
ਜਦੋਂ ਵੀ ਆਪਣੇ ਪਿੰਡ ਦਾ ਗੇੜਾ ਮਾਰਦਾ ਹਾਂ, ਧਿਆਨ ਦਰਸ਼ਨ ਵੱਲ ਚਲਾ ਜਾਂਦਾ। ਦਰਸ਼ਨ ਹੁਣ ਨਹੀਂ ਹੈ। ਉਹਨੂੰ ਤੁਰ ਗਏ ਨੂੰ ਕਈ ਵਰ੍ਹੇ ਹੋ ਗਏ ਪਰ ਪਿੰਡ ਦੇ ਆਲੇ-ਦੁਆਲੇ ਤੇ ਜਿ਼ਮੀਦਾਰਾਂ ਦੀਆਂ ਹਵੇਲੀਆਂ ਵਿਚ ਖੜ੍ਹੇ ਵਿਰਲੇ-ਟਾਵੇਂ ਦਰੱਖਤ ਦੇਖ ਕੇ ਦਰਸ਼ਨ ਚੇਤੇ ਆ ਜਾਂਦਾ। ਉਹਦੀ ਉਮਰ ਦਰੱਖਤ ਲਾਉਂਦਿਆਂ ਤੇ ਪਾਲਦਿਆਂ ਲੰਘ ਗਈ ਸੀ।
ਦਰਸ਼ਨ ਜਿ਼ਮੀਦਾਰਾਂ ਨਾਲ ਸੀਰੀ ਰਲਦਾ ਹੁੰਦਾ ਸੀ। ਖੇਤੀ ਦੇ ਕੰਮਾਂ ਦੇ ਨਾਲ-ਨਾਲ ਉਹ ਬੂਟੇ ਬੜੀ ਰੀਝ ਨਾਲ ਲਾਉਂਦਾ ਤੇ ਪਾਲਦਾ। ਬੂਟੇ ਖਰੀਦ ਕੇ ਲਾਉਣੇ ਦਰਸ਼ਨ ਦੀ ਪਹੁੰਚ ਵਿਚ ਨਹੀਂ ਸੀ ਪਰ ਥਾਂ-ਥਾਂ ਨਵੇਂ ਬੂਟੇ ਲਾਉਣੇ ਦਰਸ਼ਨ ਦਾ ਧਰਮ ਸੀ। ਉਹਨੂੰ ਜਿੱਥੇ ਵੀ ਟਾਹਲੀ, ਕਿੱਕਰ, ਨਿੰਮ, ਬਕੈਣ ਜਾਂ ਧਰੇਕ ਉੱਗੀ ਮਿਲਦੀ, ਖੱਗ ਲਿਆਉਂਦਾ। ਫਿਰ ਥਾਂ ਸਿਰ ਲਾ ਦਿੰਦਾ। ਪੈਲੀਆਂ ਵਿਚਕਾਰ ਆਪ ਉੱਗੇ ਬੂਟੇ ਖੱਗ ਕੇ ਵੱਟ ’ਤੇ ਕਰ ਦਿੰਦਾ; ਬੂਟੇ ਖਾਲ ਜਾਂ ਰਾਹ ਨਾਲ ਲਗਦੀ ਵੱਟ ’ਤੇ ਲਾਉਣ ਨੂੰ ਤਰਜੀਹ ਦਿੰਦਾ। ਉਹ ਆਖਦਾ ਹੁੰਦਾ ਸੀ, “ਖਾਲ ’ਤੇ ਲਾਇਆ ਬੂਟਾ ਘੱਟ ਸੇਵਾ ਮੰਗਦਾ ਤੇ ਰਾਹ ਕੰਢੇ ਲਾਏ ਬੂਟੇ ਦਾ ਸੁੱਖ ਜਿ਼ਆਦਾ ਹੁੰਦਾ।” ਬੂਟੇ ਲਾਉਣ ਪਿੱਛੋਂ ਦਰਸ਼ਨ ਬਾਕਾਇਦਾ ਉਨ੍ਹਾਂ ਦੀ ਸੇਵਾ ਸੰਭਾਲ ਕਰਦਾ। ਦਿਨ ਭਰ ਦੇ ਕੰਮ-ਕਾਰ ਤੋਂ ਬਾਅਦ ਘਰੇ ਜਾਣ ਤੋਂ ਪਹਿਲਾਂ ਹੱਥੀਂ ਲਾਏ ਬੂਟੇ ਇਕ ਵਾਰ ਜ਼ਰੂਰ ਦੇਖਦਾ, ਕਮਜ਼ੋਰ ਤੇ ਵਿੰਗੇ-ਟੇਢੇ ਬੂਟੇ ਸਹਾਰਾ ਦੇ ਕੇ ਸਿੱਧਾ ਕਰਦਾ। ਉਹ ਪੈਲੀ ਆਪਣੇ ਨਾਲ ਬਾਲਟੀ ਗਲਾਸ ਲੈ ਕੇ ਜਾਂਦਾ। ਉਹਦੇ ਲਈ ਬੂਟੇ ਹੱਡ-ਮਾਸ ਦੇ ਬੰਦੇ ਸਨ, ਉਹ ਬੂਟਿਆਂ ਨਾਲ ਬੰਦਿਆਂ ਵਾਂਗ ਗੱਲਾਂ ਕਰਦਾ:
“ਤੂੰ ਯਾਰ ਤਕੜਾ ਹੋ। ਤੈਨੂੰ ਤਾਂ ਖਾਧਾ-ਪੀਤਾ ਲਗਦਾ ਈ ਨਹੀਂ।” ਕਿਸੇ ਕਮਜ਼ੋਰ ਬੂਟੇ ਨੂੰ ਦੇਖ ਕੇ ਆਖਦਾ।
“ਬੱਲੇ ਓ ਜਵਾਨਾ! ਤੈਨੂੰ ਦੇਖ ਕੇ ਤਾਂ ਰੂਹ ਖੁਸ਼ ਹੋ ਗਈ।” ਉਹ ਕਿਸੇ ਹੋਰ ਬੂਟੇ ਕੋਲ ਜਾ ਕੇ ਆਖਦਾ।
ਦਰਸ਼ਨ ਕਿਸੇ ਜਿ਼ਮੀਦਾਰ ਨਾਲ ਦੋ ਸਾਲ ਤੇ ਕਿਸੇ ਨਾਲ ਸਾਲ ਲਾਉਂਦਾ। ਉਹਦੇ ਮਾਲਕ ਬਦਲਦੇ ਰਹਿੰਦੇ ਪਰ ਉਹਦਾ ਧੰਦਾ ਨਾ ਬਦਲਦਾ। ਜਦੋਂ ਵੀ ਵਿਹਲ ਮਿਲਦੀ, ਪੁਰਾਣੇ ਜਿ਼ਮੀਦਾਰ ਦੀ ਪੈਲੀ ਵਿਚ ਪਹੁੰਚ ਜਾਂਦਾ, ਹੱਥੀਂ ਲਾਏ ਬੂਟੇ ਗਹੁ ਨਾਲ ਦੇਖਦਾ, ਆਪ ਇਨ੍ਹਾਂ ਬੂਟਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਤੇ ਕਿਸੇ ਕਿਸੇ ਜਿ਼ਮੀਦਾਰ ਨੂੰ ਆਖ ਵੀ ਦਿੰਦਾ: “ਪਾਲ ਲਾ ਇਹ ਬੂਟੇ। ਬੂਟੇ ਪਾਲਣ ਵਾਲੇ ਦੇ ਘਰ ਬਹੁਤ ਬਰਕਤ ਪੈਂਦੀ।
ਬਹੁਤੇ ਜਿ਼ਮੀਦਾਰ ਇਹ ਪਸੰਦ ਨਹੀਂ ਕਰਦੇ ਸਨ ਕਿ ਦਰਸ਼ਨ ਪਿਛਲੇ ਮਾਲਕ ਦੀ ਪੈਲੀ ਵਿਚ ਜਾ ਕੇ ਬੂਟਿਆਂ ਨੂੰ ਪਾਣੀ ਦੇਵੇ ਤੇ ਗੋਡੀ ਕਰੇ।, ਰੋਕਦੇ ਵੀ ਰਹਿੰਦੇ ਪਰ ਉਹ ਕਿਸੇ ਵੀ ਜਿ਼ਮੀਦਾਰ ਦੇ ਕੰਮ ਦਾ ਨੁਕਸਾਨ ਕੀਤੇ ਬਗੈਰ ਬੂਟੇ ਪਾਲਦਾ। ਦਰਸ਼ਨ ਦੀ ਨੇਕ ਦਿਲੀ ਦੇਖ ਕੇ ਕੁਝ ਲੋਕ ਇਹ ਵੀ ਆਖਦੇ: “ਐਤਕੀਂ ਦਰਸ਼ਨ ਨੂੰ ਸੀਰੀ ਰਲਾਂਵਾਂਗੇ ਉਹਦੇ ਹੱਥਾਂ ਵਿਚ ਕੋਈ ਜਾਦੂ ਆ। ਸੁੱਕਾ ਤੀਲਾ ਵੀ ਗੱਡ ਦੇਵੇ, ਹਰਾ ਹੋ ਜਾਂਦਾ। ਦਰਸ਼ਨ ਦੇ ਆਪਣੇ ਘਰ ਬੂਟੇ ਲਾਉਣ ਜੋਗੀ ਥਾਂ ਨਹੀਂ ਸੀ। ਉਹ ਬੂਟੇ ਲਾ ਕੇ ਜਿ਼ਮੀਦਾਰਾਂ ਦੀਆਂ ਹਵੇਲੀਆਂ ਸ਼ਿੰਗਾਰਦਾ ਰਹਿੰਦਾ। ਉਹ ਜਾਣਦਾ ਸੀ ਕਿ ਕਿਸੇ ਹਵੇਲੀ ਵਿਚ ਕਿੱਥੇ ਤੇ ਕਿਸ ਨੁੱਕਰੇ ਬੂਟਾ ਲਾਉਣ ਨਾਲ ਵਧੇਰੇ ਸੁੱਖ ਹੋਵੇਗਾ।
ਦਰਸ਼ਨ ਦੇ ਵੇਲੇ ਕੰਬਾਇਨਾਂ ਨਹੀਂ ਸਨ ਚਲਦੀਆਂ ਹੁੰਦੀਆਂ, ਵਾਢੀ ਹੱਥਾਂ ਨਾਲ ਕੀਤੀ ਜਾਂਦੀ ਸੀ। ਨਾੜ ਨੂੰ ਅੱਗ ਲਾਉਣ ਦੀ ਲੋੜ ਨਹੀਂ ਪੈਂਦੀ ਸੀ। ਫਿਰ ਵੀ ਜੇ ਕਿਧਰੇ ਅੱਗ ਲੱਗ ਜਾਵੇ ਤੇ ਬੂਟੇ ਸੜ ਜਾਣ ਤਾਂ ਦਰਸ਼ਨ ਬਹੁਤ ਦੁਖੀ ਹੁੰਦਾ। ਕਈ-ਕਈ ਦਿਨ ਉਹ ਰੋਟੀ ਨਾ ਖਾ ਸਕਦਾ। ਉਨ੍ਹੀਂ ਦਿਨੀਂ ਨ੍ਹੇਰੀਆਂ ਬੜੀਆਂ ਆਉਂਦੀਆਂ ਸਨ। ਝੱਖੜ ਦਰਖ਼ਤ ਜੜ੍ਹੋਂ ਪੁੱਟ ਦਿੰਦਾ ਜਾਂ ਦਰਖ਼ਤਾਂ ਦੇ ਟਾਹਣ ਭੰਨ ਦਿੰਦਾ। ਦਰਸ਼ਨ ਭੱਜੇ-ਟੁੱਟੇ ਦਰਖ਼ਤ ਛਾਂਗ ਕੇ ਦੁਬਾਰਾ ਸਿੱਧੇ ਕਰ ਦਿੰਦਾ। ਉਹ ਅਕਸਰ ਆਖਦਾ, “ਦਰੱਖਤ ਹੋਣ ਤਾਂ ਧਰਤੀ ਘੱਟ ਤਪਦੀ। ਦਰੱਖਤ ਨਾ ਹੋਣ ਤਾਂ ਸੂਰਜ ਧਰਤੀ ਲੂਹ ਦੇਵੇ। ਦਰਸ਼ਨ ਅੱਸੀਆਂ ਦਾ ਹੋ ਕੇ ਗਿਆ। ਉਹਦੇ ਜਾਣ ਵੇਲੇ ਸਾਰਾ ਪਿੰਡ ਉਹਦੇ ਘਰ ਢੁੱਕਿਆ। ਉਦੋਂ ਇਹ ਆਵਾਜ਼ਾਂ ਸੁਣੀਆਂ ਸਨ: “ਦਰਸ਼ਨ ਨਹੀਂ ਗਿਆ, ਪਿੰਡ ਦੀ ਹਰਿਆਲੀ ਚਲੀ ਗਈ।” ਇਹ ਗੱਲ ਸੱਚ ਸਾਬਤ ਹੋਈ। ਦਰਸ਼ਨ ਦੇ ਜਾਣ ਤੋਂ ਬਾਅਦ ਸਾਲ ਦਰ ਸਾਲ ਹਰਿਆਲੀ ਘਟਣ ਲੱਗ ਪਈ ਸੀ। ਉਹਦੇ ਹੱਥੀਂ ਲਾਏ ਦਰੱਖਤ ਹੁਣ ਵਿਰਲੇ-ਟਾਵੇਂ ਰਹਿ ਗਏ ਹਨ। ਪਿੰਡ ਦੇ ਜਿ਼ਮੀਦਾਰ ਅੱਜ ਵੀ ਸੀਰੀ ਰਲਾਉਂਦੇ ਹਨ ਪਰ ਅਜੇ ਤੱਕ ਕੋਈ ਹੋਰ ਦਰਸ਼ਨ ਨਹੀਂ ਲੱਭਿਆ।