ਚੋਣ-ਸਰਵੇਖਣਾਂ ਮੁਤਾਬਕ ਹੀ ਨਤੀਜੇ ਨਿਕਲਣਗੇ ਜਾਂ ਤਸਵੀਰ ਵਖਰੀ ਜਹੀ ਹੋਵੇਗੀ?

ਚੋਣਾਂ ਦੇ ਖ਼ਾਤਮੇ ਦੀ ਸੱਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਹੁਣ ਤੋਂ ਸਿਆਸੀ ਬਿਆਨਬਾਜ਼ੀ ’ਤੇ ਬ੍ਰੇਕ ਲੱਗ ਗਈ ਹੈ। ਕਿਹੜੀ ਸਰਕਾਰ ਜਿੱਤੇਗੀ, ਇਹ ਅੱਜ ਸਾਫ਼ ਹੋ ਜਾਵੇਗਾ। ਪਰ ਹੁਣ ਤਕ ਆਏ ਚੋਣ ਸਰਵੇਖਣਾਂ ਮੁਤਾਬਕ ਨਰਿੰਦਰ ਮੋਦੀ ਦੀ ਸਰਕਾਰ-3 ਬਣਨ ਜਾ ਰਹੀ ਹੈ। ਅਜੇ ਤਕ ਭਾਵੇਂ ਇੰਡੀਆ ਗਠਜੋੜ ਅਪਣੀਆਂ ਉਮੀਦਾਂ ਨੂੰ ਛੱਡਣ ਵਾਸਤੇ ਤਿਆਰ ਨਹੀਂ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਗਠਜੋੜ 295 ਪਾਰ ਕਰੇਗਾ ਜਦਕਿ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ  ਨੂੰ ਉਨ੍ਹਾਂ ਨੂੰ ਤੀਜੀ ਵਾਰ ਜਿਤਾਉਣ ਵਾਸਤੇ ਧਨਵਾਦ ਵੀ ਕਰ ਦਿਤਾ ਹੈ।

ਇੰਡੀਆ ਗਠਜੋੜ ਜਨਤਾ ਦੇ ਚੋਣ ਸਰਵੇਖਣ ਦੀ ਗੱਲ ਕਰ ਰਿਹਾ ਹੈ ਤੇ ਐਨਡੀਏ ਰਵਾਇਤੀ ਸਰਵੇਖਣਾਂ ’ਤੇ ਆਧਾਰਤ ਚੋਣ ਨਤੀਜਿਆਂ ਦੀ ਗੱਲ ਕਰ ਰਿਹਾ ਹੈ। ਅਸਲ ਤੇ ਅੰਦਾਜ਼ੇ ਵਿਚ ਅੰਤਰ ਹੋਣਾ ਮੁਮਕਿਨ ਹੈ ਤੇ ਕਦੇ ਕਦੇ ਚੋਣ ਸਰਵੇਖਣ ਵੀ ਗ਼ਲਤ ਹੋ ਸਕਦੇ ਹਨ। ਜੇ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਦੇਸ਼ ਦਾ ਮੰਨ ਸਮਝਣ ਦਾ ਸਰਵੇਖਣ ਹੋਇਆ ਸੀ ਜਿਸ ਵਿਚ ਲੋਕਾਂ ਨੇ ਵੀ ਬੇਰੋਜ਼ਗਾਰੀ, ਮਹਿੰਗਾਈ ਦੀ ਗੱਲ ਤਾਂ ਕੀਤੀ ਸੀ ਪਰ ਉਸ ਸਰਵੇਖਣ ਵਿਚ ਜ਼ਿਆਦਾਤਰ ਲੋਕਾਂ ਦਾ ਮੰਨਣਾ ਸੀ ਕਿ ਦੇਸ਼ ਦਾ ਸੱਭ ਤੋਂ ਤਾਕਤਵਰ ਆਗੂ ਨਰਿੰਦਰ ਮੋਦੀ ਹੀ ਹੈ।

ਵਿਰੋਧੀ ਧਿਰ ਨੇ ਲੋਕਾਂ ਦੇ ਮੁੱਦੇ ਤਾਂ ਤਿੰਨ ਮਹੀਨਿਆਂ ਵਿਚ ਫੜ ਲਏ ਪਰ ਲੋਕ ਜਿਹੜੀ ਕਮੀ ਗਠਜੋੜ ਦੇ ਆਗੂਆਂ ਵਿਚ ਵੇਖ ਰਹੇ ਸਨ, ਉਸ ਨੂੰ ਦੂਰ ਨਹੀਂ ਕਰ ਸਕੇ। ਜੇ ਚੋਣ ਸਰਵੇਖਣ ਸਹੀ ਸਾਬਤ ਹੁੰਦੇ ਹਨ ਤਾਂ ਇਸ ਦਾ ਮਤਲਬ ਹੈ ਕਿ ਲੋਕਾਂ ਵਲੋਂ ਚੋਣਾਂ ਵਿਚ ਵੋਟ ਪਾਉਣ ਦੀ ਢਿਲ ਲਈ ਭਾਜਪਾ ਦੇ ਸਮਰਥਕਾਂ ਨਾਲੋਂ ਜ਼ਿਆਦਾ ਇੰਡੀਆ ਗਠਜੋੜ ਦੇ ਆਗੂ ਜ਼ਿੰਮੇਵਾਰ ਸਾਬਤ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਵਾਰ ਤਕਰੀਬਨ 80 ਰੈਲੀਆਂ ਕੀਤੀਆਂ ਗਈਆਂ ਤੇ 100 ਹਲਕਿਆਂ ਵਿਚ ਇਹ ਸਿਲਸਿਲਾ ਪਹਿਲੇ ਗੇੜ ਤੋਂ ਬਾਅਦ ਸ਼ੁਰੂ ਹੋਇਆ। ਉਨ੍ਹਾਂ ਦੀ ਪਾਰਟੀ ਵਲੋਂ ਪਹਿਲੇ ਗੇੜ ਵਿਚ ਲੋਕਾਂ ਦੀ ਵੋਟ ਪਾਉਣ ਦੀ ਢਿਲ ਨੂੰ ਪਛਾਣਦੇ ਹੋਏ ਉਸ ਦਾ ਹੱਲ ਕੱਢਣ ਦਾ ਕੰਮ ਸ਼ੁਰੂ ਕਰ ਦਿਤਾ ਸੀ। ਪਰ ਇੰਡੀਆ ਗਠਜੋੜ ਇਕ ਹੋ ਕੇ ਟੱਕਰ ਨਹੀਂ ਦੇ ਸਕਿਆ।

ਜੇ ਉਨ੍ਹਾਂ ਨੇ ਅਪਣੇ ਇਕ ਦੋ ਆਗੂਆਂ ਨੂੰ ਹੀ ਚਿਹਰਾ ਬਣਾ ਕੇ ਅੱਗੇ ਰਖਿਆ ਹੁੰਦਾ ਤਾਂ ਸ਼ਾਇਦ ਚੋਣ ਸਰਵੇਖਣ ਕੁੱਝ ਹੋਰ ਹੀ ਸੰਕੇਤ ਦੇ ਰਹੇ ਹੁੰਦੇ। ਮਲਿਕਾਅਰਜੁਨ ਖੜਗੇ ਦਾ ਨਾਂ ਅੱਗੇ ਆਇਆ ਸੀ ਪਰ ਕਾਂਗਰਸ ਵਲੋਂ ਇਸ ’ਤੇ ਅਮਲ ਨਹੀਂ ਕੀਤਾ ਗਿਆ। ਉਨ੍ਹਾਂ ਦਾ ਮਕਸਦ ਜਿੰਨਾ ਰਾਜ ਕਰਨਾ ਹੈ, ਓਨੀ ਹੀ ਇਹ ਵੀ ਤੀਬਰ ਇੱਛਾ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਵਿਚ ਹੀ ਇਹ ਰਾਜ ਬਣੇ। ਰਾਹੁਲ ਦੀਆਂ ਯੋਜਨਾਵਾਂ ਗ਼ਰੀਬਾਂ ਤੇ ਪਿਛੜਿਆਂ ਦੇ ਹਿਤ ਪੂਰਦੀਆਂ ਹਨ ਪਰ ਸਾਡੇ ਦੇਸ਼ ਵਿਚ ਸ਼ਖ਼ਸੀ ਪੂਜਾ ਦੀ ਰੀਤ ਕਣ ਕਣ ਵਿਚ ਸਮਾਈ ਹੋਈ ਹੈ। ਲੋਕਾਂ ਨੂੰ ਧਾਕੜ ਆਗੂ ਚਾਹੀਦਾ ਹੈ। 56 ਇੰਚ ਦੀ ਛਾਤੀ ਸਾਹਮਣੇ ਰਾਹੁਲ ਗਾਂਧੀ ਦੇ ਵਾਰ ਕਮਜ਼ੋਰ ਪੈ ਰਹੇ ਹਨ।

ਪੰਜਾਬ ਚੋਂ ਵੀ ਬੜੇ ਹੈਰਾਨੀਜਨਕ ਚੋਣ ਸਰਵੇਖਣ ਆਏ ਹਨ ਜੋ ਦਰਸਾਉਂਦੇ ਹਨ ਕਿ ਆਖ਼ਰਕਾਰ ਭਾਜਪਾ ਨੇ ਪੰਜਾਬ ਵਿਚ ਇਕੱਲਿਆਂ ਲੜ ਕੇ ਵੀ ਅਪਣੀ ਥਾਂ ਬਣਾ ਲਈ ਹੈ। ਜੇ ਚੋਣ ਸਰਵੇਖਣ ਸਹੀ ਸਾਬਤ ਹੁੰਦੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਸਿੱਖ ਵੋਟਰ ਵੀ ਹੁਣ ਭਾਜਪਾ ਵਲ ਵੇਖਣ ਲੱਗ ਪਿਆ ਹੈ ਤੇ ਇਹ 2027 ਵਾਸਤੇ ਮਹੱਤਵਪੂਰਨ ਸੁਨੇਹਾ ਹੈ। ਰੁਝਾਨਾਂ ਮੁਤਾਬਕ ਵੋਟਾਂ ਦਾ ਸੱਭ ਤੋਂ ਘੱਟ ਹਿੱਸਾ ਅਕਾਲੀ ਦਲ ਨੂੰ ਮਿਲਿਆ ਹੈ ਯਾਨੀ ਕਿ ਪੰਜਾਬ ਤਿੰਨ ਰਾਸ਼ਟਰੀ ਪਾਰਟੀਆਂ ਉਤੇ ਅਪਣੇ ਸੂਬੇ ਦੀ ਇਲਾਕਾਈ ਪਾਰਟੀ ਨਾਲੋਂ ਵੱਧ ਵਿਸ਼ਵਾਸ ਕਰਦਾ ਹੈ।  ਇਹ ਸੱਭ ਤਾਂ ਅਜੇ ਰੁਝਾਨ ਹਨ ਤੇ ਅਸਲ ਤਸਵੀਰ ਤਾਂ ਅੱਜ ਸਾਫ਼ ਹੋ ਜਾਵੇਗੀ ਤੇ ਜੋ ਕੋਈ ਵੀ ਜਿੱਤੇਗਾ, ਮੁੜ ਤੋਂ ਕੰਮ ਸ਼ੁਰੂ ਹੋਣਗੇ ਤੇ ਹਰ ਰੋਜ਼ ਦਾ ਸ਼ੋਰ ਖ਼ਤਮ ਹੋਵੇਗਾ। ਜਿੱਤ ਲੋਕਾਂ ਦੀ ਮੁੜ ਸੁਰਜੀਤੀ ਹੋਵੇਗੀ ਤੇ ਇਸ  ਮਰਜ਼ੀ ਨੂੰ ਸਮਝਣ ਨਾਲ ਦੇਸ਼ ਬਾਰੇ ਬੜਾ ਕੁੱਝ ਸਮਝ ਵਿਚ ਆ ਜਾਵੇਗਾ।

ਸਾਂਝਾ ਕਰੋ

ਪੜ੍ਹੋ