ਤਾਪਮਾਨ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਤਾਪਮਾਨ ਵਧਣ ਕਰਕੇ ਪੈਦਾ ਹੋਈ ਗਰਮੀ ਨਾਲ ਸਰੀਰ ’ਚ ਪਾਣੀ ਦੀ ਕਮੀ ਹੋ ਸਕਦੀ ਹੈ, ਇਸ ਲਈ ਡੀਹਾਈਡ੍ਰੇਸ਼ਨ ਦੇ ਕਾਰਨਾਂ, ਲੱਛਣਾਂ, ਬਚਾਅ ਤੇ ਇਲਾਜ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਸਰੀਰ ਦੇ ਵਜ਼ਨ ਦਾ 70 ਫ਼ੀਸਦੀ ਹਿੱਸਾ ਪਾਣੀ ਹੈ। ਜ਼ਿਆਦਾਤਰ ਪਾਣੀ ਕੌਸ਼ਿਕਾਵਾਂ ਵਿਚ ਪਾਇਆ ਜਾਂਦਾ ਹੈ, ਬਾਕੀ ਲਹੂ ਵਹਿਣੀਆਂ ਜਾਂ ਕੌਸ਼ਿਕਾਵਾਂ ਦੇ ਵਿਚਕਾਰਲੇ ਸਥਾਨ ’ਚ ਭਰਿਆ ਹੁੰਦਾ ਹੈ, ਜਿਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਤੰਦਰੁਸਤ ਰਹਿਣ ਲਈ ਪਾਣੀ ਕਿੰਨਾ ਜ਼ਰੂਰੀ ਹੈ। ਜੇ ਸਰੀਰ ’ਚ ਪਾਣੀ ਦੀ ਕਮੀ ਹੋ ਜਾਵੇ ਤਾਂ ਉਸ ਨੂੰ ਡੀਹਾਈਡ੍ਰੇਸ਼ਨ ਜਾਂ ਨਿਰਜਲੀਕਰਨ ਕਿਹਾ ਜਾਂਦਾ ਹੈ। ਗਰਮੀ ਕਾਰਨ ਹੋਣ ਵਾਲੀ ਇਹ ਆਮ ਸਮੱਸਿਆ ਹੈ ਪਰ ਆਮ ਦਿਖਣ ਵਾਲੀ ਇਹ ਸਮੱਸਿਆ ਵੱਡੀਆਂ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਹੈ ਤੇ ਜਾਨਲੇਵਾ ਵੀ ਸਿੱਧ ਹੋ ਸਕਦੀ ਹੈ। ਡੀਹਾਈਡ੍ਰੇਸ਼ਨ ’ਚ ਸਰੀਰ ਵਿੱਚੋਂ ਨਿਕਲਣ ਵਾਲੇ ਪਾਣੀ ਦੀ ਮਾਤਰਾ ਸਰੀਰ ’ਚ ਮੌਜੂਦ ਪਾਣੀ ਦੀ ਮਾਤਰਾ ਤੋਂ ਵਧੇਰੇ ਹੋ ਜਾਂਦੀ ਹੈ।
ਵਿਗਿਆਨਕ ਭਾਸ਼ਾ ’ਚ ਇਸ ਨੂੰ ਹਾਈਪੋਹਾਈਡ੍ਰੇਸ਼ਨ ਕਿਹਾ ਜਾਂਦਾ ਹੈ। ਪਾਣੀ ਦੀ ਕਮੀ ਨਾਲ ਸਰੀਰ ਵਿਚ ਖਣਿਜ ਪਦਾਰਥ, ਜਿਵੇਂ ਨਮਕ ਅਤੇ ਸ਼ੱਕਰ (ਗਲੂਕੋਜ਼) ਘੱਟ ਹੋ ਜਾਂਦੇ ਹਨ। ਇਸ ਨਾਲ ਮਾਸਪੇਸ਼ੀਆਂ ਤੇ ਨਸਾਂ ਦੀ ਕਾਰਜ ਸਮਰੱਥਾ ਘੱਟ ਹੋ ਜਾਂਦੀ ਹੈ। ਪਾਣੀ ਦੀ ਕਮੀ ਨਾਲ ਸਰੀਰ ’ਚੋਂ ਵਿਸ਼ੈਲੇ ਤੱਤ ਬਾਹਰ ਨਹੀਂ ਨਿਕਲ ਸਕਦੇ, ਜਿਨ੍ਹਾਂ ਨਾਲ ਪਾਚਨ ਪ੍ਰਣਾਲੀ ਕਮਜ਼ੋਰ ਹੋਣ ਦੇ ਨਾਲ-ਨਾਲ ਅੰਤੜੀਆਂ ਦੀ ਇਨਫੈਕਸ਼ਨ, ਜੋੜਾਂ ਤੇ ਮਾਸਪੇਸ਼ੀਆਂ ਵਿਚ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਪਾਣੀ ਦੀ ਕਮੀ ਹੈ। ਗਰਮੀ ’ਚ ਜਦੋਂ ਅਸੀਂ ਘੱਟ ਪਾਣੀ ਪੀਂਦੇ ਹਾਂ ਤਾਂ ਇਹ ਸਮੱਸਿਆ ਪੈਦਾ ਹੁੰਦੀ ਹੈ। ਹੋਰ ਕਾਰਨਾਂ ’ਚ ਉਲਟੀਆਂ ਆਉਣਾ, ਦਸਤ, ਧੁੱਪ ਦਾ ਦੁਰਪ੍ਰਭਾਵ, ਲੋੜ ਤੋਂ ਵਧੇਰੇ ਕਸਰਤ, ਖਾਣ-ਪੀਣ ਦਾ ਸਹੀ ਸਮਾਂ ਨਾ ਹੋਣਾ ਸ਼ਾਮਿਲ ਹਨ। ਇਸ ਤੋਂ ਇਲਾਵਾ ਬੁਖ਼ਾਰ, ਹਾਈਪਰਟੈਂਸ਼ਨ, ਬਹੁਤ ਜ਼ਿਆਦਾ ਅਲਕੋਹਲ ਦਾ ਸੇਵਨ, ਹੈਜ਼ਾ, ਕੁਪੋਸ਼ਣ ਵਰਗੀਆਂ ਬਿਮਾਰੀਆਂ ਵੀ ਡੀਹਾਈਡ੍ਰੇਸ਼ਨ ਦਾ ਕਾਰਨ ਬਣਦੀਆਂ ਹਨ। ਜਦੋਂ ਕੋਈ ਵਿਅਕਤੀ ਡੀਹਾਈਡ੍ਰੇਸ਼ਨ ਦੀ ਸਮੱਸਿਆ ਵਿੱਚੋਂ ਲੰਘਦਾ ਹੈ ਤਾਂ ਉਸ ਨੂੰ ਬਿਨਾਂ ਕਿਸੇ ਕਾਰਨ ਤੋਂ ਘਬਰਾਹਟ, ਕਬਜ਼ ਦੀ ਸਮੱਸਿਆ, ਚੱਕਰ ਆਉਣੇ, ਮੂੰਹ ਵਾਰ-ਵਾਰ ਸੁੱਕਣਾ, ਚਮੜੀ ਦਾ ਖ਼ੁਸ਼ਕ ਹੋਣਾ, ਸਿਰ ਦਰਦ, ਸਰੀਰ ਦਾ ਕਮਜ਼ੋਰ ਹੋ ਜਾਣਾ, ਪਿਸ਼ਾਬ ਦਾ ਪੀਲਾ ਹੋਣਾ, ਵਧੇਰੇ ਥਕਾਵਟ ਮਹਿਸੂਸ ਕਰਨਾ, ਮਾਸਪੇਸ਼ੀਆਂ ਦਾ ਤਣਾਅ ਆਦਿ ਲੱਛਣ ਸਾਹਮਣੇ ਆਉਂਦੇ ਹਨ।
ਗਰਮੀ ਦੇ ਮੌਸਮ ’ਚ ਲੂ, ਡੀਹਾਈਡ੍ਰੇਸ਼ਨ ਤੇ ਸਨਸਟ੍ਰੋਕ ਦੀਆਂ ਸਮੱਸਿਆਵਾਂ ਤੋਂ ਲੋਕ ਵਧੇਰੇ ਪ੍ਰੇਸ਼ਾਨ ਰਹਿੰਦੇ ਹਨ। ਆਮ ਤੌਰ ’ਤੇ ਲੋਕ ਇਸ ਨੂੰ ਮਾਮੂਲੀ ਸਮੱਸਿਆ ਸਮਝਦੇ ਹਨ ਪਰ ਸਰੀਰ ’ਚ ਪਾਣੀ ਦੀ ਕਮੀ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਸਮੇਂ ਸਿਰ ਬਚਾਅ ਨਾ ਕਰਨ ’ਤੇ ਇਹ ਜਾਨਲੇਵਾ ਵੀ ਹੋ ਸਕਦਾ ਹੈ। ਇਸ ਤੋਂ ਬਚਾਅ ਲਈ ਉਪਾਅ ਸੌਖੇ ਹਨ ਪਰ ਅਸੀਂ ਇਸ ਨੂੰ ਅਣਗੌਲਿਆ ਕਰ ਦਿੰਦੇ ਹਾਂ ਤੇ ਫਿਰ ਗੰਭੀਰ ਸਮੱਸਿਆ ਹੋਣ ’ਤੇ ਡਾਕਟਰ ਕੋਲ ਜਾਣਾ ਪੈਂਦਾ ਹੈ। ਜਦੋਂ ਸਰੀਰ ਵਿਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਸਾਹ ਪ੍ਰਣਾਲੀ ਵਿਚ ਸਮੱਸਿਆ ਪੈਦਾ ਹੁੰਦੀ ਹੈ, ਜਿਸ ਕਰਕੇ ਸਾਹ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਜੇ ਕਿਸੇ ਵਿਅਕਤੀ ਨੂੰ ਅਸਥਮਾ ਦਾ ਅਟੈਕ ਆਇਆ ਹੋਵੇ ਜਾਂ ਆਮ ਤੌਰ ’ਤੇ ਅਟੈਕ ਆਉਂਦਾ ਹੋਵੇ ਤਾਂ ਉਸ ਵਿਅਕਤੀ ਨੂੰ ਪਾਣੀ ਵਧੇਰੇ ਪੀਣਾ ਚਾਹੀਦਾ ਹੈ। ਉੱਚ ਖ਼ੂਨ ਦੇ ਦਬਾਓ ਵਾਲੇ ਵਿਅਕਤੀ ਨੂੰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਥੋੜ੍ਹਾ-ਥੋੜ੍ਹਾ ਪਾਣੀ ਜ਼ਰੂਰ ਪੀਣਾ ਚਾਹੀਂਦਾ ਹੈ। ਜਦੋਂ ਲੋੜ ਅਨੁਸਾਰ ਸਰੀਰ ਨੂੰ ਪਾਣੀ ਨਹੀਂ ਮਿਲਦਾ ਤਾਂ ਸਰੀਰ ਜ਼ਿਆਦਾ ਮਾਤਰਾ ’ਚ ਕੋਲੈਸਟ੍ਰੋਲ ਬਣਾਉਣ ਲੱਗਦਾ ਹੈ ਅਤੇ ਹਾਈ ਐੱਲਡੀਐੱਲ ਦਿਲ ਦੇ ਰੋਗ ਸਮੇਤ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਜੇ ਸਰੀਰ ਨੂੰ ਲੋੜੀਂਦਾ ਪਾਣੀ ਮਿਲਦਾ ਰਹੇ ਤਾਂ ਕੋਲੈਸਟ੍ਰੋਲ ਦੀ ਸਮੱਸਿਆ ਪੈਦਾ ਨਹੀਂ ਹੋਵੇਗੀ।
ਲੋੜੀਂਦੀ ਮਾਤਰਾ ਵਿਚ ਪਾਣੀ ਨਾ ਮਿਲਣ ’ਤੇ ਸਰੀਰ ਵਿਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਕਮੀ ਹੁੰਦੀ ਹੈ, ਜਿਸ ਨਾਲ ਸਰੀਰ ਵਿਚ ਪਾਚਨ ਨਾਲ ਸਬੰਧਿਤ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਵੇਂ ਅਲਸਰ, ਗੈਸ ਅਤੇ ਐਸਿਡ ਰਿਫਲੈਕਸ ਆਦਿ। ਖਾਣੇ ਨੂੰ ਪਚਾਉਣ ਲਈ ਪਾਣੀ ਦੀ ਲੋੜ ਹੁੰਦੀ ਹੈ। ਸਰੀਰ ਵਿਚ ਨਿਰੰਤਰ ਚੱਲਣ ਵਾਲੀਆਂ ਅਨੇਕਾਂ ਰਸਾਇਣਕ ਕਿਰਿਆਵਾਂ ਕਾਰਨ ਕੁਝ ਵਿਸ਼ੈਲੇ ਤੱਤਾਂ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਲਈ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਦੀ ਘਾਟ ਕਾਰਨ ਇਹ ਵਿਸ਼ੈਲੇ ਤੱਤ ਸਰੀਰ ਵਿਚ ਹੀ ਰਹਿੰਦੇ ਹਨ ਅਤੇ ਛੋਟੇ-ਛੋਟੇ ਕਿ੍ਰਸਟਲਾਂ ਦਾ ਨਿਰਮਾਣ ਕਰਦੇ ਹਨ, ਜੋ ਪੱਥਰੀ ਸਮੇਤ ਹੋਰ ਕਈ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਸਭ ਤੋਂ ਪਹਿਲਾਂ ਸਰੀਰ ’ਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਪਾਣੀ ਤੇ ਖਣਿਜ ਦੀ ਪੂਰਤੀ ਕਰਨਾ ਜ਼ਰੂਰੀ ਹੈ, ਜਿਸ ਲਈ ਘਰੇਲੂ ਪੀਣ ਵਾਲੇ ਪਦਾਰਥ ਲਏ ਜਾ ਸਕਦੇ ਹਨ।
ਕੱਚੇ ਦੁੱਧ ਦੀ ਪਤਲੀ ਲੱਸੀ, ਸ਼ਿਕੰਜਵੀ, ਨਾਰੀਅਲ ਪਾਣੀ, ਬੇਲ ਦਾ ਸ਼ਰਬਤ, ਲੱਸੀ, ਓਆਰਐੱਸ ਦਾ ਘੋਲ ਥੋੜੀ-ਥੋੜ੍ਹੀ ਦੇਰ ਬਾਅਦ ਲੈਂਦੇ ਰਹਿਣਾ ਚਾਹੀਦਾ ਹੈ। ਜ਼ਿਆਦਾ ਧੁੱਪ ਵਿਚ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ। ਜੇ ਬਹੁਤ ਜ਼ਰੂਰੀ ਕੰਮ ਲਈ ਜਾਣਾ ਵੀ ਹੋਵੇ ਤਾਂ ਸਿੱਧੇ ਰੂਪ ਵਿਚ ਧੁੱਪ ਦੇ ਸੰਪਰਕ ’ਚ ਆਉਣ ਤੋਂ ਬਚਿਆ ਜਾਵੇ ਅਤੇ ਛੱਤਰੀ ਆਦਿ ਦੀ ਵਰਤੋਂ ਕੀਤੀ ਜਾਵੇ। ਘਰੋਂ ਬਾਹਰ ਨਿਕਲ ਕੇ ਕਰਨ ਵਾਲੇ ਕੰਮਾਂ ਨੂੰ ਸਵੇਰੇ ਜਾਂ ਸ਼ਾਮ ਵੇਲੇ ਕਰਨ ਨੂੰ ਤਰਜੀਹ ਦਿੱਤੀ ਜਾਵੇ। ਬੱਚਿਆਂ ਤੇ ਬਜ਼ੁਰਗਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ। ਪਾਣੀ ਨਾਲ ਭਰਪੂਰ ਮੌਸਮੀ ਫਲਾਂ, ਜਿਵੇਂ ਤਰਬੂਜ਼, ਖਰਬੂਜ਼ਾ ਤੋਂ ਇਲਾਵਾ ਸਲਾਦ ਨੂੰ ਆਪਣੀ ਰੋਜ਼ਾਨਾ ਖ਼ੁਰਾਕ ’ਚ ਸ਼ਾਮਿਲ ਕੀਤਾ ਜਾਵੇ। ਗੰਭੀਰ ਹਾਲਤ ’ਚ ਵਿਚ ਡਾਕਟਰੀ ਸਲਾਹ ਲਈ ਜਾਵੇ।