ਆਸਥਾ ’ਤੇ ਵਿਵੇਕ ਦੀ ਜਿੱਤ

ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਨੇ ਨਰਿੰਦਰ ਮੋਦੀ ਨੂੰ ਅਜਿਹਾ ਝਟਕਾ ਦਿੱਤਾ ਹੈ ਕਿ ਉਹ ਇਸ ਨੂੰ ਕਦੇ ਵੀ ਭੁੱਲ ਨਹੀਂ ਸਕਣਗੇ । ਜਿਸ ਰਾਜ ਨੇ ਪਿਛਲੀਆਂ ਦੋ ਚੋਣਾਂ ਵਿੱਚ ਮੋਦੀ ਦੀ ਝੋਲੀ ਸੀਟਾਂ ਨਾਲ ਭਰ ਕੇ ਉਸ ਨੂੰ ਦਿੱਲੀ ਭੇਜਿਆ ਸੀ, ਉਸੇ ਰਾਜ ਨੇ ਉਸ ਦਾ ਹੰਕਾਰ ਤੋੜ ਦਿੱਤਾ ਹੈ। 80 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲਿਆਂ ਨੂੰ ਲੋਕਾਂ ਨੇ ਅੱਧ ਤੱਕ ਵੀ ਨਹੀਂ ਪੁੱਜਣ ਦਿੱਤਾ। ਇਹ ਚੋਣਾਂ ਮੋਦੀ ਨੇ ਆਪਣੇ ਨਾਂਅ ਉਤੇ ਲੜੀਆਂ ਸਨ ਤੇ ਚੋਣ ਮੈਨੀਫੈਸਟੋ ਦਾ ਨਾਂਅ ਵੀ ‘ਮੋਦੀ ਦੀ ਗਰੰਟੀ’ ਰੱਖਿਆ ਸੀ। ਇਸ ਲਈ ਚੋਣਾਂ ਵਿੱਚ ਹਾਰ ਵੀ ਮੋਦੀ ਦੀ ਹੋਈ ਹੈ। ਉਸ ਕੋਲ ਮੁੜ ਸਰਕਾਰ ਦੀ ਅਗਵਾਈ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ। ਜੇਕਰ ਉਹ ਨੈਤਿਕਤਾ ਦਾ ਪਾਲਣ ਕਰੇ ਤਾਂ ਉਸ ਨੂੰ ਸਿਰਫ ਵਾਰਾਨਸੀ ਦਾ ਸਾਂਸਦ ਹੋਣ ਤੱਕ ਦਾ ਸਬਰ ਕਰਨਾ ਚਾਹੀਦਾ ਹੈ।

ਉੱਤਰ ਪ੍ਰਦੇਸ਼ ਦੇ ਵਾਰਾਨਸੀ ਹਲਕੇ ਨੇ ਮੋਦੀ ਨੂੰ ਹਰਾਇਆ ਨਹੀਂ, ਸਿਰਫ ਉਸ ਦੀ ਔਕਾਤ ਦਿਖਾਈ ਹੈ। ਉਸ ਦੇ ਚਾਰ ਮੰਤਰੀ ਸਮਿ੍ਰਤੀ ਈਰਾਨੀ, ਕੌਸ਼ਲ ਕੁਮਾਰ, ਮਹੇਂਦਰ ਨਾਥ ਪਾਂਡੇ, ਅਜੈ ਮਿਸ਼ਰਾ ਟੈਨੀ ਤੇ ਸੰਜੀਵ ਬਲਿਆਨ ਹਾਰ ਚੁੱਕੇ ਹਨ। ਜਦੋਂ ਅਮੇਠੀ ਸੀਟ ਤੋਂ ਕਾਂਗਰਸ ਨੇ ਆਪਣਾ ਉਮੀਦਵਾਰ ਐਲਾਨਣ ’ਚ ਦੇਰੀ ਕੀਤੀ ਤਾਂ ਮੋਦੀ ਨੇ ਰਾਹੁਲ ’ਤੇ ਤਨਜ਼ ਕੱਸਦਿਆਂ ਕਿਹਾ ਸੀ, ‘ਡਰੋ ਮੱਤ।’ ਕਾਂਗਰਸ ਨੇ ਆਖਰੀ ਸਮੇਂ ਆਪਣੇ ਕਾਰ-ਮੁਖਤਿਆਰ ਕਿਸ਼ੋਰੀ ਲਾਲ ਸ਼ਰਮਾ ਨੂੰ ਖੜ੍ਹਾ ਕਰ ਦਿੱਤਾ, ਜਿਸ ਨੇ ਸਮਿ੍ਰਤੀ ਈਰਾਨੀ ਨੂੰ ਧੂੜ ਚਟਾ ਦਿੱਤੀ। ਵਾਰਾਨਸੀ ਵਿੱਚ ਪਹਿਲੇ ਦੋ ਗੇੜਾਂ ਦੀ ਗਿਣਤੀ ਵਿੱਚ ਮੋਦੀ ਪਛੜੇ ਰਹੇ ਤੇ ਆਖਰ 152513 ਵੋਟਾਂ ਨਾਲ ਜਿੱਤ ਗਏ। ਮੋਦੀ ਦੀ ਜਿੱਤ ਕਿਸ਼ੋਰੀ ਲਾਲ ਸ਼ਰਮਾ ਦੀ ਜਿੱਤ ਨਾਲੋਂ ਵੀ ਮਾੜੀ ਹੈ, ਜਿਸ ਨੇ ਸਮਿ੍ਰਤੀ ਈਰਾਨੀ ਨੂੰ 167196 ਵੋਟਾਂ ਨਾਲ ਹਰਾਇਆ ਹੈ।

ਨਰਿੰਦਰ ਮੋਦੀ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਅਯੁੱਧਿਆ ਵਿਚਲੇ ਰਾਮ ਮੰਦਰ ਵਿੱਚ ‘ਰਾਮ ਲੱਲਾ’ ਦੀ ਮੂਰਤੀ ਸਥਾਪਨਾ ਤੇ ਪ੍ਰਾਣ ਪ੍ਰਤਿਸ਼ਠਾ ਨਾਲ ਸ਼ੁਰੂ ਕੀਤੀ ਸੀ। ਇਹ ਆਸਥਾ ਦਾ ਸੰਮੇਲਨ ਸੀ, ਪਰ ਇਸ ਦੀ ਵਰਤੋਂ ਵਿਰੋਧੀ ਧਿਰਾਂ ਨੂੰ ਭੰਡਣ-ਛੰਡਣ ਲਈ ਕੀਤੀ ਗਈ। ਸੰਮੇਲਨ ਵਿੱਚ ਸ਼ਾਮਲ ਨਾ ਹੋਈ ਕਾਂਗਰਸ ਤੇ ਸਮਾਜਵਾਦੀ ਪਾਰਟੀ ਨੂੰ ਹਿੰਦੂ ਵਿਰੋਧੀ ਕਹਿ ਕੇ ਪੂਰੀ ਚੋਣ ਮੁਹਿੰਮ ਦੌਰਾਨ ਨੌਲਿਆ ਗਿਆ, ਪਰ ਅਯੁੱਧਿਆ ਨੇ ਮੋਦੀ ਦਾ ਸਾਥ ਨਾ ਦਿੱਤਾ। ਅਯੁੱਧਿਆ ਦੀ ਜਨਤਾ ਨੇ ਮੋਦੀ ਦੇ ਲੱਲੂ ਸਿੰਘ ਨੂੰ ‘ਲੱਲੂ’ ਸਿੱਧ ਕਰਕੇ ਅਖਿਲੇਸ਼ ਵੱਲੋਂ ਖੜ੍ਹੇ ਕੀਤੇ ਅਵਧੇਸ਼ ਨੂੰ ਚੁਣ ਲਿਆ। ਪ੍ਰਸੰਗਵੱਸ ਰਾਮ ਦਾ ਇੱਕ ਨਾਂਅ ਅਵਧੇਸ਼ ਵੀ ਹੈ। ਪੂਰੀ ਚੋਣ ਮੁਹਿੰਮ ਦੌਰਾਨ ਮੋਦੀ-ਸ਼ਾਹ ਤੇ ਯੋਗੀ ਇਹ ਬੰਬਾਰੀ ਕਰਦੇ ਰਹੇ ਕਿ ਇਸ ਵਾਰ ਲੜਾਈ ਰਾਮਭਗਤਾਂ ਤੇ ਰਾਮਧ੍ਰੋਹੀਆਂ ਵਿਚਕਾਰ ਹੈ, ਪਰ ਜਨਤਾ ਨੇ ਉਨ੍ਹਾਂ ਦੇ ਸਭ ਹਮਲੇ ਨਾਕਾਮ ਕਰ ਦਿੱਤੇ। ਅਯੁੱਧਿਆ ਦੀ ਫੈਜ਼ਾਬਾਦ ਜਨਰਲ ਸੀਟ ’ਤੇ ਸਪਾ ਵੱਲੋਂ ਦਲਿਤ ਜਾਤੀ ਨਾਲ ਸੰਬੰਧਤ ਅਵਧੇਸ਼ ਪ੍ਰਸਾਦ ਨੂੰ ਖੜ੍ਹਾ ਕੀਤਾ ਗਿਆ, ਜਿਸ ਜਾਤੀ ਦੇ ਮੈਂਬਰਾਂ ਨੂੰ ਦੇਸ਼ ਦੇ ਕਈ ਮੰਦਰਾਂ ਵਿੱਚ ਦਾਖਲ ਹੋਣ ਨਹੀਂ ਦਿੱਤਾ ਜਾਂਦਾ।

ਅਯੁੱਧਿਆ ਸੀਟ ’ਤੇ ਦਲਿਤਾਂ ਦੀ ਅਬਾਦੀ ਸਿਰਫ਼ 20 ਫੀਸਦੀ ਹੈ। ਇਸ ਲਈ ਮੋਦੀ ਦੇ ਲੱਲੂ ਨੂੰ ਹਰਾਉਣ ਲਈ ਬਾਕੀ ਜਾਤੀਆਂ ਵੀ ਸਭ ਮੱਤਭੇਦ ਭੁਲਾ ਕੇ ਅਵਿਧੇਸ਼ ਦੇ ਹੱਕ ਵਿੱਚ ਭੁਗਤੀਆਂ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਅਯੁੱਧਿਆ ਵਿੱਚ ਅਜਿਹਾ ਹੀ ਹੋਇਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਰਾਮ ਮੰਦਰ ਦਾ ਜਬਰੀ ਨੀਂਹ ਪੱਥਰ ਰੱਖਣ ਤੋਂ ਬਾਅਦ 1989 ਵਿੱਚ ਹੋਈਆਂ ਚੋਣਾਂ ਵਿੱਚ ਫੈਜ਼ਾਬਾਦ (ਅਯੁੱਧਿਆ) ਨੇ ਸੀ ਪੀ ਆਈ ਦੇ ਮਿੱਤਰ ਸੈਨ ਯਾਦਵ ਨੂੰ ਚੁਣਿਆ ਸੀ। ਉਨ੍ਹਾ ਚੋਣਾਂ ਵਿੱਚ ਮਿੱਤਰ ਸੈਨ ਨੂੰ ਹਰਾਉਣ ਲਈ ਜਨਸੰਘ ਤੇ ਕਾਂਗਰਸ ਨੇ ਹੱਥ ਮਿਲਾ ਲਿਆ ਸੀ। ਉਸ ਸਮੇਂ ਅਯੁੱਧਿਆ ਨੇ ਇੱਕ ਕਮਿਊਨਿਸਟ ਨੂੰ ਚੁਣ ਲਿਆ ਤੇ ਇਨ੍ਹਾਂ ਚੋਣਾਂ ਵਿੱਚ ਇੱਕ ਸਮਾਜਵਾਦੀ ਦਲਿਤ ਨੂੰ ਚੁਣ ਲਿਆ ਹੈ। ਇਹ ਆਸਥਾ ’ਤੇ ਵਿਵੇਕ ਦੀ ਜਿੱਤ ਹੈ।

ਸਾਂਝਾ ਕਰੋ

ਪੜ੍ਹੋ

ਜਲਵਾਯੂ ਲਈ ਟਰੰਪ ਦੀ ਵਾਪਸੀ ਦੇ ਮਾਇਨੇ/ਜਯਤੀ

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਡੋਨਲਡ ਟਰੰਪ ਦੀ ਜਿੱਤ...