ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਦਿਖਾਉਣ ਵਾਲੇ ਲਗਭਗ ਸਾਰੇ ਟੀ ਵੀ ਚੈਨਲਾਂ ਨੇ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ ਤੇ ਆਪੋਜ਼ੀਸ਼ਨ ਪਾਰਟੀਆਂ ਦੀ ਹਾਲਤ ਕਾਫੀ ਖਰਾਬ ਦੱਸੀ ਹੈ। ਫਿਰ ਵੀ ਇਕ ਅਜਿਹਾ ਐਗਜ਼ਿਟ ਪੋਲ ਵੀ ਸਾਹਮਣੇ ਆਇਆ ਹੈ, ਜਿਹੜਾ ਆਪੋਜ਼ੀਸ਼ਨ ਨੂੰ ਰਾਹਤ ਪਹੁੰਚਾ ਰਿਹਾ ਹੈ। ਡੀ ਬੀ ਲਾਈਵ ਦਾ ਐਗਜ਼ਿਟ ਪੋਲ ਕਹਿੰਦਾ ਹੈ ਕਿ ਭਾਜਪਾ ਕੇਂਦਰ ਦੀ ਸੱਤਾ ਤੋਂ ਬਾਹਰ ਹੋਣ ਜਾ ਰਹੀ ਹੈ ਤੇ ਆਪੋਜ਼ੀਸ਼ਨ ਪਾਰਟੀਆਂ ਦਾ ਗੱਠਜੋੜ ‘ਇੰਡੀਆ’ ਸਰਕਾਰ ਬਣਾਉਣ ਜਾ ਰਿਹਾ ਹੈ। ਇਸ ਮੁਤਾਬਕ ਇੰਡੀਆ ਨੂੰ 260 ਤੋਂ 290 ਸੀਟਾਂ ਮਿਲਣ ਦਾ ਅਨੁਮਾਨ ਹੈ। ਯੂ ਪੀ ਵਿਚ ਇੰਡੀਆ ਨੂੰ 80 ਵਿੱਚੋਂ 32 ਤੋਂ 34 ਅਤੇ ਐੱਨ ਡੀ ਏ ਨੂੰ 46 ਤੋਂ 48 ਸੀਟਾਂ ਮਿਲ ਰਹੀਆਂ ਹਨ। ਪੱਛਮੀ ਬੰਗਾਲ ਵਿਚ ਡੀ ਬੀ ਲਾਈਵ ਟੀ ਐੱਮ ਸੀ ਨੂੰ 42 ਵਿੱਚੋਂ 26 ਤੋਂ 28 ਅਤੇ ਭਾਜਪਾ 11 ਤੋਂ 13 ਸੀਟਾਂ ਲਿਜਾ ਰਹੀ ਹੈ। ਬਿਹਾਰ ਦੀਆਂ 40 ਵਿੱਚੋਂ 14-16 ਐੱਨ ਡੀ ਏ ਅਤੇ 24-26 ਇੰਡੀਆ ਨੂੰ ਮਿਲ ਰਹੀਆਂ ਹਨ।
ਕਰਨਾਟਕ ਦੀਆਂ 28 ਵਿੱਚੋਂ 8-10 ਸੀਟਾਂ ਐੱਨ ਡੀ ਏ ਅਤੇ 18-20 ਸੀਟਾਂ ਆਪੋਜ਼ੀਸ਼ਨ ਨੂੰ ਮਿਲ ਰਹੀਆਂ ਹਨ। ਹੋਰ ਵੀ ਕੁਝ ਰਾਜਾਂ ਵਿਚ ਡੀ ਬੀ ਲਾਈਵ ਨੇ ਇੰਡੀਆ ਦੀ ਬੜ੍ਹਤ ਦਿਖਾਈ ਹੈ। ਗੋਦੀ ਮੀਡੀਆ ਵੱਲੋਂ ਸੱਤਾਧਾਰੀਆਂ ਦੇ ਹੱਕ ਵਿਚ ਬਣਾਏ ਗਏ ਮਾਹੌਲ ਵਿਚ ਕੋਈ ਡੀ ਬੀ ਲਾਈਵ ਦੇ ਐਗਜ਼ਿਟ ਪੋਲ ’ਤੇ ਸ਼ੱਕ ਜ਼ਾਹਰ ਕਰ ਸਕਦਾ ਹੈ ਕਿ ਸਾਰੇ ਮੋਦੀ ਨੂੰ ਜਿਤਾ ਰਹੇ ਹਨ ਤੇ ਇਹ ਇਕੱਲਾ ਇੰਡੀਆ ਨੂੰ ਜਿਤਾ ਰਿਹਾ ਹੈ, ਪਰ ਜਿਹੜੇ ਮੋਦੀ ਨੂੰ ਜਿਤਾ ਰਹੇ ਹਨ, ਉਨ੍ਹਾਂ ਐਗਜ਼ਿਟ ਪੋਲਾਂ ’ਤੇ ਵੀ ਕਿਵੇਂ ਯਕੀਨ ਕੀਤਾ ਜਾ ਸਕਦਾ ਹੈ। ਰਿਪਬਲਿਕ ਭਾਰਤ-ਮੈਟਰੀਜ਼ ਐੱਨ ਡੀ ਏ ਨੂੰ 368 ਤੇ ਇੰਡੀਆ ਨੂੰ 125 ਅਤੇ ਹੋਰਨਾਂ ਨੂੰ 50 ਸੀਟਾਂ ਦੇ ਰਿਹਾ ਹੈ। ਰਿਪਬਲਿਕ ਟੀ ਵੀ-ਪੀ ਮਾਰਕ ਐੱਨ ਡੀ ਏ ਨੂੰ 359 ਤੇ ਇੰਡੀਆ ਨੂੰ 154 ਤੇ ਹੋਰਨਾਂ ਨੂੰ 30 ਸੀਟਾਂ ਦੇ ਰਿਹਾ ਹੈ। ਐਕਸਿਸ ਮਾਈ ਇੰਡੀਆ ਐੱਨ ਡੀ ਏ ਨੂੰ 361-401 ਅਤੇ ਇੰਡੀਆ ਨੂੰ 131-168 ਸੀਟਾਂ ਤੇ ਹੋਰਨਾਂ ਨੂੰ 8-20 ਸੀਟਾਂ ਦੇ ਰਿਹਾ ਹੈ। ਇਨ੍ਹਾਂ ਦੇ ਅੰਦਾਜ਼ਿਆਂ ਵਿਚ ਐੱਨ ਡੀ ਏ ਨੂੰ ਦਿੱਤੀਆਂ ਜਾ ਰਹੀਆਂ ਸੀਟਾਂ ’ਚ 40-42 ਤੱਕ ਦਾ ਫਰਕ ਹੈ। ਏਨਾ ਫਰਕ ਐਗਜ਼ਿਟ ਪੋਲ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਉਣ ਨੂੰ ਮਜਬੂਰ ਕਰਦਾ ਹੈ।