਕਾਰ ਨੇ ਮਾਮਲੇ ’ਚ ਸੀਆਈਡੀ ਦੀ ਅਗਵਾਈ ਕਰਨ ਲਈ ਐੱਸਪੀਪੀ ਅਸ਼ੋਕ ਐੱਚ ਨਾਇਕ ਨੂੰ ਨਿਯੁਕਤ ਕੀਤਾ ਸੀ। ਯੇਦੀਯੁਰੱਪਾ ਨੇ ਐੱਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

ਸਾਂਝਾ ਕਰੋ