ਗਾਂਧੀਨਗਰ ਦਾ ਸੱਚ

ਕੇਂਦਰੀ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਤੋਂ ਬਾਅਦ ਨੰਬਰ ਦੋ ਦੇ ਭਾਜਪਾ ਆਗੂ ਅਮਿਤ ਸ਼ਾਹ ਨੇ ਗੁਜਰਾਤ ਦੇ ਗਾਂਧੀਨਗਰ ਦੀ ਸੀਟ 7 ਲੱਖ 40 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਲਈ ਹੈ। ਏਡੀ ਵੱਡੀ ਜਿੱਤ ਕਿਵੇਂ ਹੋਈ, ਇਸ ਦਾ ਘਿਨਾਉਣਾ ਸੱਚ ਸਾਹਮਣੇ ਆਇਆ ਹੈ। ‘ਅਨਹਦ’ ਦੀ ਅਗਵਾਈ ਵਿਚ ਨਾਗਰਿਕਾਂ ਦੇ ਇਕ ਸਮੂਹ ਨੇ 2 ਜੂਨ ਨੂੰ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਖਬਰਦਾਰ ਕੀਤਾ ਸੀ ਕਿ ਸ਼ਾਹ ਨੂੰ ਜਿਤਾਉਣ ਲਈ ਵੋਟਰਾਂ ਨੂੰ ਵੱਡੇ ਪੱਧਰ ’ਤੇ ਧਮਕਾਇਆ ਗਿਆ। 14-18 ਮਈ ਦਰਮਿਆਨ ਅਹਿਮਦਾਬਾਦ ਅਧਾਰਤ ਅਰਥ ਸ਼ਾਸਤਰੀ ਹੇਮੰਤ ਸ਼ਾਹ, ਮਹਾਰਾਸ਼ਟਰ ਪੀ ਯੂ ਸੀ ਐੱਲ ਦੀ ਜਨਰਲ ਸਕੱਤਰ ਲਾਰਾ ਜੇਸਾਨੀ, ਦਿੱਲੀ ਅਧਾਰਤ ਨਾਰੀਵਾਦੀ ਤੇ ਲੇਖਕਾ ਕਵਿਤਾ �ਿਸ਼ਨਨ ਅਤੇ ਗੁਜਰਾਤ ਦੇ ਸਮਾਜੀ ਕਾਰਕੁਨ ਦੇਵ ਦੇਸਾਈ ਨੇ ਕਲੋਲ ਦੇ ਕਈ ਵਾਰਡਾਂ ਤੇ ਬੂਥਾਂ ਦੇ ਇਲਾਵਾ ਵੇਜਲਪੁਰ ਨਗਰ ਪਾਲਿਕਾ ਇਲਾਕੇ ਤੇ ਸਾਣਦ ਤਹਿਸੀਲ ਦੇ ਵੋਟਰਾਂ ਨਾਲ ਮੁਲਾਕਾਤ ਕੀਤੀ। ਸਾਣਦ ਦੇ ਵਕਰਾਨਾ ਪਿੰਡ ਦੇ ਕਾਫੀ ਦਲਿਤਾਂ ਤੇ ਓ ਬੀ ਸੀ ਵੋਟਰਾਂ ਨੇ ਦੱਸਿਆ ਕਿ ਭਾਜਪਾਈਆਂ ਨੇ ਉਨ੍ਹਾਂ ਨੂੰ ਧਮਕਾਇਆ ਕਿ ਤੁਸੀਂ ਵੋਟ ਪਾਉਣ ਨਹੀਂ ਜਾਣਾ।

ਜੇ ਵੋਟ ਪਾਈ ਤਾਂ ਪਿੰਡ ਦਾ ਕੋਈ ਬੰਦਾ ਤੁਹਾਨੂੰ ਕੰਮ ’ਤੇ ਨਹੀਂ ਰੱਖੇਗਾ। ਇਕ ਥਾਂ ਕਿਹਾ ਗਿਆ ਕਿ ਵੋਟ ਪਾਉਣ ਦੀ ਆਗਿਆ ਤਾਂ ਹੀ ਦਿੱਤੀ ਜਾਵੇਗੀ, ਜੇ ਕੁਲਦੇਵੀ ਦੇ ਨਾਂਅ ’ਤੇ ਸਹੁੰ ਚੁੱਕ ਕੇ ਸਿਰਫ ਸ਼ਾਹ ਨੂੰ ਵੋਟ ਪਾਓਗੇ। ਸਾਣਦ ਦੇ ਪਿੰਡ ਕਨੇਠੀ ਵਿਚ ਇਕ ਦਲਿਤ ਮਹਿਲਾ ਵੋਟਰ ਨੇ ਦੱਸਿਆ ਕਿ ਜਦ ਉਹ ਵੋਟ ਪਾਉਣ ਗਈ ਤਾਂ ਸ਼ਾਹ ਦੇ ਚੇਲੇ ਜੀਤੂ ਵਾਘਾਨੀ ਨੇ ਕਿਹਾ ਕਿ ਤੇਰੀ ਵੋਟ ਪਹਿਲਾਂ ਹੀ ਸ਼ਾਹ ਨੂੰ ਪੈ ਚੁੱਕੀ ਹੈ। ਸਾਣਦ ਦੇ ਪਿੰਡ ਗੀਧਪੁਰਾ ਵਿਚ ਇਕ ਨੌਜਵਾਨ ਨੇ ਕਿਹਾ ਕਿ ਭਾਜਪਾ ਦੇ ਵਰਕਰਾਂ ਨੇ ਪੋਲਿੰਗ ਬੂਥ ਘੇਰ ਕੇ ਅਸਲੀ ਵੋਟਰਾਂ ਨੂੰ ਬਾਹਰ ਖੜ੍ਹੇ ਕਰੀ ਰੱਖਿਆ ਤੇ ਪੁਲਸ ਨੇ ਕਿਹਾ ਕਿ ਵੋਟਿੰਗ ਦਾ ਟਾਈਮ ਮੁੱਕ ਗਿਆ, ਹੁਣ ਘਰਾਂ ਨੂੰ ਪਰਤ ਜਾਓ। ਅੰਦੇਜ਼ ਵਿਚ 19 ਸਾਲਾ ਮੁਟਿਆਰ ਨੇ ਕਿਹਾ ਕਿ ਪੋਲਿੰਗ ਮੁਲਾਜ਼ਮ ਨੇ ਉਸ ਨੂੰ ਪੁੱਛਿਆ ਕਿ ਕੀ ਤੂੰ ਪੜ੍ਹੀ ਹੋਈ ਹੈਂ? ਨਾ ਕਹਿਣ ’ਤੇ ਉਸ ਨੇ ਇਕ ਹੋਰ ਬੰਦਾ ਉਸ ਨਾਲ ਮਸ਼ੀਨ ਤੱਕ ਭੇਜਿਆ ਤੇ ਉਸ ਨੇ ਉਸ ਦੀ ਥਾਂ ਖੁਦ ਫੁੱਲ ਦੇ ਨਿਸ਼ਾਨ ਵਾਲਾ ਬਟਨ ਦਬਾਅ ਦਿੱਤਾ। ਪਿੰਡ ਸ਼ਾਂਤੀਪੁਰਾ ਵਿਚ ਮੁਸਲਮਾਨਾਂ ਨੂੰ ਬੱਸ ਵਿਚ ਬਿਠਾ ਕੇ ਅਜਮੇਰ ਭੇਜ ਦਿੱਤਾ ਗਿਆ। ਇਕ ਰੁਕਿਆ ਰਿਹਾ ਤੇ ਜਦੋਂ ਉਹ ਵੋਟ ਪਾਉਣ ਗਿਆ ਤਾਂ ਉਸ ਨੂੰ ਕਿਹਾ ਗਿਆ ਕਿ ਤੂੰ ਘਰ ਮੁੜ ਜਾ, ਕਿਉਕਿ ਸ਼ਾਹ ਤਾਂ ਜਿੱਤੇ ਪਏ ਹਨ ਤੇ ਤੇਰੀ ਵੋਟ ਬੇਕਾਰ ਹੀ ਜਾਵੇਗੀ। ਅਹਿਮਦਾਬਾਦ ਦੇ ਜੁਹਾਪੁਰਾ ਵਿਚ ਅਪਰਾਧੀ ਕਾਲੂ ਗਰਦਨ ਨੇ ਵੋਟਰਾਂ ਨੂੰ ਧਮਕਾਇਆ। ਉਸ ਦਾ ਨਾਂਅ ਕਾਲੂ ਗਰਦਨ ਇਸ ਕਰਕੇ ਪਿਆ, ਕਿਉਕਿ ਉਹ ਗਰਦਨ ਵੱਢ ਦਿੰਦਾ ਹੈ। ਕਾਰਕੁਨਾਂ ਨੇ ਚੋਣ ਕਮਿਸ਼ਨ ਨੂੰ ਆਪਣੇ ਪੱਤਰ ਵਿਚ ਇਹ ਵੀ ਕਿਹਾ ਕਿ ਭਾਜਪਾ ਕਾਰਕੁਨਾਂ ਨੂੰ ਸ਼ਾਹ ਨੂੰ 10 ਲੱਖ ਵੋਟਾਂ ਨਾਲ ਜਿਤਾਉਣ ਲਈ ਕਿਹਾ ਗਿਆ ਹੈ। ਇਨ੍ਹਾਂ ਪ੍ਰਸਥਿਤੀਆਂ ਵਿਚ ਚੋਣ ਕਮਿਸ਼ਨ ਨੂੰ ਗਾਂਧੀਨਗਰ ਸੀਟ ਵਿਚ ਹੋਈ ਵੋਟਿੰਗ ਦੀ ਨਿਰਪੱਖ ਜਾਂਚ ਕਰਾਉਣੀ ਚਾਹੀਦੀ ਹੈ। ਦੇਖਣ ਵਾਲੀ ਗੱਲ ਹੋਵੇਗੀ ਕਿ ਚੋਣ ਕਮਿਸ਼ਨ ਕੀ ਹੁੰਗਾਰਾ ਭਰਦਾ ਹੈ।

ਸਾਂਝਾ ਕਰੋ

ਪੜ੍ਹੋ