ਡੀਹਾਈਡ੍ਰੇਸ਼ਨ ਕਾਰਨ ਲੂ ਲੱਗਣ ਦਾ ਵਧ ਜਾਂਦੈ ਖ਼ਦਸ਼ਾ

ਲੂ ਲੱਗਣਾ ਗਰਮੀ ਦੇ ਮੌਸਮ ਦੀ ਵੱਡੀ ਸਮੱਸਿਆ ਹੈ। ਇਸ ਦੌਰਾਨ ਛੋਟੇ ਬੱਚੇ, ਬਜ਼ੁਰਗ, ਕਮਜ਼ੋਰ ਜਾਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗ ਤੋਂ ਪੀੜਤ ਵਿਅਕਤੀ ਲੂ ਦੀ ਲਪੇਟ ’ਚ ਛੇਤੀ ਆ ਜਾਂਦੇ ਹਨ। ਸੜਕਾਂ ’ਤੇ ਰੇਹੜੀ, ਰਿਕਸ਼ਾ ਚਾਲਕ, ਦਿਹਾੜੀਦਾਰ-ਮਜ਼ਦੂਰ, ਕਾਮੇ, ਯਾਤਰੀ ਆਦਿ ਵੀ ਸੂਰਜ ਦੀਆਂ ਗਰਮ ਹਵਾਵਾਂ ਦੇ ਚੱਲਦਿਆਂ ਲੂ ਦਾ ਸ਼ਿਕਾਰ ਹੋਣ ਕਾਰਨ ਬੇਹੋਸ਼ ਹੋ ਕੇ ਡਿੱਗ ਪੈਂਦੇ ਹਨ। ਸੂਰਜ ਦੀ ਗਰਮੀ ਸਾਡੀ ਊਰਜਾ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦੀ ਹੈ। ਪਸੀਨੇ ਰਾਹੀਂ ਸਰੀਰ ਵਿੱਚੋਂ ਕਾਫ਼ੀ ਪਾਣੀ ਬਾਹਰ ਨਿਕਲ ਜਾਂਦਾ ਹੈ। ਪਾਣੀ ਦੀ ਕਮੀ ਪੂਰਾ ਕਰਨ ਲਈ ਜੇ ਪਾਣੀ ਤੇ ਪੀਣ ਵਾਲੇ ਤਰਲ ਮੌਕੇ ’ਤੇ ਨਾ ਮਿਲਦੇ ਹੋਣ ਜਾਂ ਕੰਮ ਦੇ ਰੁਝੇਵੇਂ ਵਿਚ ਪਿਆਸ ਦਾ ਖ਼ਿਆਲ ਹੀ ਨਾ ਕੀਤਾ ਜਾਵੇ ਤਾਂ ਪਾਣੀ ਦੀ ਘਾਟ-ਡੀਹਾਈਡ੍ਰੇਸ਼ਨ ਹੋ ਜਾਂਦੀ ਹੈ ਤੇ ਬੰਦੇ ਨੂੰ ਲੂ ਲੱਗਣ ਦਾ ਖ਼ਦਸ਼ਾ ਵੱਧ ਜਾਂਦਾ ਹੈ।

ਇਸ ਨਾਲ ਮੌਤ ਵੀ ਹੋ ਸਕਦੀ ਹੈ। ਜਦੋਂ ਪਸੀਨਾ ਆਉਣਾ ਬੰਦ ਹੋ ਜਾਵੇ ਤੇ ਸਰੀਰ ਦਾ ਤਾਪਮਾਨ 104 ਡਿਗਰੀ ਫਾਰਨਹੀਟ ਤੋਂ ਉਪਰ ਹੋ ਜਾਵੇ ਤਾਂ ਸਮਝੋ ਕਿ ਬੰਦੇ ਨੂੰ ਲੂ ਲੱਗ ਗਈ ਹੈ। ਗਰਮੀਆਂ ’ਚ ਮਲੇਰੀਆ, ਟਾਇਫਾਇਡ ਜਾਂ ਕਿਸੇ ਹੋਰ ਰੋਗ ਕਾਰਨ ਬੁਖ਼ਾਰ ਚੜ੍ਹ ਜਾਵੇ ਤਾਂ ਪਾਣੀ ਦੀ ਘਾਟ (ਡੀਹਾਈਡ੍ਰੇਸ਼ਨ) ਲੂ ਲੱਗਣ ਦਾ ਕਾਰਨ ਬਣ ਜਾਂਦੀ ਹੈ। ਗਰਮੀ ਦੇ ਮੌਸਮ ’ਚ ਤਾਪਮਾਨ 45 ਡਿਗਰੀ ਸੈਂਟੀਗ੍ਰੇਡ ਤੋਂ ਵੀ ਜ਼ਿਆਦਾ ਹੋ ਜਾਂਦਾ ਹੈ ਤੇ ਤੇਜ਼ ਧੁੱਪ ਕਾਰਨ ਸੂਰਜ ਦੀਆਂ ਤੇਜ਼ ਕਿਰਨਾਂ ਚਮੜੀ ਹੀ ਝੁਲਸਾ ਦਿੰਦੀਆਂ ਹਨ। ਚਮੜੀ ਦੀ ਜਲਣ ਤੋਂ ਬਚਾਅ ਲਈ ਕਈ ਤਰ੍ਹਾਂ ਦੇ ਲੋਸ਼ਨ ਤੇ ਕਰੀਮਾਂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਜੇ ਕਿਸੇ ਮੈਦਾਨੀ ਖੇਤਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਤਕ ਪਹੁੰਚ ਜਾਂਦਾ ਹੈ, ਤਾਂ ਇਸ ਸਥਿਤੀ ਨੂੰ ਗਰਮੀ ਦੀ ਲਹਿਰ ਕਿਹਾ ਜਾਂਦਾ ਹੈ। ਮਈ ਤੇ ਜੂਨ ਦੇ ਮਹੀਨਿਆਂ ਦੌਰਾਨ ਗਰਮੀ ਦੀਆਂ ਲਹਿਰਾਂ ਚੱਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖ਼ਾਸ ਕਰਕੇ ਉਹ ਲੋਕ ਜਿਹੜੇ ਜੋਖ਼ਮ ਸ਼੍ਰੇਣੀ ਵਿਚ ਆਉਂਦੇ ਹਨ, ਨੂੰ ਚੌਕਸ ਰਹਿਣ ਦੀ ਲੋੜ ਹੈ।

ਨਵਜੰਮੇ ਤੇ ਛੋਟੇ ਬੱਚੇ। ਗਰਭਵਤੀ ਔਰਤਾਂ। 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ। ਮਜ਼ਦੂਰ-ਦਿਹਾੜੀਦਾਰ। ਮੋਟਾਪੇ ਤੋਂ ਪੀੜਤ ਵਿਅਕਤੀ। ਮਾਨਸਿਕ ਰੋਗੀ। ਜੋ ਸਰੀਰਕ ਤੌਰ ’ਤੇ ਬਿਮਾਰ ਹਨ, ਖ਼ਾਸ ਕਰਕੇ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਹੈ। ਜੇ ਗਰਮੀ ਦੀ ਲਹਿਰ ਦੌਰਾਨ ਸਾਵਧਾਨੀਆਂ ਵਰਤੀਆਂ ਜਾਣ ਤਾਂ ਲੂ ਲੱਗਣ ਤੋਂ ਖ਼ੁਦ ਨੂੰ ਬਚਾਇਆ ਜਾ ਸਕਦਾ ਹੈ। ਜਾਣਦੇ ਹਾਾਂ ਲੂ ਜਾਂ ਹੀਟ ਸਟ੍ਰੋਕ ਤੋਂ ਬਚਣ ਲਈ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ। ਘਰ ਤੋਂ ਬਾਹਰ ਦੇ ਕੰਮ ਦਿਨ ਦੇ ਠੰਢੇ ਸਮੇਂ, ਜਿਵੇਂ ਸਵੇਰ ਤੇ ਸ਼ਾਮ ਸਮੇਂ ਕੀਤੇ ਜਾਣੇ ਚਾਹੀਦੇ ਹਨ।

ਪਿਆਸ ਨਾ ਲੱਗਣ ’ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਜ਼ਰੂਰ ਪੀਓ। ਮਿਰਗੀ ਜਾਂ ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਲੋਕ ਜੋ ਤਰਲ-ਪ੍ਰਤੀਬੰਧਿਤ ਖ਼ੁਰਾਕ ’ਤੇ ਹਨ, ਉਨ੍ਹਾਂ ਨੂੰ ਪਾਣੀ ਦੀ ਮਾਤਰਾ ਵਧਾਉਣ ਸਬੰਧੀ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਤੇ ਸਰੀਰ ਨੂੰ ਪੂਰੇ ਢਕਣ ਵਾਲੇ ਕੱਪੜੇ ਪਾਓ। ਕੋਸ਼ਿਸ਼ ਕਰੋ ਕਿ ਗਰਮੀਆਂ ’ਚ ਸਿਰਫ਼ ਸੂਤੀ ਕੱਪੜੇ ਹੀ ਪਹਿਨੇ ਜਾਣ। ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਆਦਿ ਦੀ ਵਰਤੋਂ ਕਰੋ। ਨੰਗੇ ਪੈਰੀਂ ਬਾਹਰ ਨਾ ਨਿਕਲੋ। ਧੁੱਪ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦਾ ਤਾਪਮਾਨ ਸਹੀ ਬਰਕਰਾਰ ਰੱਖਣ ਲਈ ਛਾਂ ਵਿਚ ਆਰਾਮ ਕਰਨਾ ਚਾਹੀਦਾ ਹੈ ਜਾਂ ਸਿਰ ’ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ। ਧੁੱਪ ’ਚ ਨਿਕਲਦੇ ਸਮੇਂ ਹਮੇਸ਼ਾ ਪਾਣੀ ਨਾਲ ਰੱਖੋ।

ਮੌਸਮੀ ਫਲ ਤੇ ਸਲਾਦ, ਜਿਵੇਂ ਅੰਬ, ਤਰਬੂਜ਼, ਖਰਬੂਜ਼ਾ, ਸੰਤਰਾ, ਅੰਗੂਰ, ਖੀਰਾ, ਮੂਲੀ, ਪਿਆਜ਼ ਤੇ ਟਮਾਟਰ ਆਦਿ ਖਾਓ ਕਿਉਂਕਿ ਇਨ੍ਹਾਂ ’ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਪਾਣੀ ਦੀ ਪੇਸ਼ਕਸ਼ ਕਰੋ, ਜੋ ਤੁਹਾਡੇ ਘਰ ਜਾਂ ਦਫ਼ਤਰ ’ਚ ਸਾਮਾਨ ਜਾਂ ਭੋਜਨ ਦੀ ਡਿਲਿਵਰੀ ਲਈ ਆਉਂਦੇ ਹਨ। ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਸੱਤੂ ਵਰਗੇ ਘਰੇਲੂ ਪੀਣ ਵਾਲੇ ਪਦਾਰਥਾਂ ਦਾ ਸੇਵਨ ਵਧਾਓ। ਆਪਣੀ ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਤੇ ਅੱਖਾਂ ਦੀ ਸੁਰੱਖਿਆ ਲਈ ਗੂੜ੍ਹੇ ਚਸ਼ਮੇ ਪਾਓ।

ਘੱਟ ਭੋਜਨ ਖਾਓ ਤੇ ਜ਼ਿਆਦਾ ਵਾਰ ਖਾਓ। ਬਾਸਾ ਖਾਣਾ ਨਾ ਖਾਓ, ਜ਼ਿਆਦਾ ਤੇਲ ਵਾਲੇ ਜਾਂ ਬਾਹਰਲੇ ਖਾਣੇ ਤੋਂ ਪਰਹੇਜ਼ ਕਰੋ। ਠੰਢੇ ਪਾਣੀ ਨਾਲ ਵਾਰ-ਵਾਰ ਨਹਾਓ ਜਾਂ ਥੋੜ੍ਹੇ-ਥੋੜ੍ਹੇ ਸਮੇ ਬਾਅਦ ਮੂੰਹ-ਹੱਥ ਠੰਢੇ ਪਾਣੀ ਨਾਲ ਧੋਵੋ। ਕਸਰਤ ਸਰੀਰ ਦੇ ਵੱਧਦੇ ਤਾਪਮਾਨ ਦੇ ਅਨੁਕੂਲ ਕਰੋ ਤੇ ਖ਼ੁਰਾਕ ਤੇ ਤਰਲ ਪਦਾਰਥਾਂ ਦਾ ਸੇਵਨ ਜ਼ਰੂਰ ਕਰੋ। ਧੁੱਪ ’ਚ ਖ਼ਾਸ ਤੌਰ ’ਤੇ ਦੁਪਹਿਰ 12 ਤੋਂ 3 ਵਜੇ ਤਕ ਬਾਹਰ ਜਾਣ ਤੋਂ ਪਰਹੇਜ਼ ਕਰੋ। ਵੱਧ ਗਰਮੀ ਵਾਲੇ ਘੰਟਿਆਂ ਦੌਰਾਨ ਖਾਣਾ ਬਣਾਉਣ ਤੋਂ ਗੁਰੇਜ਼ ਕੀਤਾ ਜਾਵੇ। ਰਸੋਈ ਨੂੰ ਚੰਗੀ ਤਰ੍ਹਾਂ ਹਵਾਦਾਰ ਰੱਖਣ ਲਈ ਦਰਵਾਜ਼ੇ ਤੇ ਖਿੜਕੀਆਂ ਖੁੱਲ੍ਹੀਆਂ ਰੱਖੋ। ਹਵਾ ਬਾਹਰ ਕੱਢਣ ਲਈ ਚਿਮਨੀ ਜਾਂ ਪੱਖਾ ਜ਼ਰੂਰ ਚਲਾਓ।

ਅਲਕੋਹਲ, ਚਾਹ, ਕੌਫੀ ਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਅਸਲ ’ਚ ਸਰੀਰ ਦੇ ਤਰਲ ਪਦਾਰਥਾਂ ਦੀ ਮਾਤਰਾ ਘਟਾ ਦਿੰਦੇ ਹਨ। ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ। ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਤਾਲਾਬੰਦ ਵਾਹਨ ’ਚ ਨਾ ਛੱਡੋ। ਮਾਨਸਿਕ ਸੰਤੁਲਨ ’ਚ ਤਬਦੀਲੀ, ਬੇਚੈਨੀ, ਬੋਲਣ ਵਿਚ ਮੁਸ਼ਕਲ, ਚਿੜਚਿੜਾਪਨ, ਹਕਲਾ ਕੇ ਬੋਲਣਾ।

ਗਰਮ, ਲਾਲ ਤੇ ਖੁਸ਼ਕ ਚਮੜੀ। ਜਦੋਂ ਸਰੀਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਜਾਂਦਾ ਹੈ। ਗੰਭੀਰ ਸਿਰ ਦਰਦ। ਚਿੰਤਾ, ਚੱਕਰ ਆਉਣੇ, ਬੇਹੋਸ਼ੀ। ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਖਿਚਾਅ ਇਕ ਘੰਟੇ ਤੋਂ ਵੱਧ ਸਮੇਂ ਤਕ ਰਹਿੰਦੀ ਹੈ। ਉਲਟੀਆਂ ਲੱਗਣਾ। ਦਿਲ ਦੀ ਧੜਕਣ ਤੇਜ਼ ਹੋਣਾ। ਸਾਹ ਲੈਣ ’ਚ ਤਕਲੀਫ਼ ਹੋਣਾ। ਲੂ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਸੁਝਾਅ, ਸਾਵਧਾਨੀਆਂ ਤੇ ਘਰੇਲੂ ਨੁਕਤੇ ਯਾਦ ਰੱਖੋ। ਵਧੇਰੇ ਜਾਣਕਾਰੀ ਲਈ ਨੇੜੇ ਦੇ ਸਿਹਤ ਕੇਂਦਰ ਜਾਂ ਟੋਲ ਫਰੀ ਨੰਬਰ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਸਾਂਝਾ ਕਰੋ