ਘੁੰਮ ਚਰਖੜਿਆ ਘੁੰਮ, ਤੇਰੀ ਕੱਤਣ ਵਾਲੀ ਜੀਵੇ

ਜ਼ਿੰਦਗੀ ਦੇ ਸਫ਼ਰ ਦਾ ਰਸਤਾ ਸਿੱਧਾ ਨਹੀਂ ਹੁੰਦਾ। ਇਹ ਤਾਂ ਪਹਾੜੀ ਪੰਗਡੰਡੀਆਂ ਵਰਗਾ ਹੁੰਦਾ ਹੈ। ਵਿੰਗਾ ਤੇ ਟੇਡਾ ਮੇਡਾ। ਊਚਾ ਤੇ ਨੀਵਾਂ। ਨਾ ਹੀ ਜ਼ਿੰਦਗੀ, ਪਹਾੜਾਂ ਤੇ ਜੰਗਲ ਦੇ ਵਿੱਚ ਕੋਈ ਵੀ ਰਸਤਾ ਵਿਚ ਵਿਚਾਲ਼ੇ ਦਾ ਨਹੀਂ ਹੁੰਦਾ। ਸਬਰ, ਸੰਤੋਖ, ਮਿਹਨਤ ਤੇ ਨਿਸ਼ਾਨਾ ਬਣਾ ਕੇ ਤੁਰਦਿਆਂ ਤੁਰਦਿਆਂ ਮੰਜ਼ਿਲ ਵੱਲ ਵਧਿਆ ਜਾ ਸਕਦਾ ਹੈ। ਭ੍ਰਮ, ਸ਼ੱਕ ਤੇ ਕਾਹਲ ਹਨੇਰ ਵੱਲ ਲੈਣ ਕੇ ਜਾਣ ਦਾ ਮਾਰਗ ਹੁੰਦਾ ਹੈ। ਸਾਹਿਤਕਾਰ, ਸੰਗੀਤਕਾਰ, ਅਦਾਕਾਰ, ਚਿਤਰਕਾਰ ਬਨਣ ਲਈ ਮੰਜ਼ਿਲ ਤਾਂ ਨੇੜੇ ਹੈ, ਪਰ ਰਸਤਾ ਬੜਾ ਬਿਖੜਾ ਹੈ। ਮਿਹਨਤ, ਸਿਦਕ, ਸ਼ਕਤੀ, ਚਾਅ, ਸੁਪਨੇ, ਦ੍ਰਿੜਤਾ ਤੇ ਆਪਣਾ ਸਾਰਾ ਧਿਆਨ ਇੱਕ ਥਾਂ ‘ਤੇ ਕੇਂਦਰ ਕਰਨ ਨਾਲ ਕੁੱਝ ਵੀ ਬਣਿਆ ਜਾ ਸਕਦਾ ਹੈ। ਕਿਸੇ ਦੀ ਰੂਹ ਨੂੰ ਆਪਣੀ ਰੂਹ ਵਿੱਚ ਸ਼ਾਮਲ ਕਰ ਲੈਣਾ ਤਾਂ ਔਖਾ ਹੁੰਦਾ ਹੈ, ਜੇ ਰੂਹ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਵੇ ਤਾਂ ਇਹ ਕੋਈ ਔਖਾ ਨਹੀਂ ਹੁੰਦਾ। ਅਸੀਂ ਇਸ ਰਸਤੇ ਉੱਤੇ ਤੁਰਦੇ ਹੀ ਨਹੀਂ ਸਗੋਂ ਨੇੜੇ ਦਾ ਰਸਤਾ ਲੱਭਦੇ ਹਾਂ ਤੇ ਇਸੇ ਕਰਕੇ ਭਟਕਦੇ ਹਾਂ। ਭਟਕਣਾ ਤੇ ਬਿਨਾਂ ਮਤਲਬ ਸੋਚਣਾ ਆਪਣੀਆਂ ਮੁਸ਼ਕਿਲਾਂ ਦੇ ਵਿੱਚ ਵਾਧਾ ਕਰਨਾ ਹੁੰਦਾ ਐ। ਵੱਡੇ ਵੱਡੇ ਫਨਕਾਰ, ਗਾਇਕ ਤੇ ਸਾਹਿਤਕਾਰ ਅਕਸਰ ਹੀ ਆਪਣੀ ਮੁਲਾਕਾਤ ਮੌਕੇ ਇਹ ਝੂਠ ਬੋਲਦੇ ਹਨ, ਕਿ ”ਇਹ ਤਾਂ ਉਨ੍ਹਾਂ ਨੂੰ ਕੁਦਰਤ ਵੱਲੋਂ ਮਿਲਿਆ ਤੋਹਫ਼ਾ ਹੈ।” ਅਸਲ ਵਿੱਚ ਇਹ ਸਭ ਕੁੱਝ ਉਨ੍ਹਾਂ ਦੇ ਅਭਿਆਸ ਦਾ ਸਿੱਟਾ ਹੁੰਦਾ ਹੈ। ਅਭਿਆਸ ਇੱਕ ਦਿਨ ਰੰਗ ਹੀ ਲਿਆਉਂਦਾ ਹੈ। ਲੋੜ ਤਾਂ ਹੁੰਦੀ ਹੈ, ਜ਼ਿੰਦਗੀ ਵਿੱਚ ਰੰਗ ਭਰਨ ਦੀ। ਜਿਸ ਨੂੰ ਜ਼ਿੰਦਗੀ ਵਿੱਚ ਰੰਗ ਭਰਨਾ ਆਉਂਦਾ ਹੈ, ਉਹ ਕਦੇ ਵੀ ਉਦਾਸ ਨਹੀਂ ਹੁੰਦਾ। ਸਗੋਂ ਬੰਦਾ ਹਰ ਵੇਲੇ ਖਿੜਿਆ ਰਹਿੰਦਾ ਹੈ। ਖਿੜੇ ਰਹਿਣ ਲਈ ਖੁਦ ਖਿੜਨਾ ਪੈਂਦਾ ਹੈ। ਸ਼ਬਦਾਂ ਦੇ ਜਾਦੂਗਰ ਅਕਸਰ ਹੀ ਆਪਣੇ ਵਹਾਅ ਵਿੱਚ ਭੀੜ ਨੂੰ ਨਾਲ ਲੈ ਤੁਰਦੇ ਹਨ। ਉਨ੍ਹਾਂ ਅੰਦਰ ਇਹ ਮੁਹਾਰਤ ਇੱਕ ਦਿਨ ਵਿੱਚ ਨਹੀਂ ਆਉਂਦੀ । ਇਸ ਦੇ ਪਿਛੇ ਲੰਮੇ ਅਧਿਐਨ ਤੇ ਅਭਿਆਸ ਦਾ ਸਿੱਟਾ ਹੁੰਦਾ ਹੈ ਪਰ ਅਸੀਂ ਸਿੱਟੇ ‘ਤੇ ਪਹਿਲਾਂ ਪੁੱਜਦੇ ਹਾਂ, ਤੁਰਦੇ ਬਾਅਦ ਵਿੱਚ ਹਾਂ। ਇਸੇ ਕਰਕੇ ਅਸੀਂ ਅਸਫ਼ਲ ਹੁੰਦੇ ਹਾਂ। ਹਰ ਸਫ਼ਲਤਾ ਦੀ ਹਰਕਤ ਪਹਿਲਾਂ ਮਨੁੱਖ ਦੇ ਮਨ ਵਿੱਚ ਅੰਗੜਾਈ ਭਰਦੀ ਹੈ, ਫਿਰ ਉਹ ਕਾਗਜ਼ ‘ਤੇ ਉਤਰਕੇ ਹਕੀਕਤ ਦਾ ਰੂਪ ਅਖਿਤਿਆਰ ਕਰਦੀ ਹੈ। ਅਸੀਂ ਰੂਪ ਨੂੰ ਵੇਖ ਕੇ ਪਹਿਲਾਂ ਚਕਾਚੋਂਧ ਹੁੰਦੇ, ਪਰ ਮਨ ਅੰਦਰ ਕੋਈ ਸੁਪਨਾ, ਕੋਈ ਇੱਛਾ, ਤਾਂਘ ਨਾ ਹੋਣ ਕਰਕੇ ਹੱਥ ਮਲਦੇ ਰਹਿ ਜਾਂਦੇ ਹਾਂ। ਹਰ ਮਨੁੱਖ ਹਰ ਵੇਲੇ ਇੱਕ ਅਦਾਕਾਰ ਵਾਂਗ ਜ਼ਿੰਦਗੀ ਵਿੱਚ ਅਦਾਕਾਰੀ ਕਰਦਾ ਹੈ, ਹਰ ਦੀ ਅਦਾਕਾਰੀ ਕਿਸੇ ਦੇ ਨਾਲ ਨਹੀਂ ਜੁੜਦੀ! ਜਿਹੜੇ ਕਿਸੇ ਦੀ ਨਕਲ ਕਰਦੇ ਹਨ, ਉਹ ਆਪਣੀ ਹੋਂਦ ਗੁਆ ਲੈਂਦੇ ਹਨ। ਆਪਣੀ ਹੋਂਦ ਗਵਾਉਣੀ ਉਨ੍ਹਾਂ ਦੇ ਹਿੱਸੇ ਹੀ ਆਉਂਦੀ ਜਿਹੜੇ ਦੂਸਰਿਆਂ ਦੇ ਨਕਸ਼ੇ ਕਦਮਾਂ ‘ਤੇ ਤੁਰਦੇ ਹਨ। ਦਰਿਆਵਾਂ ਦਾ ਆਪਣਾ ਕੋਈ ਵਹਿਣ ਨਹੀਂ ਹੁੰਦਾ। ਪਾਣੀ ਦਾ ਵੇਗ ਆਪਣੇ ਆਪ ਰਸਤੇ ਬਣਾਉਂਦਾ ਵਗਦਾ ਰਹਿੰਦਾ ਹੈ। ਵਗਦੇ ਪਾਣੀਆਂ ਦੇ ਨਾਲ ਨਾਲ ਤੁਰਨਾ ਤਾਂ ਸੌਖਾ ਹੈ, ਪਰ ਆਪਣਾ ਰਾਹ ਆਪ ਬਣਾਉਣਾ ਦਰਿਆਵਾਂ ਤੋਂ ਹੀ ਸਿੱਖਿਆ ਜਾ ਸਕਦਾ ਹੈ। ਨਿੱਕੇ ਬੱਚੇ ਨੂੰ ਬੋਲਣਾ, ਤੁਰਨਾ, ਹੱਸਣਾ ਤਾਂ ਕੋਈ ਨਹੀਂ ਸਿਖਾਉਂਦਾ, ਪੰਛੀਆਂ ਦਾ ਕੋਈ ਅਧਿਆਪਕ ਨਹੀਂ ਹੁੰਦਾ। ਉਨ੍ਹਾਂ ਦਾ ਅਧਿਆਪਕ ਤਾਂ ਉਨਾਂ ਦੀ ਅੱਖ ਤੇ ਸੋਝੀ ਹੁੰਦੀ ਹੈ। ਜਿਹੜੀ ਉਨਾਂ ਨੂੰ ਉਡਣਾ ਸਿਖਾਉਂਦੀ ਹੈ। ਉਡਣਾ ਕੋਈ ਔਖਾ ਰਸਤਾ ਨਹੀਂ, ਅਸੀਂ ਅਕਸਰ ਹੀ ਹਵਾ ਵਿੱਚ ਉਡਦੇ ਰਹਿੰਦੇ ਹਾਂ, ਪਰ ਧਰਤੀ ਦੀ ਖਿੱਚ ਪਰਿਵਾਰ ਦਾ ਮੋਹ, ਸਾਨੂੰ ਸਦਾ ਧਰਤੀ ਨਾਲ ਜੋੜੀ ਰੱਖਦਾ ਹੈ। ਸ਼ਬਦਾਂ ਦੇ ਵਣਜਾਰੇ ਆਪਣੀਆਂ ਲਿਖਤਾਂ ਵਿੱਚ ਤਾਂ ਨਿਜ਼ਾਮ ਬਦਲਣ ਦੀਆਂ ਟਾਹਰਾਂ ਤਾਂ ਮਾਰਦੇ ਹਨ, ਪਰ ਜਦੋਂ ਸੱਤਾ ਮਾਇਆ ਦੀ ਛੱਤਰੀ ਤਾਣਦੀ ਹੈ, ਤਾਂ ਉਹ ਉਡਾਰੀ ਮਾਰ ਕੇ ਉੱਥੇ ਉਤਰ ਜਾਂਦੇ ਹਨ। ਇਸੇ ਕਰਕੇ ਹੁਣ ਲਿਖਤਾਂ ਦੇ ਨਾਲ ਕੋਈ ਲਹਿਰ ਨੀਂ ਉਸਰਦੀ। ਨਾ ਸਮਾਜ ਵਿਚ ਕੋਈ ਅਜਿਹੀ ਲਹਿਰ ਉਠ ਰਹੀ ਹੈ, ਜਿਸ ਨਾਲ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ। ਜਿੱਥੇ ਕਿਤੇ ਕੋਈ ਲਹਿਰ ਉਠਦੀ ਹੈ ਉਸਨੂੰ ਸੱਤਾ ਡੰਡੇ ਦੇ ਜ਼ੋਰ ਨਾਲ ਦਬਾਅ ਦੇਂਦੀ ਹੈ, ਪਰ ਜਿਸ ਤਰ੍ਹਾਂ ਹੁਣ ਕਿਤੋਂ ਕਿਤੋਂ ਅੱਗ ਉਠ ਰਹੀ ਹੈ, ਇਹ ਜਰੂਰ ਕੋਈ ਰੰਗ ਲਿਆ ਸਕਦੀ ਹੈ। ਆਪਣੇ ਹੱਡਾਂ ਦਾ ਬਾਲਣ ਬਾਲ ਕੇ ਆਪਣਾ ਢਿੱਡ ਪਕਾਉਣਾ ਤਾਂ ਸੌਖਾ ਹੁੰਦਾ ਹੈ, ਪਰ ਕਿਸੇ ਭਾਗੋਂ ਦੇ ਪਕਵਾਨ ਖਾਣੇ ਬਹੁਤ ਔਖੇ ਹੁੰਦੇ ਹਨ। ਆਪਣੇ ਹੀ ਖੇਤਾਂ ਵਿੱਚ ਪਰਾਇਆਂ ਵਾਂਗ ਸਿਲਾ ਚੁਗਿਆ ਤਾਂ ਜਾ ਸਕਦਾ ਹੈ, ਪਰ ਕਿਸੇ ਲਈ ਛੱਤ ਜਾਂ ਬਾਂਹ ਨਹੀਂ ਬਣਿਆ ਜਾ ਸਕਦਾ। ਜੜ੍ਹਾਂ ਨਾਲੋਂ ਟੁੱਟ ਕੇ , ਬੇਗਾਨੀ ਥਾਂ ਜਾ ਕੇ ਧੁੱਪ ਤਾਂ ਮਾਣੀ ਜਾ ਸਕਦੀ ਹੈ, ਪਰ ਕਿਸੇ ਲਈ ਫੁੱਲ ਤੇ ਫ਼ਲ ਨਹੀਂ ਬਣਿਆ ਜਾ ਸਕਦਾ। ਸ਼ੋਹਰਤ ਦੀ ਹਨੇਰੀ ਜੜ੍ਹਾਂ ਉਖਾੜ ਸਕਦੀ ਹੈ, ਪਰ ਆਪਣੀਆਂ ਜੜ੍ਹਾਂ ਨਾਲ ਬੱਝੇ ਰਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ। ਪਰਵਾਸ ਤੇ ਪਰਵਾਜ਼ ਦਾ ਰਿਸ਼ਤਾ ਮਨੁੱਖ ਦੇ ਜਨਮ ਤੋਂ ਸ਼ੁਰੂ ਹੋਇਆ ਹੈ। ਸੰਸਾਰ ਵਿੱਚ ਹਰ ਕੋਈ ਪ੍ਰਵਾਸੀ ਐ।ਮਨੁੱਖ ਪਰਵਾਸ ਨਹੀਂ ਨਹੀਂ ਕਰਦਾ ਸਗੋਂ-ਢਿੱਡ ਦੀ ਭੁੱਖ ਪਰਵਾਸ ਕਰਦੀ ਹੈ । ਇਸੇ ਕਰਕੇ ਅਸੀਂ ਆਪਣੇ ਢਿੱਡ ਦੇ ਰਖਵਾਲੇ ਬਣ ਜਾਂਦੇ ਹਾਂ। ਜਿਹਨਾਂ ਦੇ ਢਿੱਡ ਭਰ ਜਾਂਦੇ ਹਨ ਉਹ ਮਨ ਦੀਆਂ ਭਾਵਨਾਵਾਂ ਤੇ ਭੁੱਖਾਂ ਨੂੰ ਦੂਰ ਕਰਨ ਲਈ ਇਕ ਥਾਂ ਤੋਂ ਦੂਜੀ ਥਾਂ ਉੱਤੇ ਲਗਾਤਾਰ ਪਰਵਾਸ ਕਰਦੇ ਹਨ। ਉਹਨਾਂ ਦੀ ਭੁੱਖ ਵੱਧਦੀ ਜਾਂਦੀ ਹੈ। ਉਹ ਜ਼ਿੰਦਗੀ ਦੇ ਚੱਕਰਵਿਊ ਵਿਚ ਫ਼ਸ ਕੇ ਆਪਣੀ ਹੋਂਦ ਗਵਾ ਲੈਂਦੇ ਹਨ। ਸਮਾਜ ਵਿੱਚ ਮਹਾਂਨਾਇਕਾਂ ਅਤੇ ਨਾਇਕਾਂ ਦਾ ਇਸੇ ਕਰਕੇ ਕਾਲ ਪੈ ਗਿਆ, ਕਿਉਂਕਿ ਇਹਨਾਂ ਬੋਹੜਾਂ ਨੇ ਆਪਣੇ ਥੱਲੇ ਕੋਈ ਰੁੱਖ ਹੀ ਉੱਗਣ ਤੇ ਮੌਲਣ ਨਹੀਂ ਦਿੱਤਾ। ਇਸੇ ਕਰਕੇ ਚਾਰੇ ਪਾਸੇ ਖਲਨਾਇਕਾਂ ਦਾ ਬੋਲਬਾਲਾ ਹੋ ਗਿਆ, ਅਸੀਂ ਭਵਿੱਖਹੀਣ, ਜੜ੍ਹ ਹੀਣ, ਰੁਜ਼ਗਾਰਹੀਣ ਇਸੇ ਕਰਕੇ ਹੋਏ ਹਾਂ, ਕਿ ਸਾਡੇ ਅੰਦਰੋਂ ਮਨੁੱਖ ਮਰ ਗਿਆ ਹੈ। ਸਾਡੇ ਅੰਦਰ ਵਸਤੂਆਂ ਦੀ ਭਰਮਾਰ ਹੋ ਗਈ ਹੈ। ਇਸ ਕਰਕੇ ਅਸੀਂ ਹਰ ਵੇਲੇ ਭੱਜਦੇ ਦੌੜਦੇ ਰਹਿੰਦੇ ਹਾਂ। ਲਿਖਣਾ ਕੋਈ ਔਖਾ ਕੰਮ ਨਹੀਂ, ਪਰ ਸੁਨਣਾ, ਪੜ੍ਹਨਾ, ਅਧਿਐਨ ਤੇ ਜ਼ਿੰਦਗੀ ਦੇ ਖਾਧੇ ਧੱਕੇ ਬੜਾ ਕੁੱਝ ਸਿਖਾ ਦਿੰਦੇ ਹਨ । ਚੁੱਪ ਰਹਿਣਾ ਤਾਂ ਚੰਗਾ ਹੈ, ਪਰ ਗੂੰਗੇ ਬਣ ਜਾਣਾ ਖ਼ਤਰਨਾਕ ਹੁੰਦਾ ਹੈ। ਬੋਲਣਾ ਤਾਂ ਮਾੜਾ ਨਹੀਂ-ਪਰ ਸਦਾ ਬੋਲਦੇ ਰਹਿਣਾ, ਕੁੱਝ ਵੀ ਨਾ ਸੁਨਣਾ ਤੇ ਮੰਨਣਾ ਆਪਣਾ ਹੀ ਪਤਨ ਹੁੰਦਾ ਹੈ। ਤੁਰਦੇ ਰਹਿਣਾ ਤਾਂ ਚਾਹੀਦਾ ਹੈ ਪਰ ਕੋਹਲੂ ਦੇ ਬੈਲ ਦੀ ਵਾਂਗ ਗੇੜੇ ਇੱਕ ਥਾਂ ਉੱਤੇ ਘੁੰਮੀ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ। ਅੱਖਾਂ ਖੋਲ੍ਹ ਕੇ ਤੁਰਨਾ ਤਾਂ ਚਾਹੀਦਾ ਹੈ, ਪਰ ਖੁਲ੍ਹੀਆਂ ਦੇ ਹੁੰਦਿਆਂ ਕਿਸੇ ਵਿੱਚ ਟਕਰਾਅ ਜਾਣਾ ਨਹੀਂ ਹੁੰਦਾ। ਰਸੂਲ ਹਮਜ਼ਾਤੋਵ-ਮੇਰੇ ਦਾਗਸਿਤਾਨ ਵਿੱਚ ਲਿਖਦਾ ਹੈ ਕਿ
ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦਿਓ
ਸਗੋਂ ਇਹ ਕਹੋ, ਮੈਨੂੰ ਅੱਖਾਂ ਦਿਓ।
ਸਾਰਾ ਸੰਸਾਰ ਵਿਸ਼ਿਆਂ ਨਾਲ ਭਰਿਆ ਪਿਆ ਹੈ, ਲੋੜ ਤਾਂ ਅੱਖਾਂ ਦੀ ਹੈ। ਅੱਖਾਂ ਦੇ ਸੋਚ ਸਮਝ ਤੇ ਤਰਕਵਾਨ ਬੁੱਧੀ ਤਾਂ ਕਿ ਦੇਖਿਆ, ਸੁਣਿਆ, ਮੰਨਿਆ ਕਿਵੇਂ ਨਵੇਂ ਸਿਰਜਿਆ ਜਾ ਸਕਦਾ ਹੈ। ਇਹ ਤਾਂ ਇਹੋ ਹੁੰਦਾ ਹੈ ਕਿ ਅਸੀਂ ਲਿਖਦੇ ਬੋਲਦੇ ਤਾਂ ਬਹੁਤ ਹਾਂ ਪਰ ਸੁਣਦੇ, ਪੜਦੇ ਘੱਟ ਹਾਂ। ਵਿਚਾਰ ਕਰਨਾ ਤੇ ਉਸ ਤੇ ਅਮਲ ਕਰਨਾ ਤਾਂ ਦੂਰ ਦੀ ਗੱਲ ਹੈ। ਅਸੀਂ ਦੂਰ ਦੀਆਂ ਬਾਤਾਂ ਤਾਂ ਬਹੁਤ ਪਾਉਂਦੇ ਹਾਂ, ਪਰ ਨੇੜੇ ਹੋਣ ਵਾਸਤੇ ਕਦੇ ਸੋਚਦੇ ਨਹੀਂ। ਅਸੀਂ ਜੋ ਸੋਚਦੇ ਹਾਂ, ਉਸ ਤੇ ਅਮਲ ਨਹੀਂ ਕਰਦੇ, ਜੋ ਕਰਦੇ ਹਾਂ, ਉਸ ਵਾਰੇ ਸੋਚਦੇ ਨਹੀਂ। ਸੂਰਜ ਵਾਂਗ ਚਾਨਣ ਵੰਡਣਾ ਬਹੁਤ ਔਖਾ ਹੁੰਦਾ ਹੈ, ਪਰ ਅਸੀਂ ਤਾਂ ਚਾਨਣ ਦੇ ਨਾ ਉਤੇ ਹਨੇਰ ਹੀ ਬੀਜਦੇ ਤੁਰੀ ਜਾ ਰਹੇ ਹਾਂ। ਇਸ ਕਰਕੇ ਸਾਡੇ ਚਾਰੇ ਪਾਸੇ ਸੂਲਾਂ, ਕੰਡੇ ਉੱਗ ਆਏ ਹਨ। ਮਿੱਤਰ ਤਾਂ ਬਨਾਉਣਾ ਸੌਖਾ ਹੁੰਦਾ ਹੈ, ਪਰ ਮਿੱਤਰ ਪਿਆਰੇ ਦੇ ਨਾਲ ਸੱਥਰ ਤੇ ਸੌਣਾ ਔਖਾ ਹੁੰਦਾ । ਕੋਈ ਸ਼ਬਦ ਕੰਮ, ਔਖਾ ਨਹੀਂ ਹੁੰਦਾ , ਲੋੜ ਤਾਂ ਪਹਿਲਾਂ ਕਦਮ ਪੁੱਟਣ ਦੀ ਹੁੰਦੀ ਹੈ। ਅਸੀਂ ਕਦਮ ਪੁੱਟਣ ਤੋਂ ਪਹਿਲਾਂ ਹੀ ਮੰਜ਼ਿਲ ਤੱਕ ਪੁੱਜਦੇ ਹਾਂ। ਇਸੇ ਕਰਕੇ ਅਸੀਂ ਸੂਰਜ ਵਾਂਗ ਖੜੇ ਰਹਿੰਦੇ ਹਾਂ। ਜਿਹੜੇ ਧਰਤੀ ਬਣ ਕੇ ਘੁੰਮਦੇ ਹਨ, ਉਹੀ ਮੰਜ਼ਿਲ ਚੁੰਮਦੇ ਹਨ। ਆਓ ਆਪਾਂ ਵੀ ਧਰਤੀ ਵਾਂਗ ਘੁੰਮੀਏ ਤਾਂ ਸੂਰਜ ਵਾਂਗ ਰੋਸ਼ਨੀ ਵੰਡੀਏ। ਐਵੇਂ ਹੀ ਨਾ ਕਿਸੇ ਨੂੰ ਭੰਡੀਏ! ਆਓ! ਪਿਆਰ ਲਈਏ ਤੇ ਪਿਆਰ ਵੰਡੀ ਏ!

ਬੁੱਧ ਸਿੰਘ ਨੀਲੋਂ
94643-70823

ਸਾਂਝਾ ਕਰੋ

ਪੜ੍ਹੋ

ਜਲਵਾਯੂ ਲਈ ਟਰੰਪ ਦੀ ਵਾਪਸੀ ਦੇ ਮਾਇਨੇ/ਜਯਤੀ

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਡੋਨਲਡ ਟਰੰਪ ਦੀ ਜਿੱਤ...