ਲਗਭਗ ਇੱਕ ਦਹਾਕੇ ਮਗਰੋਂ ਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਭਾਰਤ ਦੇ ਅਰਥਚਾਰੇ ਪ੍ਰਤੀ ਆਪਣਾ ਨਾਂਹ-ਮੁਖੀ ਨਜ਼ਰੀਆ ਬਦਲ ਕੇ ਹਾਂ-ਪੱਖੀ ਕਰ ਲਿਆ ਹੈ। ਇਸ ਦੇ ਪਿਛੋਕੜ ਵਿੱਚ ਭਰਵਾਂ ਆਰਥਿਕ ਵਿਕਾਸ, ਸਰਕਾਰ ਦੇ ਖਰਚ ਵਿੱਚ ਸਿਫ਼ਤੀ ਸੁਧਾਰ ਅਤੇ ਵਿੱਤੀ ਮਜ਼ਬੂਤੀ ਪ੍ਰਤੀ ਸਿਆਸੀ ਵਚਨਬੱਧਤਾ ਜਿਹੇ ਸੂਚਕ ਕੰਮ ਕਰਦੇ ਨਜ਼ਰ ਆ ਰਹੇ ਹਨ। ਇਸ ਦਾ ਮਤਲਬ ਹੈ ਕਿ ਭਾਰਤ ਦੇ ਕਰਜ਼ ਹਾਸਿਲ ਕਰਨ ਦੀ ਯੋਗਤਾ ਵਿੱਚ ਕਾਫ਼ੀ ਸੁਧਾਰ ਆ ਗਿਆ ਹੈ ਜੋ ਨਿਵੇਸ਼ਕਾਂ ਲਈ ਅਹਿਮ ਕਾਰਕ ਗਿਣਿਆ ਜਾਂਦਾ ਹੈ। ਭਾਰਤ ਦੇ ਅਰਥਚਾਰੇ ਦੀ ਦਰਜਾਬੰਦੀ ਵਿੱਚ ਇਹ ਸੁਧਾਰ ਲੋਕ ਸਭਾ ਚੋਣਾਂ ਦਾ ਅੰਤਿਮ ਗੇੜ ਪੂਰਾ ਹੋਣ ਤੋਂ ਪਹਿਲਾਂ ਆਇਆ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਅਰਥਚਾਰੇ ਪ੍ਰਤੀ ਨਜ਼ਰੀਏ ਵਿੱਚ ਸੁਧਾਰ ਦਾ ਸਵਾਗਤ ਕੀਤਾ ਹੈ ਅਤੇ ਨਾਲ ਹੀ ਇਹ ਆਖਿਆ ਹੈ ਕਿ ਇਹ ਆਰਥਿਕ ਵਿਕਾਸ ਦੀ ਠੋਸ ਗਤੀ ਅਤੇ ਆਉਣ ਵਾਲੇ ਸਾਲਾਂ ਵਿੱਚ ਚੰਗੇ ਮੌਕਿਆਂ ਦਾ ਸੂਚਕ ਹੈ ਹਾਲਾਂਕਿ ਐੱਸਐਂਡਪੀ ਨੂੰ ਆਸ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਭਾਵੇਂ ਜੋ ਮਰਜ਼ੀ ਆਉਣ ਪਰ ਆਰਥਿਕ ਸੁਧਾਰਾਂ ਅਤੇ ਵਿੱਤੀ ਨੀਤੀਆਂ ਵਿੱਚ ਨਿਰੰਤਰਤਾ ਜਾਰੀ ਰਹੇਗੀ।
ਐੱਸਐਂਡਪੀ ਨੇ ਕੋਵਿਡ-19 ਦੀ ਮਹਾਮਾਰੀ ਕਰ ਕੇ ਹੋਏ ਭਾਰੀ ਨੁਕਸਾਨ ਤੋਂ ਬਾਅਦ ਭਾਰਤੀ ਅਰਥਚਾਰੇ ਵੱਲੋਂ ਸ਼ਾਨਦਾਰ ਢੰਗ ਨਾਲ ਭਰਪਾਈ ਕਰਨ ਦੀ ਸ਼ਲਾਘਾ ਕੀਤੀ ਹੈ। ਆਲਮੀ ਦਰਜਾਬੰਦੀ ਏਜੰਸੀ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਆਰਥਿਕ ਵਿਕਾਸ ਦਰ 6.8 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਆਲਮੀ ਅਰਥਚਾਰੇ ਵਿੱਚ ਜੋ ਮੰਦੀ ਦਾ ਦੌਰ ਚੱਲ ਰਿਹਾ ਹੈ, ਉਸ ਦੇ ਮੱਦੇਨਜ਼ਰ ਇਹ ਹੌਸਲਾਵਧਾਊ ਸੰਕੇਤ ਹੈ। ਇਸ ਤੋਂ ਇੱਕ ਕਦਮ ਹੋਰ ਅਗਾਂਹ ਜਾਂਦਿਆਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅਨੁਮਾਨ ਲਾਇਆ ਹੈ ਕਿ ਸਾਲ 2024-25 ਵਿੱਚ ਆਰਥਿਕ ਵਿਕਾਸ ਦਰ 7 ਫ਼ੀਸਦੀ ਨੂੰ ਛੂਹ ਜਾਣ ਦੇ ਆਸਾਰ ਹਨ। ਅਜੇ ਪਿਛਲੇ ਹਫ਼ਤੇ ਹੀ ਆਰਬੀਆਈ ਨੇ ਸਰਕਾਰ ਨੂੰ 2.1 ਲੱਖ ਕਰੋੜ ਰੁਪਏ ਦਾ ਰਿਕਾਰਡ ਲਾਭ ਅੰਸ਼ ਅਦਾ ਕੀਤਾ ਹੈ। ਇਨ੍ਹਾਂ ਫੰਡਾਂ ਰਾਹੀਂ ਸਰਕਾਰ ਆਪਣੇ ਰਾਜਕੋਸ਼ੀ ਘਾਟੇ (ਖਰਚ ਦੇ ਅਨੁਪਾਤ ਵਿੱਚ ਆਮਦਨ ਵਿੱਚ ਘਾਟਾ) ਵਿੱਚ ਕਮੀ ਲਿਆ ਸਕਦੀ ਹੈ ਜਿਸ ਬਾਬਤ ਸਰਕਾਰ ਨੇ ਅਗਲੇ ਦੋ ਸਾਲਾਂ ਵਿੱਚ ਚੋਖੀ ਕਮੀ ਲਿਆਉਣ ਦਾ ਟੀਚਾ ਮਿੱਥਿਆ ਹੈ।
ਐੱਸਐਂਡਪੀ ਦੀ ਸੱਜਰੀ ਦਰਜਾਬੰਦੀ ਨਾਲ ਸ਼ੇਅਰ ਬਾਜ਼ਾਰ ਉੱਤੇ ਭਾਵੇਂ ਕੋਈ ਖ਼ਾਸ ਫ਼ਰਕ ਨਹੀਂ ਪਿਆ ਪਰ ਨਿਫਟੀ ਇੰਡੈਕਸ ਤੇ ਬੀਐੱਸਈ ਸੈਂਸੈਕਸ ਵੀਰਵਾਰ ਨੂੰ ਵੀ ਡਿੱਗ ਗਏ। ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਵਿੱਚ ਕਾਫ਼ੀ ਘਬਰਾਹਟ ਹੈ ਜਿਸ ਕਰ ਕੇ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਆਈ ਹੈ। ਭਾਰਤ ਦੇ ਸ਼ੇਅਰ ਸੂਚਕ ਅੰਕਾਂ ਵਿੱਚ ਪਿਛਲੇ ਹਫ਼ਤੇ ਤੱਕ ਕਾਫੀ ਉਛਾਲ ਸੀ ਜਦੋਂਕਿ ਆਲਮੀ ਬਾਜ਼ਾਰਾਂ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਸੀ ਪਰ ਹੁਣ ਇਸ ਦਾ ਉਲਟਾ ਹੋਣਾ ਦੱਸਦਾ ਹੈ ਕਿ ਵੋਟਾਂ ਦੀ ਗਿਣਤੀ ਦਾ ਦਿਨ ਨਜ਼ਦੀਕ ਆਉਣ ਕਾਰਨ ਬਾਜ਼ਾਰ ਦੇ ਮਨੋਭਾਵ ਬਦਲ ਰਹੇ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਗੱਠਜੋੜ ਦੀ ਧਮਾਕੇਦਾਰ ਜਿੱਤ ਦਾ ਹੁਣ ਅਗਾਊਂ ਹੀ ਪੱਕਾ ਅਨੁਮਾਨ ਨਹੀਂ ਲਾਇਆ ਜਾ ਸਕਦਾ।