ਸਵਰਗੀ, ਸੁਰਜੀਤ ਸਿੰਘ ਪਾਤਰ ਜੀ ਨੂੰ ਸ਼ਰਧਾਂਜਲੀ/ਨਛੱਤਰ ਸਿੰਘ ਭੋਗਲ

ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਸਾਹਿਤ ਦੇ ਸੋਹਲੇ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ॥

ਹਰਭਜਨ ਸਿੰਘ ਦਾ ਲਾਡਲਾ, ਪਿਉ ਦਾ ਪੁੱਤ ਪਿਆਰਾ ਸੀ,
ਗੁਰਬਖਸ਼ ਕੋਰ ਜੀ ਮਾਤਾ ਦੀ, ਉਹ ਅੱਖ ਦਾ ਤਾਰਾ ਸੀ,
ਕੁਲ ਦਾ ਨਾਂ ਚਮਕਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

ਸਾਹਿਤ-ਸਫਾਂ ਦਾ ਮੋਹਰੀ, ਕਵਿਤਾ-ਗੀਤ ਸੁਣਾਉਂਦਾ ਸੀ,
ਮਾਂ ਬੋਲੀ ਦਾ ਦਰਦ ਉਹ, ਸੀਨੇ ਵਿੱਚ ਹੰਢਾਉਂਦਾ ਸੀ,
ਨਿੱਤ ਉੱਚੇ ਰੁਤਬੇ ਪਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

ਸਟੇਜ਼ਾਂ ਦਾ ਸ਼ਿੰਗਾਰ ਸੀ, ਅੱਜ ਅਤੀਤ ਹੋ ਗਿਆ ਉਹ,
ਹੁੰਜਨ ਤੋਂ ਬਣ ਪਾਤਰ, ਅੱਜ ‘ਸੁਰਜੀਤ’ ਹੋ ਗਿਆ ਉਹ,
ਮੌਤ ਨੂੰ ਗਲ਼ੇ ਲਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

ਪਿੰਡ ਪੱਤੜਾਂ ਦਾ ਜੰਮਪਲ਼, ਉੱਥੇ ਲਿਖਿਆ-ਪੜ੍ਹਿਆ ਸੀ,
ਉੱਥੇ ਸਿੱਖਿਆ ਊੜਾ-ਐੜਾ, ਲੜ ਪੈਂਤੀ ਦਾ ਫੜਿਆ ਸੀ,
ਜੱਗ ਵਿੱਚ ਨਾਂ ਰੁਸ਼ਨਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

ਉੱਚ ਕੋਟੀ ਦਾ ਸਾਹਿਤ, ਮਧੁਰ ਅਵਾਜ਼ ‘ਚ ਗਾਇਆ ਉਸ,
ਬੌਧਿਕਤਾ ਦਾ ਝੰਡਾ, ਦੁਨੀਆ ਵਿਚ ਲਹਿਰਾਇਆ ਉਸ,
ਰੌਚਿਕ ਧੁਨਾਂ ਬਣਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

“ਸਾਡੀ ਹੋਂਦ ਵਗੈਰ ਵੀ, ਜੱਗ ਨੇ ਵਸਦੇ ਰਹਿਣਾ ਹੈ,
ਨਾ ਤਪਿਆ ਨਾ ਤੜਪਿਆ ਕਰ, ਪਾਤਰ ਦਾ ਕਹਿਣਾ ਹੈ,
ਉਲਝਣਾ ਨੂੰ ਸੁਲਝਾਉਂਦਾ”, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

“ਪੰਜਾਬ ਨੂੰ ਨਜ਼ਰ ਨਾ ਲੱਗੇ, ਉਹਦੀ ਨਜ਼ਰ ਉਤਾਰਦਾ ਸੀ,
ਕੌੜੀਆਂ ਮਿਰਚਾਂ ਲੈ ਕੇ, ਉਸ ਦੇ ਸਿਰ ਤੋਂ ਵਾਰਦਾ ਸੀ”,
ਪੰਜਾਬ ਦਾ ਮਾਣ ਵਧਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

“ਨ੍ਹੇਰੇ ਨੇ ਨਾ ਚਾਨਣ ਜਰਨਾ, ਸ਼ਮਾਦਾਨ ਨਾ ਚੁੱਪ ਸਹਾਰੂ,
ਲਿਖਤਾਂ ਦਾ ਸੀ ਉੱਚਾ ਦਰਜਾ, ਸੁੱਚੀ ਸੁਰਤ ਦੀ ਸੋਚ ਉਸਾਰੂ”,
ਮਸ਼ਾਲਾਂ ਰਿਹਾ ਜਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

“ਸ਼ਿਕਵਾ ਨਾ ਪਤਝੜ ਤੇ ਕਾਈ, ਹਰ ਇੱਕ ਰੁੱਤ ਪਿਆਰੀ,
ਸੋਹਣੇ ਫੁੱਲਾਂ ਦਾ ਉਹ ਆਸ਼ਕ, ਕਲਮਾਂ ਦਾ ਵਿਉਪਾਰੀ,
ਸੁੱਚੇ ਇਸ਼ਕ ਕਮਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

“ਰਾਹਾਂ ਤੇ ਨਾ ਤੁਰਿਆ, ਜਦ ਤੁਰਦਾ ਤਾਂ, ਰਾਹ ਬਣਦੇ,
ਯੁਗਾਂ ਤੋਂ ਜੋ ਕਾਫ਼ਲੇ ਆਉਂਦੇ , ਸੱਚ ਦੇ ਉਹੀ ਗਵਾਹ ਬਣਦੇ,
ਰਸਤੇ ਨਵੇਂ ਬਣਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

ਉਨਾਸੀ ਸਾਲ ਦੀ ਔਧ ਹੰਢਾਕੇ, ਕੀਤੇ ਸੱਚਖੰਡ ਵਾਸੇ,
ਸ਼ਬਦਾਂ ਦੇ ਸਿਰਨਾਵੇਂ ਦੱਸਦਾ, ਵੰਡਦਾ ਖੁਸ਼ੀਆਂ-ਹਾਸੇ,
ਸਾਹਤਿਕ ਮੇਲੇ ਲਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

ਪਦਮਸ਼੍ਰੀ ਸਨਮਾਨ ਉਚੇਰਾ, ਭਾਗਾਂ ਨਾਲ਼ ਹੈ ਮਿਲ਼ਦਾ,
ਉਸ ਦੀ ਕਲਮ-ਕਿਰਤ ਦੇ ਮੂਹਰੇ, ਉਹ ਵੀ ਬੌਨਾ ਲੱਗਦਾ,
ਨਵੀਆਂ ਪੈੜਾਂ ਪਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

ਸਾਹਿਤਕ ਵਿਹੜੇ ਸੁੰਨੇ ਹੋਏ, ਹਰ ਥਾਂ ਮਾਤਮ ਛਾਇਆ,
ਪਾਤਰ ਉੱਥੇ ਜਾ ਚੁੱਕਾ ਹੈ, ਜਿਥੋਂ ਕੋਈ ਮੁੜ ਨਾ ਆਇਆ,
ਆਖ਼ਰੀ ਫਤਿਹ ਗਜਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

ਨਿਮਰਤਾਵਾਨ ਤੇ ਡਾਢਾ ਸਾਊ, ਮਿੱਠਾ ਬੋਲਣ ਜਾਣੇ,
ਕੁਲਵਿੰਦਰ-ਕੈਲੇਫੋਰਨੀਆ ਦੀ, ਹੱਸ-ਹੱਸ ਸੰਗਤ ਮਾਣੇ,
‘ਭੋਗਲ’ ਤੋਂ ਲਿਖਵਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।
ਨਜ਼ਮਾਂ, ਗ਼ਜ਼ਲਾਂ ਗਾਉਂਦਾ, ਪਾਤਰ ਤੁਰ ਗਿਆ ਦੁਨੀਆ ਤੋਂ।

ਲੇਖਕ :- ਨਛੱਤਰ ਸਿੰਘ ਭੋਗਲ
“ਭਾਖੜੀਆਣਾ” (U.K)

ਸਾਂਝਾ ਕਰੋ