ਜ਼ਿਆਦਾ ਪੈਸੇ ਕਮਾਉਣ ਤੇ ਜਿੱਤਣ ਦੀ ਚਾਹਤ ਵਿਚ ਬਹੁਤ ਸਾਰੇ ਲੋਕ ਆਨਲਾਈਨ ਗੇਮਿੰਗ ਦੀ ਲਤ ਦੇ ਸ਼ਿਕਾਰ ਹੋ ਰਹੇ ਹਨ। ਇਸ ਨਾਲ ਨਾ ਸਿਰਫ਼ ਉਹ ਆਪਣਾ ਵਰਤਮਾਨ ਬਰਬਾਦ ਕਰ ਰਹੇ ਹਨ ਸਗੋਂ ਭਵਿੱਖ ਵੀ ਧੁੰਦਲਾ ਕਰ ਰਹੇ ਹਨ। ਵੱਡੀ ਗਿਣਤੀ ’ਚ ਲੋਕ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਕਈ ਲੋਕ ਤਾਂ ਹਾਰ ਦੀ ਨਿਰਾਸ਼ਾ ਵਿਚ ਆਪਣੀ ਜੀਵਨ ਲੀਲ੍ਹਾ ਹੀ ਸਮਾਪਤ ਕਰ ਰਹੇ ਹਨ। ਪੰਜਾਬ ਵਿਚ ਪਹਿਲਾਂ ਹੀ ਲਾਟਰੀਆਂ, ਜੂਏ ਤੇ ਦੜਾ-ਸੱਟੇ ਦੇ ਕਾਰੋਬਾਰ ਨੇ ਪੈਰ ਪਸਾਰੇ ਹੋਏ ਹਨ ਜਿਸ ਦੇ ਮੱਕੜਜਾਲ ਵਿਚ ਫਸ ਕੇ ਲੋਕ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਨਾ ਸਿਰਫ਼ ਆਰਥਿਕ ਤੌਰ ’ਤੇ ਪਰਿਵਾਰ ਤਬਾਹ ਹੋ ਰਹੇ ਹਨ ਸਗੋਂ ਜੀਵਨ ਭਰ ਦੀਆਂ ਦੁਸ਼ਵਾਰੀਆਂ ਵੀ ਸਹੇੜ ਰਹੇ ਹਨ। ਹੁਣ ਸਮਾਰਟਫੋਨ ਦੇ ਇਸ ਯੁੱਗ ਵਿਚ ਇਹ ਸਭ ਹੋਰ ਵੀ ਸੌਖਾ ਹੋ ਗਿਆ ਹੈ। ਇਸ ਨਾਲ ਆਨਲਾਈਨ ਗੇਮਿੰਗ ਦਾ ਰੁਝਾਨ ਜ਼ਿਆਦਾ ਵਧ ਰਿਹਾ ਹੈ ਅਤੇ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਨੇ ਤਾਂ ਪੈਸੇ ਲਾ ਕੇ ਖੇਡਣ ਨੂੰ ਹੋਰ ਵੀ ਸੌਖਾ ਬਣਾ ਦਿੱਤਾ ਹੈ।
ਦੁੱਖ ਦੀ ਗੱਲ ਤਾਂ ਇਹ ਹੈ ਕਿ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਇਸ ਸਭ ਨੂੰ ਇਸ਼ਤਿਹਾਰਾਂ ਦੇ ਰੂਪ ਵਿਚ ਉਤਸ਼ਾਹਤ ਕਰ ਰਹੀਆਂ ਹਨ। ਟੀਵੀ ਤੇ ਇੰਟਰਨੈੱਟ ’ਤੇ ਆਉਣ ਵਾਲੀਆਂ ਅਜਿਹੀਆਂ ਹੀ ਮਸ਼ਹੂਰੀਆਂ ਤੋਂ ਪ੍ਰਭਾਵਿਤ ਹੋ ਕੇ ਕਸਬਾ ਤਲਵੰਡੀ ਭਾਈ ਦਾ ਇਕ ਕਾਰੋਬਾਰੀ ਇਸ ਦੇ ਚੱਕਰਵਿਊ ’ਚ ਅਜਿਹਾ ਫਸਿਆ ਕਿ ਪਹਿਲਾਂ ਉਸ ਨੇ ਆਪਣੀ ਸਾਰੀ ਪੂੰਜੀ ਗੁਆ ਲਈ। ਫਿਰ ਨਿਰਾਸ਼ ਹੋ ਕੇ ਵੀਰਵਾਰ ਨੂੰ ਆਪਣੀ ਪਤਨੀ ਤੇ ਦੋ ਮਾਸੂਮ ਧੀਆਂ ਸਮੇਤ ਜ਼ਹਿਰ ਨਿਗਲ ਕੇ ਜਾਨ ਦੇ ਦਿੱਤੀ। ਇਸ ਘਟਨਾ ਨੇ ਪੰਜਾਬ ਦੇ ਲੋਕਾਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਕਰਿਆਨੇ ਦਾ ਕਾਰੋਬਾਰ ਕਰਨ ਵਾਲਾ ਇਹ ਸ਼ਖ਼ਸ ਪਿਛਲੇ ਕਈ ਦਿਨਾਂ ਤੋਂ ਮੋਬਾਈਲ ’ਤੇ ਆਨਲਾਈਨ ਗੇਮ ਖੇਡਦਾ ਸੀ ਜਿਸ ’ਚ ਉਹ ਲਗਾਤਾਰ ਪੈਸੇ ਹਾਰ ਰਿਹਾ ਸੀ। ਜਦੋਂ ਉਸ ਦਾ ਸਾਰਾ ਪੈਸਾ ਬਰਬਾਦ ਹੋ ਗਿਆ ਤਾਂ ਉਹ ਨਿਰਾਸ਼ ਰਹਿਣ ਲੱਗਿਆ।
ਫਿਰ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ। ਇਹ ਸਿਰਫ਼ ਇਕ ਘਟਨਾ ਨਹੀਂ ਹੈ ਸਗੋਂ ਇਕ ਪੂਰਾ ਵਰਤਾਰਾ ਹੈ ਜੋ ਭਾਰਤੀਆਂ ਦੀ ਹੋਣੀ ਬਣਿਆ ਹੋਇਆ ਹੈ। ਇਕ ਅੰਦਾਜ਼ੇ ਮੁਤਾਬਕ ਮੌਜੂਦਾ ਸਮੇਂ ਭਾਰਤ ਵਿਚ 30 ਕਰੋੜ ਤੋਂ ਵੱਧ ਲੋਕ ਆਨਲਾਈਨ ਗੇਮਿੰਗ ਦੇ ਸ਼ੌਕੀਨ ਹਨ ਤੇ 400 ਤੋਂ ਵੱਧ ਗੇਮਿੰਗ ਕੰਪਨੀਆਂ ਸਰਗਰਮ ਹਨ। ਭਾਰਤ ਵਿਚ ਗੇਮਿੰਗ ਕਾਰੋਬਾਰ 2025 ਤੱਕ ਵਧ ਕੇ 5 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ। ਗੇਮਿੰਗ ਉਪਕਰਨਾਂ ਦਾ ਵੀ ਆਪਣੇ-ਆਪ ਵਿਚ ਇਕ ਵੱਡਾ ਉਦਯੋਗ ਹੈ ਜਿਸ ਦਾ ਮਾਲੀਆ ਲਗਾਤਾਰ ਵਧ ਰਿਹਾ ਹੈ। ਮਾਹਿਰਾਂ ਮੁਤਾਬਕ ਇਹ ਨਸ਼ੇ ਦੀ ਲਤ ਵਾਂਗ ਹੈ।
ਪੈਸੇ ਲਾ ਕੇ ਖੇਡਣ ਨਾਲ ਡਿਪਰੈਸ਼ਨ, ਕਰਜ਼ਾ ਤੇ ਖ਼ੁਦਕੁਸ਼ੀਆਂ ਵਰਗੇ ਨਤੀਜੇ ਨਿਕਲਦੇ ਹਨ। ਵਿਸ਼ਵ ਸਿਹਤ ਸੰਗਠਨ ਨੇ ਮਾਨਸਿਕ ਸਿਹਤ ਦੀ ਸਥਿਤੀ ਦੇ ਰੂਪ ਵਿਚ ਇਸ ਨੂੰ ‘ਗੇਮਿੰਗ ਡਿਸਆਰਡਰ’ ਦੇ ਰੂਪ ਵਿਚ ਸ਼ਾਮਲ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ। ਇਸ ਦੇ ਮੱਦੇਨਜ਼ਰ ਹੀ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ, ਸਰਕਾਰੀ ਅਦਾਰੇ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਸ ਸਭ ’ਤੇ ਪਾਬੰਦੀ ਲਗਾਉਣ ਨੂੰ ਸਮੇਂ ਦੀ ਮੰਗ ਕਰਾਰ ਦੇ ਰਹੀਆਂ ਹਨ। ਹਾਲਾਂਕਿ ਲਾਟਰੀ ਭਾਰਤ ਵਿਚ ਕਾਨੂੰਨੀ ਰੂਪ ਨਾਲ ਜਾਇਜ਼ ਹੈ ਪਰ ਆਨਲਾਈਨ ਗੇਮਿੰਗ ਨੂੰ ਲੈ ਕੇ ਕਿਸੇ ਠੋਸ ਕਾਨੂੰਨ ਦੀ ਅਣਹੋਂਦ ਨੇ ਸਮੱਸਿਆ ਨੂੰ ਵਧਾਇਆ ਹੋਇਆ ਹੈ।
ਭਾਰਤ ਸਰਕਾਰ ਨੇ ਇਸ ਨੂੰ ਲੈ ਕੇ ਕੁਝ ਸਾਲ ਪਹਿਲਾਂ ਇਕ ਕਮੇਟੀ ਬਣਾਈ ਸੀ ਪਰ ਗੱਲ ਇਸ ਤੋਂ ਅੱਗੇ ਨਹੀਂ ਵਧੀ। ਕੁਝ ਸੂਬਿਆਂ ਨੇ ਵੀ ਇਸ ਦਿਸ਼ਾ ’ਚ ਕੁਝ ਕਦਮ ਚੁੱਕੇ ਸਨ ਪਰ ਇਸ ਦੀ ਵਿਆਪਕਤਾ ਕਾਰਨ ਕੋਈ ਠੋਸ ਨਤੀਜੇ ਨਿਕਲ ਕੇ ਸਾਹਮਣੇ ਨਹੀਂ ਆਏ। ਇਸ ਕਾਰਨ ਇਹ ਧੰਦਾ ਵਧ-ਫੁੱਲ ਰਿਹਾ ਹੈ ਤੇ ਲੋਕਾਂ ਦੇ ਜੀਵਨ ਨੂੰ ਨਰਕ ਬਣਾ ਰਿਹਾ ਹੈ। ਇਸੇ ਲਈ ਇਸ ਨੂੰ ਕਿਸੇ ਕਾਨੂੰਨ ਤਹਿਤ ਲਿਆਉਣ ਦੀ ਮੰਗ ਜ਼ੋਰ ਫੜ ਰਹੀ ਹੈ। ਨਾਲ ਦੀ ਨਾਲ ਅਜਿਹੀਆਂ ਆਨਲਾਈਨ ਗੇਮਿੰਗ ਦੀ ਮਸ਼ਹੂਰੀ ਕਰਨ ਵਾਲੇ ਅਦਾਕਾਰਾਂ ਅਤੇ ਹੋਰ ਸੈਲੇਬਿ੍ਰਟੀਜ਼ ਨੂੰ ਇਖ਼ਲਾਕੀ ਤੌਰ ’ਤੇ ਅਜਿਹੀਆਂ ਮਸ਼ਹੂਰੀਆਂ ਕਰਨ ਤੋਂ ਬਾਜ਼ ਆਉਣ ਦੀ ਮੰਗ ਕੀਤੀ ਜਾ ਰਹੀ ਹੈ।