ਦੇਸ਼ ਲਈ ਵੱਡੀ ਚੁਣੌਤੀ ਹੈ ਵਧਦਾ ਬੁਢਾਪਾ

ਦੁਨੀਆ ਭਰ ’ਚ ਆਬਾਦੀ ਨਾ ਸਿਰਫ਼ ਵਧ ਰਹੀ ਹੈ ਸਗੋਂ ਸਾਲ-ਦਰ-ਸਾਲ ਬਿਰਧ ਵੀ ਹੋ ਰਹੀ ਹੈ। ਬੁਢਾਪਾ ਇਕ ਕੁਦਰਤੀ ਤੇ ਅਟੱਲ ਵਰਤਾਰਾ ਹੈ ਜੋ ਸਿਹਤ-ਸੰਭਾਲ ਸਹੂਲਤਾਂ ’ਚ ਤਰੱਕੀ ਨਾਲ ਆਉਂਦਾ ਹੈ। ਇਹ ਵਿਸ਼ਵ-ਵਿਆਪੀ ਵਰਤਾਰਾ ਆਮ ਤੌਰ ’ਤੇ 60 ਜਾਂ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਆਬਾਦੀ ਦੇ ਅਨੁਪਾਤ ’ਚ ਵਾਧੇ ਨਾਲ ਜੁੜਿਆ ਹੋਇਆ ਹੈ। ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਦੀ ਇੰਡੀਆ ਏਜਿੰਗ ਰਿਪੋਰਟ 2023 ਅਨੁਸਾਰ ਸੰਸਾਰ ਭਰ ਵਿਚ ਸਾਲ 2022 ਦੌਰਾਨ 60 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਵਿਅਕਤੀਆਂ ਦੀ ਕੁੱਲ ਗਿਣਤੀ 110 ਕਰੋੜ ਸੀ ਜੋ ਕਿ ਦੁਨੀਆ ਦੀ ਕੁੱਲ ਆਬਾਦੀ 790 ਕਰੋੜ ਦਾ 13.9 ਫ਼ੀਸਦੀ ਹਨ।

ਅਗਲੇ ਤਿੰਨ ਦਹਾਕਿਆਂ ਦੌਰਾਨ ਭਾਵ 2050 ਤੱਕ ਦੁਨੀਆ ਭਰ ’ਚ ਬਜ਼ੁਰਗਾਂ ਦੀ ਗਿਣਤੀ ਵਧ ਕੇ ਦੁੱਗਣੀ ਹੋਣ ਅਰਥਾਤ 210 ਕਰੋੜ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੋ ਸੰਸਾਰ ਦੀ ਕੁੱਲ ਆਬਾਦੀ ਦਾ 22% ਹਿੱਸਾ ਬਣ ਜਾਵੇਗਾ। ਭਾਵ ਕਿ 2050 ਤੱਕ ਦੁਨੀਆ ਵਿਚ ਹਰ ਪੰਜਵਾਂ ਵਿਅਕਤੀ ਸੀਨੀਅਰ ਸਿਟੀਜ਼ਨ ਹੋਵੇਗਾ। ਬਜ਼ੁਰਗਾਂ ਦੀ ਗਿਣਤੀ ਤੇ ਅਨੁਪਾਤ ਵਿਚ ਵਾਧਾ ਸੰਸਾਰ ਭਰ ਵਿਚ ਹੋ ਰਿਹਾ ਹੈ। ਭਾਰਤ ਇਸ ਵਰਤਾਰੇ ਤੋਂ ਅਲੱਗ ਨਹੀਂ ਹੈ। ਇੱਥੇ ਇਕ ਜੁਲਾਈ 2022 ਤੱਕ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਗਿਣਤੀ 14.9 ਕਰੋੜ ਭਾਵ ਦੇਸ਼ ਦੀ ਕੁੱਲ ਆਬਾਦੀ ਦਾ ਲਗਪਗ 10.5 ਫ਼ੀਸਦੀ ਹਿੱਸਾ ਸੀ ਜਿਨ੍ਹਾਂ ਦੇ ਸਾਲ 2050 ਤੱਕ ਦੁੱਗਣੇ ਹੋ ਕੇ 34.7 ਕਰੋੜ ਅਰਥਾਤ 20.8 ਫ਼ੀਸਦੀ ਹੋਣ ਦੀ ਸੰਭਾਵਨਾ ਹੈ ਜੋ ਅਮਰੀਕਾ ਦੀ ਮੌਜੂਦਾ ਕੁੱਲ ਆਬਾਦੀ ਨਾਲੋਂ ਵੀ ਜ਼ਿਆਦਾ ਹੋਵੇਗਾ। ਅਨੁਮਾਨ ਹੈ ਕਿ 2050 ਤੱਕ ਦੇਸ਼ ਦੀ ਕੁੱਲ ਆਬਾਦੀ ਦਾ 20 ਫ਼ੀਸਦੀ ਤੋਂ ਵੀ ਜ਼ਿਆਦਾ ਹਿੱਸਾ 60 ਸਾਲ ਤੋਂ ਜ਼ਿਆਦਾ ਉਮਰ ਦਾ ਹੋਵੇਗਾ ਤੇ ਸਦੀ ਦੇ ਅੰਤ ਤੱਕ ਬਜ਼ੁਰਗ ਦੇਸ਼ ਦੀ ਕੁੱਲ ਆਬਾਦੀ ਦਾ ਇਕ ਤਿਹਾਈ ਭਾਵ 36 ਫ਼ੀਸਦੀ ਤੋਂ ਵੱਧ ਹਿੱਸਾ ਬਣ ਜਾਣਗੇ।

ਬਜ਼ੁਰਗ ਆਬਾਦੀ ਵਿਚ ਇਹ ਤਿੱਖਾ ਵਾਧਾ 2010 ਤੋਂ ਬਾਅਦ ਘੱਟ ਉਮਰ (15 ਸਾਲ ਤੋਂ ਘੱਟ) ਦੇ ਸਮੂਹ ’ਚ ਗਿਰਾਵਟ ਕਾਰਨ ਆ ਰਿਹਾ ਹੈ ਜੋ ਭਾਰਤ ’ਚ ਜਨਸੰਖਿਆ ਤਬਦੀਲੀ ਦੀ ਤੇਜ਼ ਰਫ਼ਤਾਰ ਨੂੰ ਦਰਸਾਉਂਦਾ ਹੈ। ਸੰਨ 2050 ਤੋਂ ਸਿਰਫ਼ ਚਾਰ ਸਾਲ ਪਹਿਲਾਂ ਭਾਰਤ ਵਿਚ ਬਜ਼ੁਰਗਾਂ ਦੀ ਗਿਣਤੀ 0-14 ਸਾਲ ਦੀ ਉਮਰ ਦੇ ਬੱਚਿਆਂ ਨਾਲੋਂ ਵੀ ਵਧ ਜਾਵੇਗੀ। ਉਸ ਸਮੇਂ ਤੱਕ 15-59 ਸਾਲ ਵਾਲੀ ਕੰਮਕਾਜੀ ਆਬਾਦੀ ਦਾ ਹਿੱਸਾ ਵੀ ਘਟ ਜਾਵੇਗਾ। ਸਿੱਟੇ ਵਜੋਂ ਭਾਰਤ ਜੋ ਅੱਜ ਮੁਕਾਬਲਤਨ ਨੌਜਵਾਨ ਹੈ, ਆਉਣ ਵਾਲੇ ਦਹਾਕਿਆਂ ’ਚ ਤੇਜ਼ੀ ਨਾਲ ਬਿਰਧ ਸਮਾਜ ’ਚ ਬਦਲ ਜਾਵੇਗਾ।

ਰਿਪੋਰਟ ਮੁਤਾਬਕ ਜ਼ਿਆਦਾਤਰ ਦੱਖਣੀ ਰਾਜਾਂ ਜਿਵੇਂ ਕੇਰਲਾ, ਤਾਮਿਲਨਾਡੂ, ਆਂਧਰ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਰਗੇ ਚੋਣਵੇਂ ਉੱਤਰੀ ਭਾਰਤੀ ਰਾਜਾਂ ਨੇ 2021 ’ਚ ਰਾਸ਼ਟਰੀ ਔਸਤ ਨਾਲੋਂ ਬਿਰਧ ਆਬਾਦੀ ਦਾ ਉੱਚ ਅਨੁਪਾਤ ਦਰਜ ਕੀਤਾ ਹੈ। ਇਹ ਰੁਝਾਨ ਸਾਲ 2036 ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਜਦਕਿ ਉੱਚ ਜਣਨ ਦਰ ਰਿਪੋਰਟ ਕਰਨ ਤੇ ਜਨਸੰਖਿਆ ਪਰਿਵਰਤਨ ’ਚ ਪੱਛੜਨ ਵਾਲੇ ਬਿਹਾਰ ਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ’ਚ 2021 ਤੋਂ 2036 ਵਿਚਾਲੇ ਬਿਰਧ ਆਬਾਦੀ ਦੇ ਹਿੱਸੇ ਵਿਚ ਵਾਧਾ ਤਾਂ ਹੋਵੇਗਾ ਪਰ ਇਸ ਦਾ ਪੱਧਰ ਦੇਸ਼ ਦੀ ਰਾਸ਼ਟਰੀ ਔਸਤ ਨਾਲੋਂ ਘੱਟ ਹੀ ਰਹਿਣ ਦੀ ਸੰਭਾਵਨਾ ਹੈ।

ਬੁਢਾਪਾ ਨਿਰਭਰਤਾ ਅਨੁਪਾਤ 15-59 ਸਾਲ ਵਾਲੀ ਉਮਰ ਦੇ ਕੰਮਕਾਜੀ ਪ੍ਰਤੀ 100 ਵਿਅਕਤੀਆਂ ਵਿਚ (60+ ਸਾਲ ਦੇ) ਬਿਰਧ ਵਿਅਕਤੀਆਂ ਦੀ ਸੰਖਿਆ ਨੂੰ ਦਰਸਾਉਂਦਾ ਹੈ। ਇਹ ਅਨੁਪਾਤ ਜਿੰਨਾ ਉੱਚਾ ਹੋਵੇਗਾ, ਸਬੰਧਤ ਬੁਢਾਪਾ-ਨਿਰਭਰਤਾ ਓਨੀ ਹੀ ਜ਼ਿਆਦਾ ਹੋਵੇਗੀ ਜੋ ਬਿਰਧ ਵਿਅਕਤੀਆਂ ਦੀ ਦੇਖਭਾਲ ਤੇ ਪਰਿਵਾਰ ਤੋਂ ਸਮਾਜਿਕ-ਵਿੱਤੀ ਲੋੜਾਂ ਦੀ ਪੂਰਤੀ ਵਾਸਤੇ ਮੰਗ ਦਾ ਉੱਚਾ ਪੱਧਰ ਦਰਸਾਉਂਦੀ ਹੈ। ਆਬਾਦੀ ਦੇ ਅਨੁਮਾਨਾਂ ਮੁਤਾਬਕ ਸਾਲ 2021 ਦੌਰਾਨ ਭਾਰਤ ’ਚ ਕੰਮਕਾਜੀ ਉਮਰ ਦੇ ਹਰ 100 ਵਿਅਕਤੀਆਂ ਪਿੱਛੇ 16 ਬਜ਼ੁਰਗ ਸਨ। ਰਿਪੋਰਟ ਅਨੁਸਾਰ ਦੇਸ਼ ਦੇ ਦੱਖਣੀ ਰਾਜਾਂ ਆਂਧਰ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲਾ ਤੇ ਤਾਮਿਲਨਾਡੂ ’ਚ ਬੁਢਾਪਾ ਨਿਰਭਰਤਾ ਅਨੁਪਾਤ (ਰਾਸ਼ਟਰੀ ਔਸਤ 16 ਨਾਲੋਂ ਵੀ ਵੱਧ) 20 ਦੇ ਆਸ-ਪਾਸ ਤੇ ਗੁਜਰਾਤ ਤੇ ਮਹਾਰਾਸ਼ਟਰ ’ਚ 17 ਸੀ ਜਦਕਿ ਕੇਂਦਰ ਸ਼ਾਸਿਤ ਖੇਤਰਾਂ ਤੇ ਉੱਤਰੀ-ਪੂਰਬੀ ਰਾਜਾਂ ਵਿਚ ਬੁਢਾਪਾ ਨਿਰਭਰਤਾ ਅਨੁਪਾਤ (13) ਘੱਟ ਸੀ।

ਸੱਠ ਸਾਲ ਉਮਰ ’ਤੇ ਜੀਵਨ ਸੰਭਾਵਨਾ ਕਿਸੇ ਖ਼ਾਸ ਦੇਸ਼ ਜਾਂ ਰਾਜ ’ਚ ਲਿੰਗ ਤੇ ਉਮਰ ਆਧਾਰਤ ਵਿਸ਼ੇਸ਼ ਮਿ੍ਰਤੂ ਦਰਾਂ ਅਨੁਸਾਰ ਤਿਆਰ ਕੀਤੀ ਗਈ ਜੀਵਨ ਸਾਰਨੀ ਦੇ ਆਧਾਰ ’ਤੇ ਦਰਸਾਉਂਦੀ ਹੈ ਕਿ 60 ਸਾਲ ਦੀ ਉਮਰ ਦਾ ਇਕ ਵਿਅਕਤੀ ਔਸਤਨ ਹੋਰ ਕਿੰਨਾ ਜਿਊਣ ਦੀ ਆਸ ਰੱਖ ਸਕਦਾ ਹੈ। ਭਾਰਤ ’ਚ 2015-19 ਲਈ ਨਵੀਨਤਮ ਜੀਵਨ ਸਾਰਨੀ ਰਜਿਸਟਰਾਰ ਜਨਰਲ ਤੇ ਜਨਗਣਨਾ ਕਮਿਸ਼ਨਰ ਦੇ ਦਫ਼ਤਰ ਦੁਆਰਾ ਉਪਲਬਧ ਹੈ। ਉਸ ਅਨੁਸਾਰ 60 ਸਾਲ ਦੀ ਉਮਰ ’ਚ ਭਾਰਤ ਵਿਚ ਸਮੁੱਚੇ ਜੀਵਨ ਦੀ ਔਸਤ ਸੰਭਾਵਨਾ 18.3 ਸਾਲ ਹੈ। ਔਰਤਾਂ ਦੀ ਔਸਤ ਉਮਰ ਸੰਭਾਵਨਾ 19 ਸਾਲ ਤੇ ਪੁਰਸ਼ਾਂ ਦੀ 17.5 ਸਾਲ ਹੈ, ਭਾਵ ਬਿਰਧ ਔਰਤਾਂ ਦੀ ਜੀਵਨ ਸੰਭਾਵਨਾ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ। ਇਸ ਉਮਰ ’ਚ ਬਜ਼ੁਰਗ ਔਰਤਾਂ ਦਾ ਪੁਰਸ਼ਾਂ ਦੇ ਮੁਕਾਬਲੇ ਵਾਧੂ ਜੀਵਨ ਸਾਲ ਜਿਊਣਾ ‘ਬੁਢਾਪੇ ਦਾ ਨਾਰੀਕਰਨ’ ਅਖਵਾਉਂਦਾ ਹੈ। ਅਜਿਹਾ ਰਾਜਸਥਾਨ, ਹਰਿਆਣਾ, ਗੁਜਰਾਤ, ਉੱਤਰਾਖੰਡ, ਕੇਰਲਾ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ’ਚ ਦੇਖਿਆ ਗਿਆ ਹੈ ਜਿੱਥੇ 60 ਸਾਲ ਦੀ ਉਮਰ ਦੀਆਂ ਔਰਤਾਂ ਦੀ ਜੀਵਨ ਸੰਭਾਵਨਾ 20 ਸਾਲ ਤੋਂ ਵੀ ਵੱਧ ਪਾਈ ਗਈ ਹੈ।

ਪਹਿਲੀ, ਨਾਰੀਕਰਨ, ਭਾਵ ਮਰਦਾਂ ਦੇ ਮੁਕਾਬਲੇ ਜ਼ਿਆਦਾ ਲੰਬੇ ਸਮਾਂ ਜਿਊਣ ਵਾਲੀਆਂ ਔਰਤਾਂ ਨੂੰ ਦਰਪੇਸ਼ ਚੁਣੌਤੀਆਂ ਜੋ ਬੁਢਾਪੇ ’ਚ ਵਧੇਰੇ ਤੀਬਰ ਹੋ ਜਾਂਦੀਆਂ ਹਨ। ਜਿਵੇਂ ਕਿ ਬਿਰਧ ਔਰਤਾਂ ਦੇ ਵਿਧਵਾ ਹੋਣ, ਇਕੱਲੇ ਰਹਿਣ, ਕਿਸੇ ਆਮਦਨ ਤੋਂ ਬਿਨਾਂ, ਆਪਣੀ ਘੱਟ ਜਾਇਦਾਦ ਹੋਣ ਜਾਂ ਸਹਾਇਤਾ ਲਈ ਪਰਿਵਾਰ ’ਤੇ ਪੂਰੀ ਤਰ੍ਹਾਂ ਨਿਰਭਰ ਹੋਣ ਆਦਿ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਨਾਲ ਸਭ ਤੋਂ ਬਿਰਧ ਔਰਤਾਂ ਦੀ ਸਹਾਇਤਾ ਤੇ ਦੇਖਭਾਲ ਵਾਸਤੇ ਵਾਧੂ ਸਾਧਨਾਂ ਦੀ ਲੋੜ ਹੋਵੇਗੀ।

ਦੂਸਰੀ, ਦੇਸ਼ ਦੀ 71 ਫ਼ੀਸਦੀ ਬਿਰਧ ਆਬਾਦੀ ਪੇਂਡੂ ਖੇਤਰਾਂ ’ਚ ਰਹਿੰਦੀ ਹੋਣ ਕਰਕੇ ਦੇਸ਼ ਨੂੰ ਪੇਂਡੂਕਰਨ ਦੀ ਚੁਣੌਤੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹਾਲਾਂਕਿ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਪੰਜਾਬ, ਹਰਿਆਣਾ ਤੇ ਉੱਤਰ-ਪੂਰਬੀ ਰਾਜਾਂ ’ਚ ਬਿਰਧ ਵਿਅਕਤੀਆਂ ਦੀ ਹਿੱਸੇਦਾਰੀ 78 ਤੋਂ 80 ਫ਼ੀਸਦੀ ਤੱਕ ਹੈ। ਦੇਸ਼ ਦੇ ਜ਼ਿਆਦਾਤਰ ਪੇਂਡੂ ਖੇਤਰਾਂ ’ਚ ਅਕਸਰ ਉੱਚਿਤ ਸੜਕਾਂ ਤੇ ਆਵਾਜਾਈ ਸਾਧਨਾਂ ਦੀ ਪਹੁੰਚ ਘੱਟ ਹੋਣ ਨਾਲ ਆਮਦਨੀ ਦੀ ਘਾਟ ਤੇ ਪਹੁੰਚ ਦੀ ਸਮੱਸਿਆ ਵਧ ਜਾਂਦੀ ਹੈ। ਸੰਨ 2011 ’ਚ ਭਾਰਤ ਦੇ ਦੱਖਣੀ ਤੇ ਪੱਛਮੀ ਰਾਜਾਂ ’ਚ ਪੇਂਡੂ ਆਬਾਦੀ ਦੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਿਰਧ ਵਿਅਕਤੀਆਂ ਦੀ ਹਿੱਸੇਦਾਰੀ 10 ਫ਼ੀਸਦੀ ਤੋਂ ਵੱਧ ਸੀ। ਪੇਂਡੂ-ਸ਼ਹਿਰੀ ਅੰਤਰ ਵੀ ਦਰਸਾਉਂਦੇ ਹਨ ਕਿ ਪੇਂਡੂ ਖੇਤਰਾਂ ’ਚ ਬਜ਼ੁਰਗਾਂ ਦੀ ਉਮਰ ਵਧੇਰੇ ਹੈ। ਸੰਨ 2011 ’ਚ ਪੇਂਡੂ ਆਬਾਦੀ ਦਾ 10 ਫ਼ੀਸਦੀ ਹਿੱਸਾ 60 ਸਾਲ ਤੋਂ ਵੱਧ ਦਾ ਸੀ।

ਤੀਸਰੀ ਤੇ ਆਖ਼ਰੀ ਚੁਣੌਤੀ ਇਹ ਹੋਵੇਗੀ ਕਿ ਭਾਰਤ ’ਚ ਬਿਰਧ ਲੋਕਾਂ ਦੀ ਆਬਾਦੀ ਹਾਲੀਆ ਸਾਲਾਂ ’ਚ ਕਾਫ਼ੀ ਤੇਜ਼ੀ ਨਾਲ ਵਧੀ ਹੈ। ਸੰਨ 2000-2022 ਦੌਰਾਨ ਦੇਸ਼ ਦੀ ਕੁੱਲ ਆਬਾਦੀ ਵਿਚ 34 ਫ਼ੀਸਦੀ ਦਾ ਵਾਧਾ ਹੋਇਆ ਜਦੋਂਕਿ 60+ ਦੀ ਆਬਾਦੀ ਵਿਚ 103 ਫ਼ੀਸਦੀ ਅਤੇ 80+ ਦੀ ਉਮਰ ਵਾਲੇ ਬਜ਼ੁਰਗਾਂ ਦੀ ਆਬਾਦੀ 128 ਫ਼ੀਸਦੀ ਦੀ ਤੇਜ਼ ਦਰ ਨਾਲ ਵਧੀ ਹੈ। ਅਨੁਮਾਨ ਦਰਸਾਉਂਦੇ ਹਨ ਕਿ 2022 ਤੋਂ 2050 ਤੱਕ ਭਾਰਤ ਦੀ ਸਮੁੱਚੀ ਆਬਾਦੀ ਸਿਰਫ 18 ਫ਼ੀਸਦੀ ਵਧੇਗੀ, ਜਦਕਿ ਬਜ਼ੁਰਗਾਂ ਦੀ ਆਬਾਦੀ ’ਚ 134% ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਖ਼ਾਸ ਤੌਰ ’ਤੇ 80+ ਉਮਰ ਦੇ ਵਿਅਕਤੀਆਂ, ਵਿਧਵਾਵਾਂ ਤੇ ਬਹੁਤ ਜ਼ਿਆਦਾ ਨਿਰਭਰ ਬਜ਼ੁਰਗ ਔਰਤਾਂ ਦੀ ਆਬਾਦੀ ਪ੍ਰਮੁੱਖਤਾ ਨਾਲ 279 ਫ਼ੀਸਦੀ ਵਧੇਗੀ। ਬਜ਼ੁਰਗ ਔਰਤਾਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ।

ਇਸ ਲਈ ਇਨ੍ਹਾਂ ਬਜ਼ੁਰਗਾਂ ਖ਼ਾਸ ਕਰਕੇ ਬਿਰਧ ਔਰਤਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਪੂਰਾ ਕਰਨ ਲਈ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਤਿਆਰ ਤੇ ਲਾਗੂ ਕਰਨਾ ਸਮੇਂ ਦੀ ਲੋੜ ਹੈ। ਬਜ਼ੁਰਗਾਂ ਵਾਸਤੇ ਸਮਾਜਿਕ ਸੁਰੱਖਿਆ ਦੀ ਵਿਵਸਥਾ ਤੇ ਆਮਦਨ ਪੈਦਾ ਕਰਨ ਦੇ ਮੌਕੇ ਉਪਲਬਧ ਕਰਵਾਉਣ ਹਿੱਤ ਵੀ ਨੀਤੀ ਦੀ ਵਿਵਸਥਾ ਕਰਨੀ ਜ਼ਰੂਰੀ ਹੈ। ਭਾਰਤ, ਇਸ ਸਮੱਸਿਆ ਦੇ ਹੱਲ ਲਈ ਜਾਪਾਨ, ਦੱਖਣੀ ਕੋਰੀਆ ਤੇ ਸਿੰਗਾਪੁਰ ਵਰਗੇ ਦੇਸ਼ਾਂ ਦੇ ਸਭ ਤੋਂ ਵਧੀਆ ਅਭਿਆਸਾਂ ਤੇ ਤਜਰਬਿਆਂ ਤੋਂ ਵੀ ਸਿੱਖਿਆ ਲੈ ਸਕਦਾ ਹੈ।

ਸਾਂਝਾ ਕਰੋ

ਪੜ੍ਹੋ

ਸ਼ਿੰਦੇ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਮਹਾਰਾਸ਼ਟਰ, 26 ਨਵੰਬਰ – ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਏਕਨਾਥ...