ਮਰਦੀ ਨੇ ਅੱਕ ਚੱਬਿਆ/ਰਣਜੀਤ ਲਹਿਰਾ

ਫਿਰਕੂ-ਫ਼ਾਸ਼ੀਵਾਦ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਨਕਸਲੀਆਂ ਦੇ ਇੱਕ ਧੜੇ, ਸੀਪੀਆਈ (ਐਮਐਲ) ਲਿਬਰੇਸ਼ਨ ਨੇ ਹਾਲੀਆ ਲੋਕ ਸਭਾ ਚੋਣਾਂ ’ਚ ਸੰਘ-ਭਾਜਪਾ ਨੂੂੰ ਸੱਤਾ ਤੋਂ ਬਾਹਰ ਕਰਨ ਲਈ ਭਾਜਪਾ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਸੀ। ਬਿਹਾਰ ਵਿੱਚ ਭਲੇ ਹੀ ਲਿਬਰੇਸ਼ਨ ਵਾਲੇ ਕਾਮਰੇਡਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਵਿਰੋਧੀ ਤੇ ਖੱਬੀਆਂ ਪਾਰਟੀਆਂ ਨਾਲ ਅਜਿਹਾ ਗੱਠਜੋੜ ਬਣਾ ਕੇ ਚੋਣਾਂ ਲੜੀਆਂ ਸਨ ਪਰ ਕੁੱਲ ਹਿੰਦ ਪੱਧਰ ’ਤੇ ਕਾਂਗਰਸ ਸਮੇਤ ਹੋਰਨਾਂ ਬੁਰਜੂਆ ਪਾਰਟੀਆਂ ਨਾਲ ਉਨ੍ਹਾਂ ਐਤਕੀਂ ਪਹਿਲੀ ਵਾਰ ਗੱਠਜੋੜ ਬਣਾਇਆ ਸੀ।

ਆਪਣੀ ਪਾਰਟੀ ਦੇ ਇੰਡੀਆ ਗੱਠਜੋੜ ਵਿੱਚ ਸ਼ਾਮਲ ਹੋਣ ਨੂੰ ਲਿਬਰੇਸ਼ਨ ਦੇ ਕੇਡਰ ਨੇ ਹੋਰਨਾਂ ਸੂਬਿਆਂ ’ਚ ਕਿਵੇਂ ਲਿਆ ਇਹ ਤਾਂ ਪਤਾ ਨਹੀਂ ਪਰ ਪੰਜਾਬ ਵਿੱਚ ਇਸ ਗੱਠਜੋੜ ਨੇ ਲਿਬਰੇਸ਼ਨ ਦੇ ਕੇਡਰ ਨੂੂੰ ਵਾਹਵਾ ਧਰਮ-ਸੰਕਟ ’ਚ ਫਸਾ ਦਿੱਤਾ। ਕਾਂਗਰਸ ਵਰਗੀ ਪਾਰਟੀ ਖ਼ਿਲਾਫ਼ ਬੀਤੇ ਵਿਚ ਧੂੰਆਂਧਾਰ ਭਾਸ਼ਨ ਦੇਣ ਅਤੇ ਉਸ ਨੂੰ ਪਾਣੀ ਪੀ ਪੀ ਭੰਡਣ ਵਾਲੇ ਪੰਜਾਬ ਦੇ ਪਾਰਟੀ ਕੇਡਰ ਨੇ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਦੁਸ਼ਮਣ ਜਮਾਤਾਂ ਦੀ ਨੁਮਾਇੰਦਾ ਕਹੀ ਜਾਣ ਵਾਲੀ ਕਿਸੇ ਅਜਿਹੀ ਪਾਰਟੀ ਦੇ ਉਮੀਦਵਾਰਾਂ ਦੀ ਨਾ ਸਿਰਫ਼ ਉਨ੍ਹਾਂ ਨੂੂੰ ਹਮਾਇਤ ਕਰਨੀ ਤੇ ਵੋਟ ਪਾਉਣੀ ਪਵੇਗੀ, ਸਗੋਂ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਲਈ ਬਾਕਾਇਦਾ ਪ੍ਰਚਾਰ ਮੁਹਿੰਮ ਵੀ ਚਲਾਉਣੀ ਪਵੇਗੀ। ਪੰਜਾਬ ਵਿੱਚ ਪਾਰਟੀ ਨੇ ਫੈਸਲਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਸੂਬੇ ਵਿੱਚ ਸੱਤਾਧਾਰੀ ਹੋਣ ਕਾਰਨ ਇੰਡੀਆ ਗੱਠਜੋੜ ਵੱਜੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕਰਨਾ ਚਾਹੀਦਾ ਹੈ।

ਜ਼ਾਹਰ ਹੈ ਇਨ੍ਹਾਂ ਕਾਮਰੇਡਾਂ ਨੂੰ ਆਪਣੇ ਪੱਧਰ ’ਤੇ ਆਜ਼ਾਦਾਨਾ ਪ੍ਰਚਾਰ ਮੁਹਿੰਮ ਚਲਾਉਂਦੇ ਹੋਏ ਕਿਤੇ-ਕਿਤੇ ਕਾਂਗਰਸੀ ਉਮੀਦਵਾਰਾਂ ਨਾਲ ਮੰਚ ਤੋਂ ਸਾਂਝੇ ਤੌਰ ’ਤੇ ਵੋਟਰਾਂ ਨੂੰ ਅਪੀਲ ਵੀ ਕਰਨੀ ਪੈਣੀ ਸੀ। ਲਿਬਰੇਸ਼ਨ ਵਲੋਂ ਅਜਿਹੀ ਇੱਕ ਚੋਣ ਰੈਲੀ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਕੀਤੀ ਗਈ। ਇਸ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਇਕ ਆਗੂ ਦੇ ਦਿਲ ਅੰਦਰਲਾ ਦਰਦ ਬੁੱਲ੍ਹਾਂ ’ਤੇ ਆਏ ਬਿਨਾਂ ਨਾ ਰਹਿ ਸਕਿਆ। ਉਸ ਕਾਮਰੇਡ ਨੇ ਲੀਡਰ ਸਾਹਿਬ ਨੂੂੰ ਮੁਖਾਤਿਬ ਹੁੰਦਿਆਂ ਕੁੱਝ ਅਜਿਹੀਆਂ ਗੱਲਾਂ ਕੀਤੀਆਂ ਜਿਨ੍ਹਾਂ ਨੂੂੰ ਸੁਣ ਕੇ ਉਸ ਨੂੂੰ ਸਮਝ ਨਾ ਆਵੇ ਕਿ ਕੀ ਇਹ ਚੋਣ ਮੀਟਿੰਗ ਸੱਚੀਓਂ ਉਸ ਦੇ ਹੱਕ ਵਿੱਚ ਹੀ ਕੀਤੀ ਜਾ ਰਹੀ ਹੈ! ਕਾਮਰੇਡ ਨੇ ਸਾਰੀ ਹਾਲਤ ਦੀ ਆਪਣੇ ਢੰਗ ਨਾਲ ਵਿਆਖਿਆ ਕਰਦਿਆਂ ਕੁੱਝ ਇਸ ਤਰ੍ਹਾਂ ਕਿਹਾ, “ ਲੀਡਰ ਸਾਹਿਬ, ਸਾਡੀ ਪਾਰਟੀ ਬਣੀ ਨੂੰ 55 ਸਾਲ ਤੋਂ ਉੱਤੇ ਹੋ ਗਏ ਪਰ ਅੱਜ ਤੱਕ ਕਦੇ ਵੀ ਕਾਂਗਰਸ ਪਾਰਟੀ ਨਾਲ ਗੱਠਜੋੜ ਕਰਨ ਦੀ ਨੌਬਤ ਨਹੀਂ ਸੀ ਆਈ।

ਗੱਠਜੋੜ ਤਾਂ ਦੂਰ ਆਪਾਂ ਤਾਂ ਹੁਣ ਤੱਕ ਇੱਕ ਦੂਜੇ ਦੇ ਖ਼ਿਲਾਫ਼ ਹੀ ਚੋਣਾਂ ਲੜਦੇ ਆਏ ਹਾਂ। ਥੋਡੀ ਪਾਰਟੀ ਸਾਨੂੰ ਯਾਨੀ ਨਕਸਲੀਆਂ ਨੂੰ ਦੁਸ਼ਮਣ ਸਮਝਦੀ ਸੀ ਅਤੇ ਅਸੀਂ ਥੋਡੀ ਪਾਰਟੀ ਨੂੰ ਆਪਣੀ ਯਾਨੀ ਕਿਰਤੀ-ਕਾਮਿਆਂ ਦੀ ਦੁਸ਼ਮਣ ਨੰਬਰ ਇੱਕ ਸਮਝਦੇ ਸੀ। ਹੁਣ ਪਿਛਲੇ ਦਸ ਸਾਲਾਂ ਤੋਂ ਸੱਤਾ ’ਤੇ ਕਾਬਜ਼ ਮੋਦੀ ਕੇ ਲਾਣੇ ਨੇ ਦੇਸ਼ ’ਚ ਹਾਲਾਤ ਹੀ ਅਜਿਹੇ ਬਣਾ ਦਿੱਤੇ ਹਨ ਕਿ ਜਮਹੂਰੀਅਤ, ਸੰਵਿਧਾਨ, ਘੱਟਗਿਣਤੀਆਂ ਅਤੇ ਦਲਿਤਾਂ ਦੀ ਰਾਖੀ ਲਈ ਸਾਡੇ ਵਰਗੇ ਲੋਕਾਂ ਨੂੰ ਵੀ ਕਾਂਗਰਸ ਵਰਗੇ ਹਾਕਮ ਜਮਾਤਾਂ ਦੇ ਧੜੇ ਨਾਲ ਹੱਥ ਮਿਲਾਉਣਾ ਪੈ ਰਿਹਾ ਹੈ। ਸੱਚ ਪੁੱਛੋ ਤਾਂ ਕਾਂਗਰਸ ਨੂੰ ਵੋਟਾਂ ਪਾਉਣ/ਪੁਆਉਣ ਨੂੰ ਸਾਡੀ ਵੱਢੀ ਰੂਹ ਨਹੀਂ ਕਰਦੀ ਪਰ ਸਭ ਕੁੱਝ ਕਰਨਾ ਪੈ ਰਿਹਾ ਹੈ। ਮੈਂ ਥੋਨੂੰ ਕਿਵੇਂ ਸਮਝਾਵਾਂ, ਬਸ ਤੁਸੀਂ ਇਉਂ ਸਮਝ ਲਓ ਬਈ ਸਾਡੀ ਹਾਲਤ ‘ਮਰਦੀ ਨੇ ਅੱਕ ਚੱਬਿਆ, ਅੱਖਾਂ ਹਾਰ ਕੇ ਜੇਠ ਨਾਲ ਲਾਈਆਂ’ ਵਾਲੀ ਬਣੀ ਪਈ ਹੈ। ਕਾਮਰੇਡ ਦੀ ਇਹ ਗੱਲ ਸੁਣ ਕੇ ਚੁਫ਼ੇਰੇ ਚੁੱਪ ਪਸਰ ਗਈ।

ਲੀਡਰ ਸਾਹਿਬ ਨੇ ਚੋਣਾਂ ਵੀ ਬਥੇਰੀਆਂ ਲੜੀਆਂ ਹੋਣਗੀਆਂ, ਚੋਣ ਰੈਲੀਆਂ ਵੀ ਬਥੇਰੀਆਂ ਕੀਤੀਆਂ ਹੋਣਗੀਆਂ ਪਰ ਅਜਿਹੀ ਹਾਲਤ ਦਾ ਸਾਹਮਣਾ ਕਦੇ ਨਹੀਂ ਕੀਤਾ ਹੋਣਾ। ਉਸ ਨੂੰ ਸਮਝ ਨਾ ਆਵੇ ਕਿ ਹੁਣ ਬੋਲਣ ਤਾਂ ਕੀ ਬੋਲਣ? ਸਾਹਮਣੇ ਜੁੜੇ ਵਰਕਰਾਂ ਨੂੰ ਅਪੀਲ ਕਰਨ ਤਾਂ ਕਿਵੇਂ ਕਰਨ? ਪਰ ਲੀਡਰ ਸਾਹਿਬ ਭਾਸ਼ਨ ਕਲਾ ਦੇ ਤਾਂ ਮਾਹਿਰ ਸਨ ਹੀ, ਗੋਲੀਆਂ ਵੀ ਉਹ ਕੱਚੀਆਂ ਨਹੀਂ ਸੀ ਖੇਡੇ। ਸੋ ਉਨ੍ਹਾਂ ਹੋਰ ਗੱਲਾਂ ਦੀ ਹਲ਼ਾਈ ਵਗਲਦਿਆਂ ਕਿਹਾ, ‘ਜੁਆਨੋਂ ਗੱਲ ਤਾਂ ਥੋਡੀ ਠੀਕ ਹੈ, ’ਕੱਠੇ ਤਾਂ ਆਪਾਂ ਨੂੰ ਮੋਦੀ ਦੀ ਤਾਨਾਸ਼ਾਹੀ ਨੇ ਹੀ ਕੀਤਾ ਹੈ,ਵਰਨਾ ਕਈਆਂ ਨਾਲ ਸੱਥਰੀ ਤਾਂ ਸਾਡੀ ਵੀ ਨਹੀਂ ਪੈਂਦੀ। ਪਰ ਪਾਉਣੀ ਪੈ ਰਹੀ ਹੈ। ਇਹ ਤਾਂ ਸਿਆਸਤ ਦਾ ਦਸਤੂਰ ਹੈ, ਦੁਸ਼ਮਣ ਦਾ ਦੁਸ਼ਮਣ ਸਾਡਾ ਮਿੱਤਰ। ਇਹ ਦਸਤੂਰ ਅਸੀਂ ਵੀ ਨਿਭਾਅ ਰਹੇ ਹਾਂ, ਤੁਸੀਂ ਵੀ ਨਿਭਾਓ ਭਾਈ।

ਸਾਂਝਾ ਕਰੋ