ਤੰਬਾਕੂ ਦਾ ਸੇਵਨ ਦਿੰਦੈ ਕੈਂਸਰ ਨੂੰ ਸੱਦਾ!

ਭਾਰਤ ’ਚ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਕ ਖੋਜ ਅਨੁਸਾਰ ਭਾਰਤ ’ਚ ਹਰ 10ਵਾਂ ਵਿਅਕਤੀ ਕਿਸੇ ਨਾ ਕਿਸੇ ਰੂਪ ਵਿਚ ਤੰਬਾਕੂ ਦਾ ਸੇਵਨ ਕਰਦਾ ਹੈ। ਤੰਬਾਕੂ ਦੇ ਜ਼ਿਆਦਾ ਸੇਵਨ ਨਾਲ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਤੰਬਾਕੂ ’ਚ ਕ੍ਰੋਮੀਅਮ, ਆਰਸੈਨਿਕ, ਬੈਂਜੋਪਾਇਰੀਨ, ਨਿਕੋਟੀਨ ਵਰਗੇ ਤੱਤ ਜ਼ਿਆਦਾ ਮਾਤਰਾ ਵਿਚ ਪਾਏ ਜਾਂਦੇ ਹਨ। ਬਹੁਤੇ ਲੋਕਾਂ ਨੂੰ ਪਤਾ ਵੀ ਹੈ ਕਿ ਤੰਬਾਕੂ ਦੀ ਵਰਤੋਂ ਨਾਲ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ, ਫਿਰ ਵੀ ਬਿਨਾਂ ਕੋਈ ਪਰਵਾਹ ਕੀਤਿਆਂ ਇਸ ਦਾ ਸੇਵਨ ਕਰਦੇ ਹਨ। ਇਨ੍ਹਾਂ ਗੰਭੀਰ ਬਿਮਾਰੀਆਂ ਤੋਂ ਜਾਗਰੂਕ ਕਰਨ ਦੇ ਮਕਸਦ ਨਾਲ ਹੀ ਡਬਲਿਊਐੱਚਓ ਵੱਲੋਂ ਹਰ ਸਾਲ 31 ਮਈ ਨੂੰ ‘ਵਿਸ਼ਵ ਤੰਬਾਕੂ ਰਹਿਤ ਦਿਵਸ’ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਦੇਸ਼ਾਂ ਨੇ 31 ਮਈ ਨੂੰ ਸਿਗਰਟਨੋਸ਼ੀ ਨੂੰ ਰੋਕਣ ਦਾ ਦਿਨ ਨਿਰਧਾਰਤ ਕੀਤਾ ਹੈ।

ਤੰਬਾਕੂ ਨੂੰ ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਭਾਰਤ ’ਚ ਹਜ਼ਾਰਾਂ ਲੋਕ ਲਿਵਰ ਕੈਂਸਰ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ। ਤੰਬਾਕੂ ਦੀ ਵਰਤੋਂ ਕਰਨ ਨਾਲ ਕੋਲਨ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਭਾਰਤ ’ਚ ਸਿਰਫ਼ ਮਰਦ ਹੀ ਨਹੀਂ ਸਗੋਂ ਔਰਤਾਂ ਵੀ ਮੂੰਹ ਦੇ ਕੈਂਸਰ ਨਾਲ ਜੂਝ ਰਹੀਆਂ ਹਨ। ਤੰਬਾਕੂ ਦੇ ਸੇਵਨ ਕਾਰਨ ਬੋਲਦੇ ਸਮੇਂ ਕਈ ਲੋਕਾਂ ਦੇ ਮੂੰਹ ਵਿੱਚੋਂ ਥੁੱਕ ਵੀ ਨਿਕਲਣ ਲੱਗਦਾ ਹੈ। ਔਰਤਾਂ ਨੂੰ ਛਾਤੀ ਦੇ ਕੈਂਸਰ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਵਿਸ਼ਵ ਤੰਬਾਕੂ ਰਹਿਤ ਦਿਵਸ ਆਮ ਲੋਕਾਂ ਨੂੰ ਤੰਬਾਕੂ ਜਾਂ ਇਸ ਦੇ ਉਤਪਾਦਾਂ ਦੀ ਖਪਤ ਨੂੰ ਰੋਕਣ ਜਾਂ ਘਟਾਉਣ ਲਈ ਉਤਸ਼ਾਹਿਤ ਕਰਨ ਲਈ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ।

ਅੰਤਰਰਾਸ਼ਟਰੀ ਤੰਬਾਕੂ ਰਹਿਤ ਦਿਵਸ ਲੋਕਾਂ ਤੇ ਸਰਕਾਰ ਦਾ ਧਿਆਨ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦੇ ਨਾਲ-ਨਾਲ ਵਿਸ਼ਵ ਪੱਧਰ ’ਤੇ ਤੰਬਾਕੂ ਦੇ ਸੇਵਨ ਤੋਂ ਬਚਾਉਣ ਲਈ ਸਾਰੇ ਪ੍ਰਭਾਵਸ਼ਾਲੀ ਕਦਮਾਂ ਦੀ ਅਸਲ ਲੋੜ ਵੱਲ ਖਿੱਚਣ ਲਈ ਮਨਾਇਆ ਜਾਂਦਾ ਹੈ। ਸਿਹਤ ’ਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਪੂਰੇ ਵਿਸ਼ਵ ਨੂੰ ਤੰਬਾਕੂ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਇਸ ਨਾਲ ਹੋਣ ਵਾਲੀਆਂ ਸਮੱਸਿਆਵਾਂ ਤੋਂ ਮੁਕਤ ਕਰਨ ਲਈ ਡਬਲਿਊਐੱਚਓ ਵੱਲੋਂ ਸਿਹਤ ਸੰਬੰਧੀ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।

ਇਸ ਸਾਲ ਦਾ ਵਿਸ਼ਵ ਤੰਬਾਕੂ ਰਹਿਤ ਦਿਵਸ ‘ਤੰਬਾਕੂ ਉਦਯੋਗ ਦੇ ਦਖ਼ਲ ਤੋਂ ਬੱਚਿਆਂ ਦੀ ਸੁਰੱਖਿਆ’ ਦੇ ਥੀਮ ਤਹਿਤ ਮਨਾਇਆ ਜਾਵੇਗਾ। ਇਸ ਵਾਰ ਮੁੱਖ ਫੋਕਸ ਨਵੀਂ ਪੀੜ੍ਹੀ ਨੂੰ ਤੰਬਾਕੂ ਦੇ ਉਪਯੋਗ ਤੋਂ ਰੋਕਣ ਲਈ ਮਜ਼ਬੂਤ ਨਿਯਮਾਂ ਨੂੰ ਲਾਗੂ ਕਰਨ ਲਈ ਅੰਤਰਰਾਸ਼ਟਰੀ ਯਤਨਾਂ ਨੂੰ ਲਾਮਬੰਦ ਕਰਨ ’ਤੇ ਹੈ, ਤਾਂ ਜੋ ਨੌਜਵਾਨਾਂ ਨੂੰ ਹਾਨੀਕਾਰਕ ਤੰਬਾਕੂ ਉਤਪਾਦਾਂ ਤੇ ਲੁਭਾਵਣੇ ਇਸ਼ਤਿਹਾਰਾਂ ਤੋਂ ਬਚਾਇਆ ਜਾ ਸਕੇ। ਸਰਵੇ ਅਨੁਸਾਰ ਦੁਨੀਆ ਭਰ ’ਚ ਹਰ ਸਾਲ ਲਗਭਗ 3.5 ਮਿਲੀਅਨ ਹੈਕਟੇਅਰ ਜ਼ਮੀਨ ਤੰਬਾਕੂ ਉਗਾਉਣ ਲਈ ਵਰਤੀ ਜਾਂਦੀ ਹੈ। ਵੱਧ ਰਹੀ ਤੰਬਾਕੂ ਦੀ ਵਰਤੋਂ ਹਰ ਸਾਲ ਲਗਭਗ 200000 ਹੈਕਟੇਅਰ ਜੰਗਲਾਂ ਦੀ ਕਟਾਈ ਵਿਚ ਵੀ ਅਹਿਮ ਭੁਮਿਕਾ ਨਿਭਾਉਂਦੀ ਹੈ, ਜੋ ਮਨੁੱਖੀ ਜੀਵਨ ਲਈ ਸਰਾਪ ਵਾਂਗ ਹੈ। ਤੰਬਾਕੂ ਉਗਾਉਣ ਲਈ ਵਰਤੀ ਜਾਣ ਵਾਲੀ ਜ਼ਮੀਨ ’ਚ ਹੋਰ ਫ਼ਸਲਾਂ ਉਗਾਉਣ ਦੀ ਸਮਰੱਥਾ ਘੱਟ ਹੁੰਦੀ ਹੈ ਕਿਉਂਕਿ ਇਹ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘਟਾਉਂਦਾ ਹੈ।

ਇੱਕ ਰਿਪੋਰਟ ਅਨੁਸਾਰ ਤੰਬਾਕੂ ਦੇ ਸੇਵਨ ਦੌਰਾਨ 10 ਸਕਿੰਟਾਂ ਅੰਦਰ ਇਸ ਦੇ ਧੂੰਏਂ ’ਚ ਮੌਜੂਦ ਜ਼ਹਿਰੀਲੇ ਰਸਾਇਣ ਤੁਹਾਡੇ ਦਿਮਾਗ਼, ਦਿਲ ਤੇ ਹੋਰ ਅੰਗਾਂ ਤਕ ਪਹੁੰਚ ਜਾਂਦੇ ਹਨ। ਸਿਗਰਟਨੋਸ਼ੀ ਤੁਹਾਡੇ ਸਰੀਰ ਦੇ ਲਗਭਗ ਹਰ ਹਿੱਸੇ ਨੂੰ ਨੁਕਸਾਨ ਪਹੁੰਚਾਉਂਦੀ ਹੈ ਤੇ ਕਈ ਬਿਮਾਰੀਆਂ ਦੇ ਜੋਖ਼ਮ ਨੂੰ ਵਧਾਉਂਦੀ ਹੈ। ਅਸਲ ’ਚ ਲੰਬੇ ਸਮੇਂ ਤਕ ਸਿਗਰਟਨੋਸ਼ੀ ਕਰਨ ਵਾਲੇ ਦੋ ਤਿਹਾਈ ਲੋਕਾਂ ਦੀ ਉਮਰ ਤੰਬਾਕੂਨੋਸ਼ੀ ਨਾ ਕਰਨ ਵਾਲਿਆਂ ਦੇ ਮੁਕਾਬਲੇ ਔਸਤਨ 10 ਸਾਲ ਘੱਟ ਹੋ ਜਾਂਦੀ ਹੈ। ਸਿਗਰਟਨੋਸ਼ੀ ਦਾ ਮਾਨਸਿਕ ਸਿਹਤ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਤੰਬਾਕੂਨੋਸ਼ੀ ਕਾਰਨ ਇਕ ਸਾਲ ’ਚ ਇਕੱਲੇ ਭਾਰਤ ਵਿਚ ਹੀ 10 ਲੱਖ ਲੋਕ ਮੌਤ ਦੇ ਮੂੰਹ ’ਚ ਜਾ ਰਹੇ ਹਨ। ਇਕ ਸਰਵੇ ਅਨੁਸਾਰ ਸਾਲ 2015 ਤਕ ਤੰਬਾਕੂ ਵਿਰੋਧੀ ਲੜਾਈ ’ਚ ਭਾਰਤ 123ਵੇਂ ਨੰਬਰ ’ਤੇ ਸੀ। ਵਿਸ਼ਵ ਸਿਹਤ ਸੰਗਠਨ ਵੱਲੋਂ ਤੰਬਾਕੂ ਦੀ ਵਰਤੋਂ ਵਿਰੁੱਧ ਸ਼ੁਰੂ ਕੀਤੀ ਗਈ ਲੜਾਈ ’ਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਸਿਗਰਟਨੋਸ਼ੀ ਦਾ ਕੋਈ ਸੁਰੱਖਿਅਤ ਪੱਧਰ ਨਹੀਂ ਹੈ। ਸਭ ਤੋਂ ਵਧੀਆ ਬਦਲ ਸਿਗਰਟ ਛੱਡਣਾ ਹੈ।

ਅਸਲ ’ਚ ਤੰਬਾਕੂ ਉਤਪਾਦ ਹਰ ਸਾਲ ਵਿਸ਼ਵ ਪੱਧਰ ’ਤੇ ਲਗਭਗ 2.4 ਮਿਲੀਅਨ ਮੌਤਾਂ ਦਾ ਕਾਰਨ ਬਣਦੇ ਹਨ, ਜੋ ਕੈਂਸਰ ਕਾਰਨ ਹੋਣ ਵਾਲੀਆਂ ਸਾਰੀਆਂ ਮੌਤਾਂ (10 ਮਿਲੀਅਨ) ਦਾ ਇਕ ਚੌਥਾਈ ਹਿੱਸਾ ਹੈ। ਤੰਬਾਕੂ ਦੀ ਵਰਤੋਂ ਨੂੰ ਰੋਕਣਾ ਅੱਜ ਦੇ ਸਮੇਂ ਦਾ ਪ੍ਰਮੁੱਖ ਮੁੱਦਾ ਹੈ, ਜੋ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ’ਚ ਰੁਕਾਵਟ ਬਣਦਾ ਹੈ। ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੀ ਸਿਹਤ ’ਤੇ ਸਿੱਧਾ ਹਾਨੀਕਾਰਕ ਪ੍ਰਭਾਵ ਤਾਂ ਪੈਂਦਾ ਹੀ ਹੈ, ਨਾਲ ਹੀ ਦੇਸ਼ ਦੀ ਆਰਥਿਕਤਾ, ਵਾਤਾਵਰਨ, ਔਰਤਾਂ ਦੀ ਸਿਹਤ ਤੇ ਬਾਲ ਮਜ਼ਦੂਰੀ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਸਾਂਝਾ ਕਰੋ

ਪੜ੍ਹੋ