ਰਾਜਕੋਟ ਅਗਨੀਕਾਂਡ

ਗੁਜਰਾਤ ਦੇ ਸ਼ਹਿਰ ਰਾਜਕੋਟ ਦੇ ਇੱਕ ਗੇਮਿੰਗ ਜ਼ੋਨ ਵਿੱਚ ਵਾਪਰਿਆ ਅਗਨੀਕਾਂਡ ਜਿਸ ਵਿੱਚ 27 ਲੋਕਾਂ ਦੀ ਮੌਤ ਹੋ ਗਈ ਹੈ, ਅਜਿਹਾ ਹਾਦਸਾ ਸੀ ਜਿਸ ਦੇ ਕਿਸੇ ਵੇਲੇ ਵੀ ਵਾਪਰ ਜਾਣ ਦਾ ਖ਼ਦਸ਼ਾ ਸੀ। ਗਰਮੀ ਦੀਆਂ ਛੁੱਟੀਆਂ ਅਜੇ ਸ਼ੁਰੂ ਹੀ ਹੋਈਆਂ ਸਨ ਤੇ ਇਹ ਥਾਂ ਹਫ਼ਤੇ ਦੇ ਅਖ਼ੀਰ ਵਿੱਚ ਬਾਹਰ ਘੁੰਮਣ-ਫਿਰਨ ਨਿਕਲੇ ਪਰਿਵਾਰਾਂ ਨਾਲ ਭਰੀ ਪਈ ਸੀ। ਪੁਲੀਸ ਮੁਤਾਬਿਕ ਅੱਗ ਲੱਗਣ ਦੀ ਸੂਰਤ ਵਿੱਚ ਗੇਮ ਜ਼ੋਨ ਕੋਲ ਨਾ ਤਾਂ ਢੁੱਕਵਾਂ ਸਾਜ਼ੋ-ਸਮਾਨ ਮੌਜੂਦ ਸੀ ਅਤੇ ਨਾ ਹੀ ਸਥਾਨਕ ਫਾਇਰ ਬ੍ਰਿਗੇਡ ਵਿਭਾਗ ਤੋਂ ਇਤਰਾਜ਼ ਨਾ ਹੋਣ (ਐੱਨਓਸੀ) ਸਬੰਧੀ ਕੋਈ ਸਰਟੀਫਿਕੇਟ ਲਿਆ ਗਿਆ ਸੀ। ਐੱਫਆਈਆਰ ਮੁਤਾਬਿਕ ਇਸ ਕਾਰੋਬਾਰੀ ਯੂਨਿਟ ਦੇ ਮਾਲਕਾਂ ਨੇ ਇਹ ਪਤਾ ਹੋਣ ਦੇ ਬਾਵਜੂਦ ਲੋਕਾਂ ਦੀ ਜਾਨ ਖ਼ਤਰੇ ਵਿਚ ਪਾਈ ਕਿ ਇਸ ਤਰ੍ਹਾਂ ਦੀ ਥਾਂ ’ਤੇ ਅੱਗ ਲੱਗਣ ਨਾਲ ਮੌਤਾਂ ਹੋ ਸਕਦੀਆਂ ਹਨ ਅਤੇ ਲੋਕ ਫੱਟੜ ਹੋ ਸਕਦੇ ਹਨ। ਕੇਸ ਦਾ ਆਪੇ ਹੀ ਨੋਟਿਸ ਲੈਂਦਿਆਂ ਗੁਜਰਾਤ ਹਾਈਕੋਰਟ ਨੇ ਕਿਹਾ ਹੈ ਕਿ ਪਹਿਲੀ ਨਜ਼ਰੇ ਇਹ ਆਫ਼ਤ ‘ਮਨੁੱਖੀ ਗ਼ਲਤੀ’ ਦਾ ਨਤੀਜਾ ਜਾਪਦੀ ਹੈ। ਅਦਾਲਤ ਨੇ ਨੋਟ ਕੀਤਾ ਕਿ ਇਸ ਤਰ੍ਹਾਂ ਦੇ ਗੇਮਿੰਗ ਜ਼ੋਨ ਅਤੇ ਮੌਜ-ਮਸਤੀ ਵਾਲੀਆਂ ਥਾਵਾਂ ਸਮਰੱਥ ਅਥਾਰਿਟੀ ਤੋਂ ਲਾਜ਼ਮੀ ਪ੍ਰਵਾਨਗੀ ਲਏ ਬਿਨਾਂ ਖੋਲ੍ਹੀਆਂ ਗਈਆਂ ਹਨ।

ਪੁਲੀਸ ਨੇ ਭਾਵੇਂ ਗੇਮ ਜ਼ੋਨ ਦੇ ਛੇ ਮਾਲਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਪਰ ਸੁੰਨ੍ਹ ਕਰ ਦੇਣ ਵਾਲੀ ਇਸ ਘਟਨਾ ਪਿਛਲੀ ਅਪਰਾਧਕ ਲਾਪਰਵਾਹੀ ਜਾਣਨ ਲਈ ਗਹਿਰਾਈ ਨਾਲ ਜਾਂਚ ਲੋੜੀਂਦੀ ਹੈ। ਇਹ ਜਾਣਨ ਦੀ ਵੀ ਲੋੜ ਹੈ ਕਿ ਕੀ ਸਥਾਨਕ ਅਧਿਕਾਰੀਆਂ ਨੇ ਮਾਲਕਾਂ ਨੂੰ ਕੋਈ ਰਿਆਇਤ ਜਾਂ ਢਿੱਲ ਦਿੱਤੀ ਸੀ। ਹਾਈਕੋਰਟ ਨੇ ਲਾਇਸੈਂਸਾਂ ਅਤੇ ਪ੍ਰਵਾਨਗੀਆਂ ਦੇ ਵੇਰਵੇ ਮੰਗ ਕੇ ਬਿਲਕੁਲ ਸਹੀ ਕੀਤਾ ਗਿਆ ਹੈ ਜਿਸ ਵਿੱਚ ਅੱਗ ਤੋਂ ਬਚਾਓ ਬਾਰੇ ਨਿਯਮਾਂ ਦੀ ਪਾਲਣਾ ਨਾਲ ਸਬੰਧਿਤ ਜਾਣਕਾਰੀ ਵੀ ਸ਼ਾਮਿਲ ਹੈ। ਮਨੋਰੰਜਨ ਲਈ ਬਣੀਆਂ ਅਜਿਹੀਆਂ ਵੱਖ-ਵੱਖ ਥਾਵਾਂ ਨੂੰ ਇਹ ਲਾਇਸੈਂਸ ਅਤੇ ਮਨਜ਼ੂਰੀਆਂ ਨਗਰ ਨਿਗਮਾਂ ਵੱਲੋਂ ਆਪਣੇ ਅਧਿਕਾਰ ਖੇਤਰਾਂ ਤਹਿਤ ਦਿੱਤੀਆਂ ਜਾਂਦੀਆਂ ਹਨ। ਅਜਿਹੇ ਮਾਮਲਿਆਂ ਵਿਚ ਨਿੱਕੀ ਜਿਹੀ ਅਣਗਹਿਲੀ ਹਾਦਸੇ ਨੂੰ ਸੱਦਾ ਦੇਣ ਦਾ ਕਾਰਨ ਬਣ ਜਾਂਦੀ ਹੈ।

ਦਿੱਲੀ ਦੇ ਹਸਪਤਾਲ ਵਿਚ ਸ਼ਨਿਚਰਵਾਰ ਦੀ ਰਾਤ ਲੱਗੀ ਅੱਗ ਵਿੱਚ ਸੱਤ ਨਵਜੰਮੇ ਬੱਚਿਆਂ ਦੀ ਮੌਤ ਹੋਣਾ ਇਕ ਹੋਰ ਉਦਾਹਰਨ ਹੈ ਕਿ ਕਿਵੇਂ ਫਾਇਰ ਸੁਰੱਖਿਆ ਨੇਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮਨੁੱਖੀ ਜਾਨਾਂ ਵੱਲ ਇਸ ਤਰ੍ਹਾਂ ਦੀ ਲਾਪਰਵਾਹੀ ਵਰਤਣ ਦੀ ਸਜ਼ਾ ਮਿਲਣੀ ਜ਼ਰੂਰੀ ਹੈ। ਅਜਿਹੇ ਸਾਰੇ ਮਾਮਲਿਆਂ ਵਿੱਚ ਆਮ ਕਰ ਕੇ ਹੁੰਦਾ ਇਹੀ ਹੈ ਕਿ ਮੌਕੇ ’ਤੇ ਬਾਕਾਇਦਾ ਐਲਾਨ ਵੀ ਕੀਤੇ ਜਾਦੇ ਹਨ ਅਤੇ ਕਾਰਵਾਈ ਵੀ ਵਿੱਢੀ ਜਾਂਦੀ ਹੈ ਪਰ ਆਖਿ਼ਰਕਾਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਅਸਲ ਵਿਚ, ਰਸੂਖ ਵਾਲੇ ਲੋਕ ਅਜਿਹੀਆਂ ਭਿਆਨਕ ਘਟਨਾਵਾਂ ਤੋਂ ਬਾਅਦ ਸਾਫ਼ ਬਚ ਜਾਂਦੇ ਹਨ। ਅਜਿਹਾ ਲੱਗਦਾ ਹੈ ਕਿ 1997 ਦੇ ਉਪਹਾਰ ਸਿਨੇਮਾ ਕਾਂਡ ਤੋਂ ਅਜੇ ਤੱਕ ਕੋਈ ਸਬਕ ਨਹੀਂ ਸਿੱਖਿਆ ਗਿਆ। ਉਦੋਂ ਦਿੱਲੀ ਦੇ ਇਸ ਸਿਨੇਮਾ ਘਰ ਵਿਚ ਅੱਗ ਲੱਗਣ ਤੋਂ ਬਾਅਦ ਸਾਹ ਘੁਟਣ ਅਤੇ ਭਗਦੜ ਮਚਣ ਕਾਰਨ 59 ਜਾਨਾਂ ਚਲੀਆਂ ਗਈਆਂ ਸਨ ਤੇ 103 ਲੋਕ ਗੰਭੀਰ ਫੱਟੜ ਹੋ ਗਏ ਸਨ। ਘੋਰ ਉਲੰਘਣਾ ਦੇ ਮਾਮਲਿਆਂ ਵਿੱਚ ਬਿਲਕੁਲ ਵੀ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ ਜੋ ਸੁਧਾਰ ਦਾ ਇੱਕੋ-ਇੱਕ ਰਾਹ ਹੈ। ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਦੇਸ਼ਿਵਆਪੀ ਆਡਿਟ ਕਰਾਉਣਾ ਸਮੇਂ ਦੀ ਲੋੜ ਬਣ ਗਿਆ ਹੈ ਤਾਂ ਜੋ ਪ੍ਰਸ਼ਾਸਨ ਨੂੰ ਕਾਰਵਾਈ ਲਈ ਜਗਾਇਆ ਜਾ ਸਕੇ।

ਸਾਂਝਾ ਕਰੋ

ਪੜ੍ਹੋ