ਅੱਜਕੱਲ੍ਹ ਲੋਕਾਂ ਦੀ ਜੀਵਨਸ਼ੈਲੀ ਤੇਜ਼ੀ ਨਾਲ ਬਦਲ ਰਹੀ ਹੈ। ਕੰਮ ਦੇ ਵਧਦੇ ਦਬਾਅ ਤੇ ਬਦਲਦੇ ਵਰਕ ਕਲਚਰ ਨੇ ਲੋਕਾਂ ਦੀ ਜੀਵਨਸ਼ੈਲੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਅਸਰ ਵਿਅਕਤੀ ਦੀ ਸਰੀਰਕ ਤੇ ਮਾਨਸਿਕ ਸਿਹਤ ‘ਤੇ ਵੀ ਦਿਖਾਈ ਦੇ ਰਿਹਾ ਹੈ। ਜੀਵਨਸ਼ੈਲੀ ‘ਚ ਬਦਲਾਅ ਦੇ ਨਾਲ-ਨਾਲ ਗਲਤ ਖਾਣ-ਪੀਣ ਦੀਆਂ ਆਦਤਾਂ ਵੀ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ। ਮਾਈਗ੍ਰੇਨ ਦਾ ਦਰਦ ਇਨ੍ਹਾਂ ਸਮੱਸਿਆਵਾਂ ‘ਚੋਂ ਇਕ ਹੈ ਜਿਸ ਕਾਰਨ ਅੱਜ-ਕੱਲ੍ਹ ਜ਼ਿਆਦਾਤਰ ਲੋਕ ਪ੍ਰਭਾਵਿਤ ਹਨ।
ਇਹ ਇਕ ਕਿਸਮ ਦਾ ਸਿਰਦਰਦ ਹੈ ਜੋ ਆਮ ਤੌਰ ‘ਤੇ ਉਲਟੀਆਂ ਤੇ ਰੋਸ਼ਨੀ ਪ੍ਰਤੀ ਅਤਿ ਸੰਵੇਦਨਸ਼ੀਲਤਾ ਦੇ ਨਾਲ ਹੁੰਦਾ ਹੈ। ਇਸ ਦਾ ਕੋਈ ਖਾਸ ਇਲਾਜ ਨਹੀਂ ਹੈ ਇਸ ਲਈ ਜੀਵਨਸ਼ੈਲੀ ‘ਚ ਬਦਲਾਅ ਅਤੇ ਕੁਝ ਦਵਾਈਆਂ ਦੀ ਮਦਦ ਨਾਲ ਇਸ ਨੂੰ ਕੰਟਰੋਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਅਜਿਹੇ ਕਾਰਨ ਵੀ ਹਨ, ਜਿਨ੍ਹਾਂ ਨੂੰ ਪਛਾਣ ਕੇ ਮਾਈਗ੍ਰੇਨ ਦੇ ਦਰਦ ਨੂੰ ਕਾਫੀ ਹੱਦ ਤਕ ਰੋਕਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਮਾਈਗ੍ਰੇਨ ਲਈ ਜ਼ਿੰਮੇਵਾਰ ਕੁਝ ਮੁੱਖ ਕਾਰਨਾਂ ਬਾਰੇ-ਇਨ੍ਹੀਂ ਦਿਨੀਂ ਲੋਕਾਂ ਦੀ ਜ਼ਿੰਦਗੀ ਕਾਫੀ ਭੱਜਦੌੜ ਭਰੀ ਹੋ ਚੁੱਕੀ ਹੈ। ਕੰਮ ਦੇ ਪ੍ਰੈਸ਼ਰ ਤੇ ਹੋਰ ਵਜ੍ਹਾ ਕਰਕੇ ਲੋਕਾਂ ਦੀ ਸਰੀਰਕ ਹੀ ਨਹੀਂ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਇਸ ਦੀ ਵਜ੍ਹਾ ਨਾਲ ਅਕਸਰ ਲੋਕ ਤਣਾਅ ਤੇ ਡਿਪ੍ਰੈਸ਼ਰ ਦਾ ਸ਼ਿਕਾਰ ਹੋਣ ਲਗਦੇ ਹਨ ਜੋ ਮਾਈਗ੍ਰੇਨ ਦੀ ਸ਼ੁਰੂਆਤ ‘ਚ ਯੋਗਦਾਨ ਪਾ ਸਕਦੇ ਹਨ।
ਸਿਹਤਮੰਦ ਰਹਿਣ ਲਈ ਚੰਗੀ ਤੇ ਭਰਪੂਰ ਨੀਂਦ ਬਹੁਤ ਜ਼ਰੂਰੀ ਹੈ। ਹਾਲਾਂਕਿ ਵਿਗੜਦੀ ਜੀਵਨਸ਼ੈਲੀ ਕਾਰਨ ਅਕਸਰ ਨੀਂਦ ਖਰਾਬ ਹੋ ਜਾਂਦੀ ਹੈ। ਅਜਿਹੀ ਸਥਿਤੀ ‘ਚ ਅਨਿਯਮਿਤ ਨੀਂਦ ਦਾ ਪੈਟਰਨ, ਨਾਕਾਫ਼ੀ ਨੀਂਦ ਜਾਂ ਬਹੁਤ ਜ਼ਿਆਦਾ ਨੀਂਦ ਕੁਝ ਲੋਕਾਂ ‘ਚ ਮਾਈਗ੍ਰੇਨ ਦਾ ਕਾਰਨ ਬਣ ਸਕਦੀ ਹੈ। ਹਾਰਮੋਨਸ ‘ਚ ਬਦਲਾਅ ਵੀ ਮਾਈਗ੍ਰੇਨ ਨੂੰ ਟ੍ਰਿਗਰ ਕਰ ਸਕਦਾ ਹੈ। ਐਸਟ੍ਰੋਜਨ ‘ਚ ਉਤਰਾਅ-ਚੜ੍ਹਾਅ ਮਾਈਗ੍ਰੇਨ ਪੇਨ ‘ਚ ਯੋਗਦਾਨ ਪਾ ਸਕਦੇ ਹਨ। ਔਰਤਾਂ ਨੂੰ ਆਮ ਤੌਰ ‘ਤੇ ਮਾਹਵਾਰੀ, ਗਰਭ ਅਵਸਥਾ ਜਾਂ ਮੀਨੋਪੌਜ਼ ਦੌਰਾਨ ਇਸ ਦਾ ਅਨੁਭਵ ਹੁੰਦਾ ਹੈ। ਕਈ ਵਾਰ ਕੁਝ ਵਾਤਾਵਰਨਿਕ ਕਾਰਕ ਵੀ ਮਾਈਗ੍ਰੇਨ ਦੇ ਦਰਦ ਨੂੰ ਟ੍ਰਿਗਰ ਕਰ ਸਕਦੇ ਹਨ। ਤੇਜ਼ ਰੌਸ਼ਨੀ, ਉੱਚੀ ਆਵਾਜ਼, ਤੇਜ਼ ਗੰਧ ਤੇ ਮੌਸਮ ਦੇ ਪੈਟਰਨ ‘ਚ ਤਬਦੀਲੀ ਆਦਿ ਕਾਰਨ ਵੀ ਵਿਅਕਤੀ ਨੂੰ ਮਾਈਗ੍ਰੇਨ ਦਾ ਦੌਰਾ ਪੈ ਸਕਦਾ ਹੈ। ਇਨ੍ਹਾਂ ਸਾਰੇ ਕਾਰਨਾਂ ਤੋਂ ਇਲਾਵਾ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਨਾਲ ਮਾਈਗ੍ਰੇਨ ਦਾ ਦਰਦ ਹੋ ਸਕਦਾ ਹੈ। ਪੁਰਾਣੀਆਂ ਚੀਜ਼ਾਂ, ਪ੍ਰੋਸੈੱਸਡ ਮੀਟ ਤੇ ਆਰਟੀਫਿਸ਼ੀਅਲ ਸਵੀਟਨਰ ਆਦਿ ਸੰਵੇਦਨਸ਼ੀਲ ਵਿਅਕਤੀਆਂ ‘ਚ ਮਾਈਗ੍ਰੇਨ ਨੂੰ ਟ੍ਰਿਗਰ ਕਰ ਸਕਦੇ ਹਨ।