ਕਿੱਕਲੀ ਕਲੀਰ ਦੀ/ਗੁਰਭਜਨ ਗਿੱਲ

ਕਿੱਕਲੀ ਕਲੀਰ ਦੀ,
ਬਈ ਕਿੱਕਲੀ ਕਲੀਰ ਦੀ।
ਲੀਰੋ ਲੀਰ ਚੁੰਨੀ ਮੇਰੀ,
ਪਾਟੀ ਪੱਗ ਵੀਰ ਦੀ।

ਫੁੱਲਾਂ ਪਈ ਸਰ੍ਹਿਆਂ ਤੇ,
ਪੱਕ ਗਈਆਂ ਗੰਦਲਾਂ।
ਪੁੱਤ ਦਾ ਵਿਯੋਗ ਮਾਂ ਨੂੰ,
ਪਈ ਜਾਣ ਦੰਦਲਾਂ।
ਸਾਗ ਵਾਲੀ ਦਾਤਰੀ ਹੈ,
ਉਂਗਲਾਂ ਨੂੰ ਚੀਰਦੀ।
ਲੀਰੋ ਲੀਰ ਚੁੰਨੀ ਮੇਰੀ,
ਪਾਟੀ ਪੱਗ ਵੀਰ ਦੀ।

ਨਰਮੇ ਦੇ ਖੇਤ ਸੜੇ,
ਲੂਸੀਆਂ ਕਪਾਹਵਾਂ ਨੇ।
ਆਲ੍ਹਣੇ ‘ਚ ਬੋਟ ਫੂਕੇ,
ਤੱਤੀਆਂ ਹਵਾਵਾਂ ਨੇ।
ਹਿੱਕ ‘ਚ ਤਰਾਟ ਉੱਠੇ,
ਤੇਜ਼ ਤਿੱਖੇ ਤੀਰ ਦੀ।
ਲੀਰੋ ਲੀਰ ਚੁੰਨੀ ਮੇਰੀ,
ਪਾਟੀ ਪੱਗ ਵੀਰ ਦੀ।

ਚੌਧਵੀਂ ਦੇ ਚੰਨ ਜਹੀਆਂ,
ਗੋਲ ਗੋਲ ਰੋਟੀਆਂ।
ਕਾਵਾਂ ਨੇ ਖਿਲਾਰੀਆਂ ਨੇ,
ਵਿਹੜੇ ਵਿਚ ਬੋਟੀਆਂ।
ਕੜ ਕੜ ‘ਵਾਜ਼,
ਲੱਕੋਂ ਟੁੱਟ ਗਏ ਛਤੀਰ ਦੀ।
ਲੀਰੋ ਲੀਰ ਚੁੰਨੀ ਮੇਰੀ,
ਪਾਟੀ ਪੱਗ ਵੀਰ ਦੀ।

  ਗੁਰਭਜਨ ਗਿੱਲ

ਸਾਂਝਾ ਕਰੋ

ਪੜ੍ਹੋ