ਅੱਸੀਵਿਆਂ ’ਚ ਮੈਂ ਦਸਵੀਂ ਪਾਸ ਕਰਨ ਉਪਰੰਤ ਸ਼ਹਿਰ ’ਚ ਸਟੈਨੋਟਾਈਪਿਸਟ ਦਾ ਕੋਰਸ ਕਰਨ ਲੱਗ ਪਿਆ। ਮੇਰੀ ਦਿਲੀ ਰੀਝ ਸੀ ਕਿ ਇਹ ਕੋਰਸ ਕਰਨ ਉਪਰੰਤ ਮੈਨੂੰ ਕਿਸੇ ਸਰਕਾਰੀ ਮਹਿਕਮੇ ਵਿਚ ਕੋਈ ਕਲਰਕ/ਸਟੈਨੋ ਦੀ ਨੌਕਰੀ ਮਿਲ ਜਾਵੇਗੀ। ਮੈਂ ਹਰ ਰੋਜ਼ ਘਰੋਂ ਸਵੇਰੇ ਅੱਠ ਵਜੇ ਨਾਸ਼ਤਾ ਕਰ ਕੇ ਸਾਈਕਲ ’ਤੇ ਸਵਾਰ ਹੋ ਸ਼ਹਿਰ ਪਹੁੰਚ ਜਾਂਦਾ ਤੇ ਨੌਂ ਤੋਂ ਗਿਆਰਾਂ ਵਜੇ ਤੱਕ ਸਟੈਨੋਟਾਈਪਿਸਟ ਦੀ ਕਲਾਸ ਲਾਉਣੀ। ਮੇਰੀ ਜੇਬ ’ਚ ਪੈਸੇ ਸਿਰਫ਼ ਲੋੜ ਜੋਗੇ ਹੀ ਹੁੰਦੇ ਸਨ। ਜੇਬ ਖ਼ਰਚ ਲਈ ਮਿਲੇ ਉਨ੍ਹਾਂ ਪੈਸਿਆਂ ਨੂੰ ਮੈਂ ਸਾਂਭ-ਸਾਂਭ ਰੱਖਣਾ ਕਿ ਕਿਤੇ ਫ਼ਜ਼ੂਲ ਨਾ ਖ਼ਰਚੇ ਜਾਣ। ਇਕ ਦਿਨ ਗਰਮੀ ਜ਼ਿਆਦਾ ਹੋਣ ਕਾਰਨ ਮੇਰੀ ਤਬੀਅਤ ਕੁਝ ਢਿੱਲੀ ਹੋ ਗਈ। ਮੈਂ ਪ੍ਰਾਈਵੇਟ ਹਸਪਤਾਲ ਵਿਚ ਦਵਾਈ ਲੈਣ ਚਲਾ ਗਿਆ ਤਾਂ ਉੱਥੇ ਦੇਖਿਆ ਕਿ ਮੇਰਾ ਇਕ ਵਾਕਫ ਮੁੰਡਾ ਹਸਪਤਾਲ ਵਿਚ ਬਤੌਰ ਕੰਪਾਊਡਰ ਕੰਮ ’ਤੇ ਲੱਗਾ ਹੋਇਆ ਸੀ। ਉਸ ਨੇ ਮੈਨੂੰ ਦਵਾਈ ਦਿੰਦਿਆਂ ਪੁੱਛਿਆ, ‘‘ਏਨੀ ਗਰਮੀ ਵਿਚ ਸ਼ਹਿਰ ਕੋਈ ਖ਼ਾਸ ਕੰਮ ਆਇਆ ਸੀ?’’ ਮੈਂ ਕਿਹਾ, ‘‘ਨਹੀਂ, ਮੈ ਤਾਂ ਇੱਥੇ ਸਟੈਨੋਟਾਈਪਿਸਟ ਦਾ ਕੋਰਸ ਕਰਨ ਲਈ ਹਰ ਰੋਜ਼ ਆਉਂਦਾ ਹਾਂ।
ਮੈਨੂੰ ਉਸ ਨੇ ਕੁਝ ਸਮਾਂ ਇਕ ਖ਼ਾਲੀ ਪਏ ਬੈੱਡ ’ਤੇ ਲੇਟ ਕੇ ਆਰਾਮ ਕਰਨ ਲਈ ਕਿਹਾ ਤੇ ਉਹ ਆਪ ਬਾਕੀ ਮਰੀਜ਼ਾਂ ਨੂੰ ਦੇਖਣ ਵਿਚ ਰੁੱਝ ਗਿਆ। ਮੈਂ ਦਵਾਈ ਲੈ ਕੇ ਬੈੱਡ ’ਤੇ ਲੇਟ ਗਿਆ। ਮੇਰੀ ਬੈੱਡ ’ਤੇ ਪੈਣ ਸਾਰ ਹੀ ਅੱਖ ਲੱਗ ਗਈ। ਤਕਰੀਬਨ ਚਾਰ ਵਜੇ ਤੱਕ ਮੈਂ ਆਰਾਮ ਫਰਮਾਇਆ। ਏਨੇ ਨੂੰ ਉਹ ਜਾਣੂ ਕੰਪਾਊਡਰ ਮੇਰੇ ਲਈ ਨਿੰਬੂ ਪਾਣੀ ਲੈ ਆਇਆ ਤੇ ਨਾਲੇ ਉਹਨੇ ਮੇਰੀ ਤਬੀਅਤ ਬਾਰੇ ਪੁੱਛਿਆ। ‘‘ਮੈਂ ਆਰਾਮ ਕਰਨ ਤੇ ਦਵਾਈ ਦੇ ਅਸਰ ਕਾਰਨ ਨੌਂ ਬਰ ਨੌਂ ਹਾਂ ਵੀਰ ਜੀ।’’ ਧੰਨਵਾਦ ਕਰਦਿਆਂ ਮੈਂ ਉਸ ਨੂੰ ਦਵਾਈ ਦੇ ਪੈਸੇ ਪੁੱਛੇ। ‘‘ਓਹ ਛੱਡੋ ਜੀ, ਆਪਣਿਆਂ ਕੋਲੋਂ ਥੋੜ੍ਹੀ ਲਈਦੇ ਨੇ ਪੈਸੇ-ਪੂਸੇ’’ ਉਸ ਨੇ ਅਪਣੱਤ ਨਾਲ ਕਿਹਾ। ਉਸ ਦਾ ਧੰਨਵਾਦ ਕਰ ਕੇ ਮੈਂ ਪਿੰਡ ਨੂੰ ਚਾਲੇ ਪਾ ਦਿੱਤੇ। ਬੇਬੇ ਨੇ ਲੇਟ ਹੋਣ ਦਾ ਕਾਰਨ ਪੁੱਛਿਆ ਤਾਂ ਮੈਂ ਦੱਸ ਦਿੱਤਾ ਸਭ ਕੁਝ। “ਲੈ ਪੁੱਤ ਫਿਰ ਘੜੀ-ਬਿੰਦ ਓਹਦੇ ਕੋਲ ਜਾ ਕੇ ਦੁਪਹਿਰ ਨੂੰ ਆਰਾਮ ਕਰ ਲਿਆ ਕਰ।’’ ਬੇਬੇ ਨੇ ਓਹਨੂੰ ਅਸੀਸ ਦਿੰਦਿਆਂ ਮੈਨੂੰ ਸਲਾਹ ਦਿੱਤੀ।
ਮੈਂ ਕਦੇ-ਕਦਾਈਂ ਉਹਦੇ ਕੋਲ ਹਸਪਤਾਲ ’ਚ ਜਾ ਵੜਦਾ। ਇਕ ਦਿਨ ਉਹ ਮੁੰਡਾ ਮੈਨੂੰ ਕਹਿੰਦਾ, ‘‘ਇੱਥੋਂ ਪਿੰਡ ਜਾ ਕੇ ਤੂੰ ਕਰਦਾ ਕੀ ਹੁੰਦਾ ਹੈ?’’ ਬਸ ਜਾ ਕੇ ਡੰਗਰ ਵੱਛਾ ਸਾਂਭੀਦਾ ਹੈ। ਬਾਕੀ ਅਗਲੀ ਜਮਾਤ ਦੀ ਪੜ੍ਹਾਈ ਕਰਦਾ ਹਾਂ। ਮੈਂ ਆਪਣੀ ਸੰਖੇਪ ਜਿਹੀ ਸਮਾਂ ਸਾਰਨੀ ਉਸ ਨੂੰ ਦੱਸੀ। ਤੈਨੂੰ ਡਾਕਟਰ ਨਾ ਬਣਾ ਦਿਆਂ। ‘‘ਹੈਂ ਡਾਕਟਰ’’ ਮੈਂ ਉਸ ਦੇ ਬੋਲ ਸੁਣ ਕੇ ਹੈਰਾਨੀ ਅਤੇ ਪਰੇਸ਼ਾਨੀ ਵਿਚ ਪੁੱਛਿਆ? ਉਸ ਨੇ ਕਿਹਾ ਕਿ ਹਸਪਤਾਲ ’ਚ ਕੰਪਾਊਡਰ ਦੀ ਲੋੜ ਹੈ। ਜੇ ਕਹੇਂ ਤਾਂ ਕਰਾਂ ਮੈਂ ਵੱਡੇ ਡਾਕਟਰ ਸਾਹਿਬ ਨਾਲ ਤੇਰੇ ਬਾਰੇ ਗੱਲ। ਮੈਂ ਇਕ ਸ਼ਰਤ ’ਤੇ ਹਾਂ ਕਰ ਦਿੱਤੀ ਕਿ ਸਟੈਨੋਟਾਈਪਿਸਟ ਦੀ ਕਲਾਸ ਨਹੀਂ ਛੱਡਣੀ। ਪਹਿਲਾਂ ਕਲਾਸ, ਉਸ ਤੋਂ ਬਾਅਦ ਹਸਪਤਾਲ ’ਚ ਨੌਕਰੀ ਠੀਕ ਰਹੇਗੀ। ਉਹ ਕਹਿੰਦਾ “ਚੱਲ ਤੂੰ ਕਲਾਸ ਲਾ ਕੇ ਆ ਜਾਇਆ ਕਰੀਂ।’’ ਅਗਲੇ ਦਿਨ ਹੀ ਉਸ ਨੇ ਮੇਰੀ ਵੱਡੇ ਡਾਕਟਰ ਸਾਹਿਬ ਨਾਲ ਇੰਟਰਵਿਊ ਵਰਗੀ ਮੁਲਾਕਾਤ ਕਰਵਾ ਕੇ ਆਪਣਾ ਖ਼ਾਸ ਹੋਣ ਦੀ ਮੇਰੇ ਬਾਰੇ ਹਾਮੀ ਵੀ ਭਰ ਦਿੱਤੀ।
ਡਾਕਟਰ ਸਾਹਿਬ ਨੇ ਮੇਰਾ ਨਾਂ, ਪਿੰਡ, ਪਤਾ ਤੇ ਮੇਰੇ ਬਾਰੇ ਹੋਰ ਜਾਣਕਾਰੀ ਪੁੱਛਦਿਆਂ ਹਾਂ ਕਰ ਦਿੱਤੀ ਤੇ ਸਟੈਨੋਟਾਈਪਿਸਟ ਦਾ ਕੰਮ ਸਿੱਖਣ ਲਈ ਸ਼ਾਬਾਸ਼ ਵੀ ਦਿੱਤੀ। ਦੂਜੇ ਦਿਨ ਮੈਂ ਆਪਣੀ ਕਲਾਸ ਲਾ ਕੇ ਉਸ ਹਸਪਤਾਲ ਵਿਚ ਜਾ ਹਾਜ਼ਰ ਹੋਇਆ। ਡਾਕਟਰ ਦਾ ਕਲੀਨਿਕ ਸੱਜੇ ਪਾਸੇ ਸੀ ਜਿੱਥੇ ਬੈਠ ਕੇ ਉਹ ਮਰੀਜ਼ ਦੇਖਦਾ ਸੀ। ਖੱਬੇ-ਪਾਸੇ ਕਾਫ਼ੀ ਕਮਰੇ ਸਨ ਜਿੱਥੇ ਮਰੀਜ਼ ਦਾਖ਼ਲ ਕੀਤੇ ਜਾਂਦੇ ਸਨ। ਅਕਸਰ ਮਰੀਜ਼ਾਂ ਦੀ ਖ਼ਬਰ-ਸਾਰ ਲੈਣ ਆਇਆਂ ਦਾ ਤਾਂਤਾ ਲੱਗਾ ਰਹਿਣਾ। ਕਈ ਮਰੀਜ਼ ਤਾਂ ਦਵਾਈ ਲੈ ਕੇ ਚਲੇ ਜਾਂਦੇ। ਉਸ ਡਾਕਟਰ ਦੀ ਸ਼ਹਿਰ ਤੋਂ ਇਲਾਵਾ ਪਿੰਡਾਂ ਵਿਚ ਵੀ ਕਾਫ਼ੀ ਪਹੁੰਚ ਸੀ। ਬਹੁਤ ਸਾਰਿਆਂ ਦਾ ਉਹ ਫੈਮਿਲੀ ਡਾਕਟਰ ਵੀ ਸੀ। ਉਸ ਦਾ ਮਰੀਜ਼ਾਂ ਨਾਲ ਵਿਵਹਾਰ ਕਰਨ ਦਾ ਢੰਗ ਬਾਕਮਾਲ ਸੀ। ਡਾਕਟਰ ਦਾ ਮਖੌਲੀਆ ਮਰੀਜ਼ ਨੂੰ ਰਾਜ਼ੀ ਕਰਨ ਵਿਚ ਬੜਾ ਸਹਾਈ ਹੁੰਦਾ ਸੀ। ਲੋਕਾਂ ਨੂੰ ਉਸ ਉੱਪਰ ਬਹੁਤ ਵਿਸ਼ਵਾਸ ਸੀ। ਏਸੇ ਕਰਕੇ ਉੱਥੇ ਵੱਧ ਮਰੀਜ਼ ਇਲਾਜ ਕਰਵਾਉਣ ਲਈ ਆਉਂਦੇ ਸਨ। ਮੈਂ ਡਾਕਟਰ ਦੇ ਸੁਭਾਅ ਤੋਂ ਬਹੁਤ ਪ੍ਰਭਾਵਿਤ ਹੋਇਆ। ਥੋੜੇ੍ਹ ਹੀ ਦਿਨਾਂ ਵਿਚ ਮੈਂ ਡਾਕਟਰ ਤੇ ਬਾਕੀ ਦੇ ਸਟਾਫ ਨਾਲ ਇਸ ਤਰ੍ਹਾਂ ਘੁਲ-ਮਿਲ ਗਿਆ ਜਿਵੇਂ ਮੈਂ ਚਿਰਾਂ ਤੋਂ ਉੱਥੇ ਕੰਮ ਕਰ ਰਿਹਾ ਹੋਵਾਂ। ਮੇਰਾ ਵਿਹਲਾ ਸਮਾਂ ਸਾਂਭਿਆ ਜਾਣ ਲੱਗਾ।
ਮੇਰਾ ਉੱਥੇ ਜੀਅ ਲੱਗਣ ਲੱਗ ਪਿਆ ਸੀ। ਦੁਪਹਿਰ ਦਾ ਖਾਣਾ ਜੋ ਦੋ-ਤਿੰਨ ਜਣਿਆਂ ਲਈ ਡਾਕਟਰ ਸਾਹਿਬ ਦੇ ਘਰ ਹੀ ਬਣਦਾ ਸੀ, ਮੈਂ ਵੀ ਨਾਲਦਿਆਂ ਨਾਲ ਹੀ ਖਾ ਲੈਣਾ। ਡਾਕਟਰ ਸਾਹਿਬ ਦੀ ਰਿਹਾਇਸ਼ ਹਸਪਤਾਲ ਦੇ ਉੱਪਰ ਸੀ। ਉਸ ਸਮੇਂ ਡਿਸਪੋਜ਼ਲ ਦਾ ਰਿਵਾਜ ਨਹੀਂ ਸੀ। ਕੱਚ ਦੀਆਂ ਸਿਰੰਜਾਂ ਤੇ ਸੂਈਆਂ ਨੂੰ ਗਰਮ ਪਾਣੀ ਵਿਚ ਉਬਾਲ ਕੇ ਹੀ ਦੁਬਾਰਾ ਵਰਤਿਆ ਜਾਂਦਾ ਸੀ, ਇਹ ਕੰਮ ਮੇਰੀ ਡਿਊਟੀ ਵਿਚ ਸ਼ਾਮਲ ਹੋ ਗਿਆ ਸੀ। ਜਦੋਂ ਕਿਸੇ ਨੇ ਰਾਤ ਦੀ ਛੁੱਟੀ ਕਰਨੀ ਤਾਂ ਉਸ ਦਿਨ ਮੇਰੀ ਡਿਊਟੀ ਰਾਤ ਦੀ ਲੱਗ ਜਾਣੀ। ਇਸ ਤਰ੍ਹਾਂ ਪਿੰਡ ਜਾਣ ਅਤੇ ਸਾਈਕਲ ਚਲਾਉਣ ਤੋਂ ਮੈਨੂੰ ਰਾਹਤ ਮਿਲ ਜਾਂਦੀ ਸੀ। ਮੇਰੀ ਪੱਟੀਆਂ ਕਰਨ, ਟੀਕੇ-ਟਾਂਕੇ ਲਾਉਣ ਦੀ ਝਿਜਕ ਦੂਰ ਹੋ ਰਹੀ ਸੀ।
ਮੈਨੂੰ ਉਨ੍ਹਾਂ ਦਾ ਸਹਿਯੋਗੀ ਬਣਨਾ ਚੰਗਾ ਲੱਗਦਾ। ਜਦੋਂ ਕਿਸੇ ਮਰੀਜ਼ ਨੂੰ ਮੈਥੋਂ ਦਵਾਈ ਲੈਣ ਨਾਲ ਆਰਾਮ ਮਿਲਣਾ ਤਾਂ ਮੇਰੇ ਮਨ ਨੂੰ ਬਹੁਤ ਸਕੂਨ ਮਿਲਦਾ ਤੇ ਮੇਰੇ ਅੰਦਰ ਸੇਵਾ-ਭਾਵਨਾ ਹੋਰ ਜਾਗਦੀ। ਉਸ ਹਸਪਤਾਲ ਵਿਚ ਮੇਰੀ ਛੇ ਮਹੀਨੇ ਦੀ ਨੌਕਰੀ ਹੋ ਚੁੱਕੀ ਸੀ। ਇਕ ਦਿਨ ਡਾਕਟਰ ਸਾਹਿਬ ਨੇ ਮੇਰੇ ਕੰਮਕਾਜ ਦੀ ਤਾਰੀਫ਼ ਕਰਦਿਆਂ ਮਹੀਨੇ ਦੀ ਪਹਿਲੀ ਤਰੀਕ ਨੂੰ ਮੈਨੂੰ ਕੋਲ ਬੁਲਾ ਕੇ ਪਹਿਲੀ ਤਨਖ਼ਾਹ ਚਾਰ ਸੌ ਰੁਪਏ ਦੇ ਕੇ ਕਿਹਾ,“ਡਟਿਆ ਰਹਿ।’’ ਮੈਂ ਡਾਕਟਰ ਸਾਹਿਬ ਦਾ ਧੰਨਵਾਦ ਕੀਤਾ। ਮੈਂ ਇਕ ਤਨਖ਼ਾਹਦਾਰ ਕੰਪਾਊਡਰ ਬਣ ਗਿਆ ਸੀ। ਆਪਣੀਆਂ ਨਿੱਜੀ ਲੋੜਾਂ ਦੀ ਪੂਰਤੀ ਲਈ ਮੇਰੀ ਜੇਬ ਭਾਰੀ ਰਹਿਣ ਲੱਗੀ।
ਮੈਂ ਆਪਣੀ ਮਨਮਰਜ਼ੀ ਦਾ ਖਾ-ਪੀ ਸਕਦਾ ਸਾਂ ਅਤੇ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਖ਼ਰੀਦੋ-ਫਰੋਖਤ ਕਰ ਸਕਦਾ ਸਾਂ। ਮੇਰੇ ਅੰਦਰ ਆਤਮ-ਵਿਸ਼ਵਾਸ ਤੇ ਕੰਮ ਕਰਨ ਦਾ ਬਲ ਆ ਗਿਆ ਸੀ। ਹੁਣ ਜੇਬ ਖ਼ਰਚ ਲਈ ਮੈਂ ਬਾਪੂ ਤੋਂ ਪੈਸੇ ਮੰਗਣੇ ਬੰਦ ਕਰ ਦਿੱਤੇ ਸਨ। ਮੇਰੀ ਸਟੈਨੋਟਾਈਪਿਸਟ ਦੀ ਫੀਸ ਵੀ ਮੈਂ ਹੀ ਭਰਦਾ। ਮੈਂ ਅਗਲੀ ਪੜ੍ਹਾਈ ਦੀ ਤਿਆਰੀ ਕਰਦਾ। ਵੱਖ-ਵੱਖ ਵਿਭਾਗਾਂ ਵਿਚ ਨਿਕਲਦੀਆਂ ਪੋਸਟਾਂ ਲਈ ਅਪਲਾਈ ਕਰਦਾ ਰਹਿੰਦਾ। ਇੰਟਰਵਿਊ ’ਤੇ ਜਾਣ ਲਈ ਮੇਰੇ ਕੋਲ ਹੁਣ ਬੱਸ ਲਈ ਕਿਰਾਇਆ ਹੁੰਦਾ ਸੀ।
ਕੰਮ ਵਿਚ ਪ੍ਰਤੀਬੱਧਤਾ ਦੇਖਦਿਆਂ ਡਾਕਟਰ ਸਾਹਿਬ ਨੇ ਮੇਰੀ ਤਨਖ਼ਾਹ ਹੋਰ ਵਧਾ ਦਿੱਤੀ ਸੀ। ਮੇਰਾ ਸਟੈਨੋਟਾਈਪਿਸਟ ਦਾ ਕੋਰਸ ਪੂਰਾ ਹੋ ਚੁੱਕਾ ਸੀ। ਮੈਂ ਪਿੰਡ ਪੰਦਰਾਂ-ਵੀਹ ਦਿਨਾਂ ਬਾਅਦ ਹੀ ਗੇੜਾ ਮਾਰਦਾ। ਪੂਰਾ ਸਮਾਂ ਮੈਂ ਹਸਪਤਾਲ ਨੂੰ ਹੀ ਦਿੰਦਾ ਸਾਂ। ਭਾਵੇਂ ਕੁਝ ਸਮੇਂ ਬਾਅਦ ਮੈਨੂੰ ਮਰੀਜ਼ਾਂ ਦੀਆਂ ਦੁਆਵਾਂ ਅਤੇ ਡਾਕਟਰ ਸਾਹਿਬ ਦੇ ਅਸ਼ੀਰਵਾਦ ਸਦਕਾ ਸਰਕਾਰੀ ਵਿਭਾਗ ਵਿਚ ਨੌਕਰੀ ਮਿਲ ਗਈ ਸੀ ਪਰ ਇਥੇ ਕੀਤੀ ਇਸ ਛੋਟੀ ਜਿਹੀ ਨੌਕਰੀ ਨੇ ਮੈਨੂੰ ਬਹੁਤ ਸਾਰੀਆਂ ਖ਼ੁਸ਼ੀਆਂ ਦਿੱਤੀਆਂ। ਇੱਥੋਂ ਸਿੱਖਿਆ ਮਿਲੀ ਕਿ ਲੋੜਵੰਦਾਂ ਦੀ ਮਦਦ ਕਿਵੇਂ ਕਰਨੀ ਹੈ ਖ਼ਾਸ ਤੌਰ ’ਤੇ ਬਿਮਾਰਾਂ ਦੀ। ਅਜੋਕੀ ਯੁਵਾ ਪੀੜ੍ਹੀ ਮਾਪਿਆਂ ’ਤੇ ਬੋਝ ਬਣਨ ਅਤੇ ਬਾਹਰ ਨੂੰ ਭੱਜਣ ਦੀ ਬਜਾਏ ਮਿਹਨਤ ਤੇ ਸੰਜਮ ਨਾਲ ਇੱਥੇ ਹੀ ਕੰਮ-ਧੰਦਾ ਕਰ ਸਕਦੀ ਹੈ।