ਗੁਰੂ ਨਾਨਕ ਦੇਵ ਜੀ ਨੇ ਜਿੱਥੇ ਲੋਕਾਈ ਨੂੰ ਮਿਆਰੀ, ਪਰਉਪਕਾਰੀ ਅਤੇ ਵਿਹਾਰੀ (ਅਮਲੀ) ਜੀਵਨ ਜਿਊਣ ਦਾ ਉਪਦੇਸ਼ ਦਿੱਤਾ, ਉੱਥੇ ਹੀ ‘ਸਿਰ ਤਲੀ ’ਤੇ ਧਰ ਕੇ ਪ੍ਰੇਮ (ਰੱਬੀ) ਦੀ ਖੇਡ ਖੇਡਣ ਦੀ ਵੰਗਾਰ ਵੀ ਦਿੱਤੀ ਹੈ।’ ਇਹ ਖੇਡ ਖੇਡਣ ਲਈ ਸੰਤ ਸੁਭਾਅ ਦੇ ਨਾਲ ਸਿਪਾਹੀਅਤ (ਜੂਝਾਰੂ ਬਿਰਤੀ) ਨੂੰ ਵੀ ਬਰਾਬਰ ਅਹਿਮੀਅਤ ਦਿੱਤੀ ਗਈ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ:
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥
ਇਸ ਪਤਿ ਦੀ ਸਲਾਮਤੀ ਹਿੱਤ ਅਤੇ ਸਿੱਖੀ ਨੂੰ ਅਣਖ ਦੀ ਪਾਣ ਚੜ੍ਹਾਈ (ਸ਼ਸਤਰਧਾਰੀ ਹੋ ਕੇ) ਰੱਖਣ ਲਈ ਛੇਵੇਂ ਗੁਰੂ ਹਰਿਗੋਬਿੰਦ ਜੀ ਨੇ ਆਪਣੇ ਗੁਰਿਆਈ ਦੇ ਸਮੇਂ ਦੋ ਤਲਵਾਰਾਂ ਧਾਰਨ ਕੀਤੀਆਂ ਜਿਸ ਨੂੰ ਸਿੱਖ ਇਤਿਹਾਸ ਵਿਚ ਮੀਰੀ ਅਤੇ ਪੀਰੀ ਦਾ ਨਾਮ ਦਿੱਤਾ ਗਿਆ ਹੈ। ਧਰਮ ਅਤੇ ਰਾਜਨੀਤੀ ਦੀ ਇਸ ਨਿਵੇਕਲੀ ਪਰ ਚਿਰਸਥਾਈ ਸਾਂਝ ਨਾਲ ਸਿੱਖ ਧਰਮ ਇਕ ਅਤਿ ਅਣਖੀਲੇ ਅਤੇ ਕ੍ਰਾਂਤੀਕਾਰੀ ਮੋੜ ਵੱਲ ਮੁੜ ਗਿਆ ਜਿਸ ਨੂੰ ਭਾਈ ਗੁਰਦਾਸ ਜੀ ਨੇ ਇੰਝ ਬਿਆਨਿਆ ਹੈੈ:
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ॥
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ।
ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।
ਗੁਰੂ ਹਰਿਗੋਬਿੰਦ ਜੀ ਦਾ ਜਨਮ 21 ਹਾੜ੍ਹ ਸੰਮਤ 1652 ਮੁਤਾਬਕ 19 ਜੂਨ 1595 (ਕੁੱਝ ਇਤਿਹਾਸਕਾਰਾਂ ਦੀ ਰਾਇ 9 ਅਤੇ 14 ਜੂਨ ਬਾਰੇ ਵੀ ਹੈ) ਨੂੰ ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਵੱਸੇ ਨਗਰ ਵਡਾਲੀ (ਗੁਰੂ ਕੀ) ਵਿੱਚ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਹੋਇਆ।
ਛੇਵੇਂ ਗੁਰੂ ਦੇ ਪ੍ਰਕਾਸ਼ ਦਿਹਾੜੇ ਦੀ ਜਿੱਥੇ ਸੰਗਤ ਨੇ ਖੁਸ਼ੀ ਮਨਾਈ ਉਥੇ ਗੁਰੂ ਘਰ ਦੇ ਦੋਖੀਆਂ ਨੂੰ ਅਫਸੋਸ ਵੀ ਹੋਇਆ। ਇਨ੍ਹਾਂ ਦੋਖੀਆਂ ਵਿਚ ਪ੍ਰਮੁੱਖ ਨਾਮ ਪ੍ਰਿਥੀ ਚੰਦ ਦਾ ਸੀ ਜੋ ਪਰਿਵਾਰਕ ਤੌਰ ’ਤੇ ਗੁਰੂ ਸਾਹਿਬ ਦੇ ਤਾਇਆ ਜੀ ਲੱਗਦੇ ਸਨ। ਗੁਰਗੱਦੀ ’ਤੇ ਕਬਜ਼ਾ ਕਰਨ ਲਈ ਈਰਖਾਲੂ ਪ੍ਰਿਥੀ ਚੰਦ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਾਰਨ ਦੀਆਂ ਦੋ ਵਿਉਂਤਾਂ ਬਣਾਈਆਂ ਪਰ ਗੁਰੂ ਸਾਹਿਬ ਬਚ ਗਏ।
ਗੁਰੂ ਅਰਜਨ ਦੇਵ ਜੀ ਸਰਬੱਤ ਦੇ ਭਲੇ ਅਤੇ ਗੁਰਸਿੱਖੀ ਦੇ ਪ੍ਰਚਾਰ ਲਈ ਲਾਹੌਰ ਗਏ ਹੋਏ ਸਨ। ਉਹ ਪਰਿਵਾਰ ਸਮੇਤ 1597 ਈ. ਨੂੰ ਵਡਾਲੀ ਗੁਰੂ ਕੀ ਆ ਗਏ। ਵਡਾਲੀ ਤੋਂ ਗੁਰੂ ਜੀ ਨੂੰ ਅੰਮ੍ਰਿਤਸਰ ਆਉਣਾ ਪਿਆ। ਪ੍ਰਿਥੀ ਚੰਦ ਵੀ ਅੰਮ੍ਰਿਤਸਰ ਹੀ ਰਹਿੰਦਾ ਸੀ। ਉਸ ਦੀਆਂ ਪਹਿਲੀਆਂ ਦੋ ਚਾਲਾਂ ਕਾਰਨ ਉਸ ਦੇ ਹੱਥ ਪੱਲੇ ਤਾਂ ਕੁੱਝ ਪਿਆ ਨਹੀਂ ਸਗੋਂ ਨਮੋਸ਼ੀ ਹੀ ਸਹਿਣੀ ਪਈ। ਇਸ ਵਾਰ ਉਹ ਥੋੜ੍ਹਾ ਵਧੇਰੇ ਚੌਕਸ ਹੋ ਗਿਆ। ਇਸ ਵਾਰ ਉਸ ਨੇ ਪੂਰੀ ਚੌਕਸੀ ਨਾਲ ਗੁਰੂ ਜੀ ’ਤੇ ਤੀਸਰਾ ਹਮਲਾ ਕੀਤਾ। ਇਸ ਹਮਲੇ ਤਹਿਤ ਉਸ ਨੇ ਇਕ ਖਿਡਾਵੇ ਨੂੰ ਲਾਲਚ ਦੇ ਕੇ ਬਾਲ-ਗੁਰੂ ਨੂੰ ਦਹੀਂ ਵਿਚ ਜ਼ਹਿਰ ਮਿਲਾ ਕੇ ਦੇਣ ਲਈ ਕਿਹਾ। ਪਰ ਗੁਰੂ ਸਾਹਿਬ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਖਿਡਾਵਾ ਕੋਈ ਧੱਕੇਸ਼ਾਹੀ ਕਰਦਾ, ਗੁਰੂ ਅਰਜਨ ਦੇਵ ਜੀ ਵੀ ਉੱਥੇ ਪਹੁੰਚ ਗਏ। ਖਿਡਾਵੇ ਨੂੰ ਆਪਣੀ ਅਤਿ ਨੀਚ ਹਰਕਤ ਦੀ ਕੀਮਤ (ਸੂਲ ਪੈ ਜਾਣ ਕਾਰਨ) ਜਾਨੋਂ ਹੱਥ ਧੋ ਕੇ ਚੁਕਾਉਣੀ ਪਈ।
1605 ਈ. ਦੇ ਅਕਤੂਬਰ ਮਹੀਨੇ ਜਹਾਂਗੀਰ ਦੀ ਤਖਤਪੋਸ਼ੀ ਹੋਣ ਨਾਲ ਅਕਬਰ ਵੱਲੋਂ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਸਤਿਕਾਰ ਵਾਲੀ ਨੀਤੀ ਦਮ ਤੋੜ ਗਈ। ਰਾਜ ਦਰਬਾਰ ਤੰਗ-ਦਿਲ ਅਤੇ ਫਿਰਕਾਪ੍ਰਸਤ ਮੁਸਲਮਾਨਾਂ ਦੇ ਹੱਥ ਆ ਗਿਆ। ਇਨ੍ਹਾਂ ਕੱਟੜਪੰਥੀਆਂ ਨੇ ਗੈਰ-ਮੁਸਲਮਾਨਾਂ ਪ੍ਰਤੀ ਨਫ਼ਰਤ ਵਾਲੀ ਪਹੁੰਚ ਅਖਤਿਆਰ ਕਰ ਲਈ। ਇਸ ਪਹੁੰਚ ਦਾ ਢੁਕਵਾਂ ਜਵਾਬ ਦੇਣ ਲਈ ਬਾਬਾ ਬੁੱਢਾ ਜੀ ਨੇ ਜਿੱਥੇ ਬਾਲਕ ਹਰਿਗੋਬਿੰਦ ਜੀ ਨੂੰ ਹਰਫ਼ੀ ਇਲਮ ਦਿੱਤਾ, ਉਥੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਅਤੇ ਹੋਰ ਜੰਗੀ ਕਰਤੱਬਾਂ ਦੀ ਸਿਖਲਾਈ ਵੀ ਦਿੱਤੀ।
6 ਅਪਰੈਲ 1606 ਨੂੰ ਜਹਾਂਗੀਰ ਦਾ ਪੁੱਤਰ ਖੁਸਰੋ ਬਾਗੀ ਹੋ ਕੇ ਆਗਰੇ ਤੋਂ ਪੰਜਾਬ ਵੱਲ ਭੱਜ ਪਿਆ। ਤਿੰਨ ਕੁ ਹਫ਼ਤਿਆਂ (27 ਅਪਰੈਲ) ਬਾਅਦ ਉਹ ਝਨਾ ਨਦੀ ਨੂੰ ਪਾਰ ਕਰਦਾ ਫੜਿਆ ਗਿਆ। ਸ਼ੇਖ ਅਹਿਮਦ ਸਰਹੰਦੀ ਅਤੇ ਕੁੱਝ ਹੋਰ ਕੱਟੜਪੰਥੀਆਂ ਨੇ ਜਹਾਂਗੀਰ ਦੇ ਕੰਨਾਂ ਵਿਚ ਗੁਰੂ ਅਰਜਨ ਦੇਵ ਜੀ ਖ਼ਿਲਾਫ਼ ਖੁਸਰੋ ਨੂੰ ਸਹਾਇਤਾ ਅਤੇ ਸਹਿਯੋਗ ਦੇਣ ਦੀ ਫੂਕ ਮਾਰ ਦਿੱਤੀ। ਜਹਾਂਗੀਰ ’ਤੇ ਫੂਕ ਦਾ ਅਜਿਹਾ ਅਸਰ ਹੋਇਆ ਕਿ ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਸੰਨ 1606 ਈ. ਨੂੰ ਮਈ ਦੇ ਆਖਰੀ ਹਫ਼ਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਸਿੱਖਾਂ ਨਾਲ ਤਤਕਾਲੀ ਰਾਜਨੀਤਕ ਹਾਲਾਤ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਇਸ ਵਿਚਾਰ-ਵਟਾਂਦਰੇ ਤੋਂ ਬਾਅਦ ਹਰਿਮੰਦਰ ਸਾਹਿਬ ਵਿਖੇ ਦੀਵਾਨ ਸਜਾ ਕੇ ਗੁਰਿਆਈ ਦੀ ਜ਼ਿੰਮੇਵਾਰੀ ਗਰੂ ਹਰਿਗੋਬਿੰਦ ਜੀ ਨੂੰ ਸੌਂਪ ਦਿੱਤੀ ਗਈ। ਇਸ ਮੌਕੇ ਹੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਦੋ ਤਲਵਾਰਾਂ (ਇਕ ਮੀਰੀ ਅਤੇ ਦੂਜੀ ਪੀਰੀ ਦੀ) ਪਹਿਨਾਈਆਂ ਜੋ ਸੰਸਾਰਕ ਅਤੇ ਆਤਮਕ ਪੱਖ ਦੇ ਸੁਮੇਲ ਦੀ ਗਵਾਹੀ ਦਿੰਦੀਆਂ ਸਨ।
ਗੁਰੂ ਹਰਿਗੋਬਿੰਦ ਜੀ ਦੀ ਵਰੇਸ ਭਾਵੇਂ ਅਜੇ 11 ਕੁ ਸਾਲ ਦੀ ਹੀ ਸੀ ਪਰ ਆਪਣੇ ਦੂਰਦਰਸ਼ਕ ਨਜ਼ਰੀਏ ਸਦਕਾ ਉਨ੍ਹਾਂ ਨੇ ਇਹ ਸਮਝ ਲਿਆ ਸੀ ਕਿ ਮੁਗਲ ਹਕੂਮਤ ਦੀ ਅਤਿਆਚਾਰੀ ਨੀਤੀ ਦਾ ਸਿਖਰ ਗੁਰੂ ਪਿਤਾ ਦੀ ਸ਼ਹੀਦੀ ਤੱਕ ਹੀ ਸੀਮਤ ਨਹੀਂ ਰਹੇਗਾ। ਇਸ ਨੀਤੀ ਦੇ ਸਮਰਥਕ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਵੀ ਪੂਰੀ ਕੋਸ਼ਿਸ਼ ਕਰਨਗੇ। ਹਕੂਮਤ ਦੀ ਇਸ ਭਵਿੱਖ ਮੁਖੀ ਕੋਸ਼ਿਸ਼ ਨੂੰ ਅਸਫ਼ਲ ਕਰਨ ਲਈ ਛੇਵੇਂ ਗੁਰੂ ਨੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣ ਲਿਆ। ਇਸ ਰਾਹ ’ਤੇ ਸਫ਼ਲਤਾਪੂਰਵਕ ਚੱਲਣ ਲਈ ਉਨ੍ਹਾਂ ਨੇ ਮਸੰਦਾਂ ਰਾਹੀ ਆਪਣੇ ਸਿੱਖਾਂ (ਵਿਸ਼ੇਸ਼ ਕਰ ਕੇ ਵਪਾਰੀ ਵਰਗ) ਨੂੰ ਹੁਕਮਨਾਮੇ ਭੇਜੇ ਕਿ ਸਿੱਖ ਆਪਣੇ ਦਸਵੰਧ ਦੇ ਨਾਲ ਨਾਲ ਵਧੀਆ ਘੋੜੇ ਤੇ ਸ਼ਸਤਰ ਵੀ ਖਰੀਦ ਕੇ ਭੇਜਿਆ ਕਰਨ।
ਘੋੜੇ ਅਤੇ ਹਥਿਆਰ ਜਮ੍ਹਾਂ ਕਰਨ ਦੇ ਨਾਲ-ਨਾਲ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਅਤੇ ਸੇਵਕਾਂ ਨੂੰ ਹਥਿਆਰ ਚਲਾਉਣੇ ਸਿਖਾਉਣ ਦਾ ਵੀ ਯੋਗ ਪ੍ਰਬੰਧ ਕਰ ਲਿਆ। ਇਸ ਸਿਖਲਾਈ ਲਈ ਗੁਰੂ ਜੀ ਨੇ 52 ਨਿਪੁੰਨ ਅੰਗ-ਰੱਖਿਅਕਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਉਸ ਵੇਲੇ ਫੌਜਾਂ ਰੱਖਣ ਅਤੇ ਸ਼ਿਕਾਰ ਖੇਡਣ ਦਾ ਕੰਮ ਸਿਰਫ ਰਾਜਿਆਂ-ਮਹਾਰਾਜਿਆਂ ਦੇ ਹੀ ਹਿੱਸੇ ਆਉਂਦਾ ਸੀ। ਬਾਕੀਆਂ ਲਈ ਇਹ ਵੰਗਾਰ ਸਾਬਤ ਹੋ ਰਿਹਾ ਸੀ। ਇਹ ਵੰਗਾਰ ਉਸ ਵੇਲੇ ਤਾਂ ਹੋਰ ਵੀ ਸਪੱਸ਼ਟ ਰੂਪ ਅਖਤਿਆਰ ਕਰ ਗਈ ਜਦੋਂ 1608 ਈ. ਨੂੰ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਹੋ ਗਈ। ਇਸ ਉਸਾਰੀ ਦਾ ਅਰਥ ਅਕਾਲ ਪੁਰਖ ਦਾ ਸਦੀਵੀ ਸਿੰਘਾਸਨ ਕਾਇਮ ਕਰਨਾ ਸੀ। ਅਕਾਲ ਤਖ਼ਤ ਦੇ ਸਹਾਮਣੇ ਦੋ ਨਿਸ਼ਾਨ ਸਾਹਿਬ ਰਾਜਨੀਤੀ ਅਤੇ ਧਰਮ ਦੇ ਪ੍ਰਤੀਕ ਵਜੋਂ ਸਥਾਪਿਤ ਕੀਤੇ ਗਏ। ਇਸ ਤਖ਼ਤ ਉਪਰ ਗੁਰੂ ਹਰਿਗੋਬਿੰਦ ਜੀ ਬਿਰਾਜਮਾਨ ਹੋ ਕੇ ਸੰਗਤ ਨੂੰ ਉਪਦੇਸ਼ ਦੇਣ ਦੇ ਨਾਲ-ਨਾਲ ਸਮੇਂ-ਸਮੇਂ ਹੁਕਮਨਾਮੇ ਵੀ ਜਾਰੀ ਕਰਦੇ ਸਨ। ਇਸ ਤੋਂ ਇਲਾਵਾ ਇਸ ਤਖ਼ਤ ਦੇ ਸਾਹਮਣੇ ਦੀਵਾਨ ਸਜਾ ਕੇ ਢਾਡੀਆਂ ਦੀਆਂ ਵਾਰਾਂ ਨਾਲ ਸਿੱਖ ਸੰਗਤ ਵਿਚ ਬੀਰ ਰਸ ਦਾ ਸੰਚਾਰ ਕੀਤਾ ਜਾਂਦਾ ਸੀ।
ਜਦੋਂ ਜਹਾਂਗੀਰ ਨੂੰ ਆਗਰੇ ਨੂੰ ਛੱਡ ਕੇ ਦੱਖਣੀ ਦਿਸ਼ਾ ਵੱਲ ਜਾਣਾ ਪਿਆ ਤਾਂ ਇਹ ਸਮਾਂ ਗੁਰੂ ਸਾਹਿਬ ਲਈ ਕੁਝ ਟਿਕਾਊਪਨ ਵਾਲਾ ਸਾਬਤ ਹੋਇਆ। ਇਸ ਸਮੇਂ ਦਾ ਲਾਹਾ ਗੁਰੂ ਜੀ ਨੇ ਮਾਲਵੇ ਅਤੇ ਦੁਆਬੇ ਵਿਚ ਸਿੱਖੀ ਦਾ ਪ੍ਰਚਾਰ ਕਰ ਕੇ ਲਿਆ। ਦੁਆਬੇ ਵਿਚ ਪ੍ਰਚਾਰ ਕਰਦਿਆਂ ਗੁਰੂ ਸਾਹਿਬ ਨੇ ਕਰਤਾਰਪੁਰ ਨਗਰ ਨੂੰ ਭਾਗ ਲਾਏ। ਪੈਂਦੇ ਖਾਂ ਵੀ ਇਥੇ ਹੀ ਗੁਰੂ ਕੀ ਫ਼ੌਜ ਵਿਚ ਭਰਤੀ ਹੋਇਆ ਸੀ।
ਦੁਆਬੇ ਤੋਂ ਬਾਅਦ ਗੁਰੂ ਜੀ ਆਪਣੇ ਸਾਂਢੂ (ਸਾਂਈ ਦਾਸ) ਦੇ ਪਿੰਡ ਡਰੋਲੀ ਭਾਈ ਕੀ ਵਿਖੇ ਆ ਗਏ। ਇਥੇ ਰਹਿ ਕੇ ਗੁਰੂ ਜੀ ਨੇ ਜਿੱਥੇ ਲੋੜਵੰਦਾਂ ਦੀ ਸਹਾਇਤਾ ਕੀਤੀ ਉਥੇ ਰੱਬੀ ਬਾਣੀ ਦਾ ਸੰਦੇਸ਼ ਵੀ ਘਰ-ਘਰ ਪਹੁੰਚਾਇਆ। ਇਸ ਮਗਰੋਂ ਦੁਖੀਆਂ ਦਾ ਦਰਦ ਵੰਡਾਉਣ ਲਈ ਗੁਰੂ ਸਾਹਿਬ ਕਸ਼ਮੀਰ ਪਹੁੰਚੇ। ਦਸਵੰਧ ਦੀ ਮਾਇਆ ਵੀ ਰੋਗੀਆਂ ਦੀ ਅਰੋਗਤਾ ਹਿੱਤ ਵਰਤਣੀ ਆਰੰਭ ਕਰ ਦਿੱਤੀ ਗਈ। ਇਸ ਤੋਂ ਇਲਾਵਾ ਗੁਰੂ ਜੀ ਸਿਆਲਕੋਟ ਅਤੇ ਲਾਹੌਰ ਦੀ ਸੰਗਤ ਦੀਆਂ ਤਕਲੀਫ਼ਾਂ ਦੂਰ ਕਰਨ ਲਈ ਜਾਇਆ ਕਰਦੇ ਸਨ।
ਗੁਰੂ ਸਾਹਿਬ ਦੀ ਸੇਵਾ-ਭਾਵਨਾ ਅਤੇ ਇਨਸਾਫ਼ਪਸੰਦੀ ਨੂੰ ਦੇਖ ਕੇ ਕਈ ਦੂਸਰੇ ਧਰਮਾਂ ਦੇ ਲੋਕ ਵੀ ਗੁਰੂ ਘਰ ਦੇ ਨੇੜੇ ਆਉਣ ਲੱਗੇ। ਇਹ ਗੱਲ ਵਕਤ ਦੇ ਹਾਕਮ ਜਹਾਂਗੀਰ ਦੀ ਬਰਦਾਸ਼ਤ ਤੋਂ ਬਾਹਰ ਹੋਈ ਜਾ ਰਹੀ ਸੀ। ਉਸ ਨੇ ਜੁਰਮਾਨਾ ਵਸੂਲੀ ਦਾ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਇਹ ਕਿਲ੍ਹਾ ਸ਼ਾਹੀ ਕੈਦੀਆਂ ਅਤੇ ਲੰਮੀ ਕੈਦ ਵਾਲਿਆਂ ਵਾਸਤੇ ਉਚੇਚੇ ਤੌਰ ’ਤੇ ਬਣਵਾਇਆ ਗਿਆ ਸੀ। ਕਈ ਕੈਦੀਆਂ ਦਾ ਜੀਵਨ ਤਾਂ ਇਸ ਕਿਲ੍ਹੇ ਦੀ ਭੇਟ ਹੀ ਚੜ੍ਹ ਜਾਂਦਾ ਸੀ। ਜਦੋਂ ਛੇਵੇਂ ਪਾਤਸ਼ਾਹ ਕਿਲ੍ਹੇ ਵਿਚ ਗਏ, ਉਨ੍ਹਾਂ ਦੇਖਿਆ ਕਿ ਕਈ ਰਾਜਪੂਤ ਰਜਵਾੜੇ ਅਤੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਰਾਜੇ ਵੀ ਕੈਦ ਕੱਟ ਰਹੇ ਸਨ। ਇਨ੍ਹਾਂ ਰਾਜਿਆਂ ਦੀ ਗਿਣਤੀ 52 ਦੇ ਕਰੀਬ ਸੀ। ਗੁਰੂ ਜੀ ਦੀ ਆਮਦ ਨਾਲ ਇਹ ਕਿਲ੍ਹਾ ਇਕ ਧਰਮਸ਼ਾਲਾ ਦਾ ਰੂਪ ਵਟਾ ਗਿਆ। ਸਵੇਰੇ-ਸ਼ਾਮ ਹੋਣ ਵਾਲੇ ਸਤਿਸੰਗ ਅਤੇ ਧਾਰਮਿਕ ਵਿਚਾਰਾਂ ਨੇ ਕਿਲ੍ਹੇ ਦਾ ਵਾਤਾਵਰਨ ਹੀ ਬਦਲ ਕੇ ਰੱਖ ਦਿੱਤਾ।
ਜਦੋਂ ਸੰਗਤ ਨੂੰ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੇ ਰੋਸ ਦਾ ਪ੍ਰਗਟਾਵਾ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚੋਂ ਚੌਕੀਆਂ ਕੱਢ ਕੇ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਸਾਹਿਬ ਦੀ ਗ੍ਰਿਫਤਾਰੀ ਦੀ ਸਭ ਤੋਂ ਵੱਧ ਖੁਸ਼ੀ ਚੰਦੂ ਨੂੰ ਹੋਈ ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਗੁਰੂ ਜੀ ਬਾਹਰ ਆ ਗਏ ਤਾਂ ਉਸ ਨੂੰ ਆਪਣੇ ਕੀਤੇ ਹੋਏ ਪਾਪ ਦੀ ਸਜ਼ਾ ਜ਼ਰੂਰ ਮਿਲੇਗੀ। ਉਸ ਨੇ ਦਰੋਗੇ ਹਰੀਦਾਸ ਰਾਹੀਂ ਗੁਰੂ ਸਾਹਿਬ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ।
ਜਹਾਂਗੀਰ ਲੋੜੋਂ ਵੱਧ ਸ਼ਰਾਬ ਪੀਣ ਕਾਰਨ ਬਿਮਾਰ ਹੋ ਗਿਆ। ਜਦੋਂ ਦੁਆ ਅਤੇ ਦਵਾ ਕੰਮ ਨਾ ਆਈਆਂ ਤਾਂ ਕਿਸੇ ਨੇਕ-ਬਖ਼ਤ ਨੇ ਉਸ ਨੂੰ ਗੁਰੂ ਸਾਹਿਬ ਦੀ ਨਾਜਾਇਜ਼ ਨਜ਼ਾਰਬੰਦੀ ਦਾ ਅਹਿਸਾਸ ਕਰਵਾ ਦਿੱਤਾ। ਮੁਸੀਬਤ ਵਿਚ ਫਸੇ ਹੋਣ ਕਰਕੇ ਗੱਲ ਉਸ ਦੇ ਵੀ ਮਨ ਲੱਗ ਗਈ। ਉਸ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ। ਗੁਰੂ ਜੀ ਨੇ ਜਹਾਂਗੀਰ ਨੂੰ ਸੁਨੇਹਾ ਭੇਜਿਆ ਕਿ ਉਹ ਤਾਂ ਹੀ ਕਿਲ੍ਹੇ ’ਚੋਂ ਬਾਹਰ ਜਾਣਗੇ ਜੇ ਇਨ੍ਹਾਂ ਨਿਰਦੋਸ਼ ਰਾਜਿਆਂ ਨੂੰ ਰਿਹਾਅ ਕੀਤਾ ਜਾਵੇਗਾ। ਜਹਾਂਗੀਰ ਨੇ ਗੁਰੂ ਸਾਹਿਬ ਦੀ ਗੱਲ ਮੰਨਦੇ ਹੋਏ ਇਨ੍ਹਾਂ ਚਿਰਾਂ ਤੋਂ ਬੰਦ ਕੀਤੇ ਹੋਏ ਸਿਆਸੀ ਰਾਜਿਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ ਜਿਨ੍ਹਾਂ ਦੀ ਗਿਣਤੀ 52 ਦੱਸੀ ਜਾਂਦੀ ਹੈ।
ਗੁਰੂ ਸਾਹਿਬ ਸਿੱਖ ਧਰਮ ਦਾ ਪ੍ਰਚਾਰ ਕੇਂਦਰ ਲਾਹੌਰ ਤੋ ਕੁੱਝ ਹੱਟ ਕੇ ਬਣਾਉਣਾ ਚਾਹੁੰਦੇ ਸਨ। ਇਸ ਚਾਹਤ ਲਈ ਉਨ੍ਹਾਂ ਨੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੀ ਪਹਾੜੀ ਇਲਾਕੇ ’ਚ ਕੋਈ ਯੋਗ ਸਥਾਨ ਚੁਣਨ ਦੀ ਸੇਵਾ ਲਗਾਈ। ਬਾਬਾ ਜੀ ਨੇ ਉਹ ਸਥਾਨ ਰੋਪੜ ਤੋਂ ਨੰਗਲ ਸੜਕ ’ਤੇ ਵਸੇ ਨਗਰ (ਸ੍ਰੀ ਕੀਰਤਪੁਰ ਸਾਹਿਬ) ਨੂੰ ਚੁਣਿਆ।
1627 ਈ. ’ਚ ਜਹਾਂਗੀਰ ਫੌਤ ਹੋ ਗਿਆ। ਉਸ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਜਹਾਨ ਰਾਜਗੱਦੀ ਦਾ ਵਾਰਸ ਬਣ ਗਿਆ। ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਉਸ ਨੇ ਜ਼ਿਆਦਤੀਆਂ ਦਾ ਸਿਲਸਿਲਾ ਆਰੰਭ ਕਰ ਦਿੱਤਾ। ਇਸ ਸਿਲਸਿਲੇ ਨੂੰ ਠੱਲ੍ਹ ਪਾਉਣ ਲਈ ਛੇਵੇਂ ਗੁਰੂ ਨੂੰ ਸਮੇ-ਸਮੇਂ ਕਈ ਲੜਾਈਆਂ ਵੀ ਲੜਨੀਆਂ ਪਈਆਂ। ਗੁਰੂ ਹਰਿਗੋਬਿੰਦ ਸਾਹਿਬ ਨੇ ਪੂਰੀ ਜ਼ਿੰਦਗੀ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲਗਾ ਦਿੱਤੀ। ਆਪਣੀ ਸੰਸਾਰਕ ਯਾਤਰਾ ਦੀ ਸੰਪੂਰਨਤਾ ਨੇੜੇ ਜਾਣ ਕੇ ਗੁਰੂ ਸਾਹਿਬ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਨੂੰ ਸੌਂਪ ਦਿੱਤੀ। ਇਸ ਮਗਰੋਂ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਸੰਨ 1644 ਨੂੰ ਉਹ ਜੋਤੀ ਜੋਤ ਸਮਾ ਗਏ।