ਹਵਾਈ ਯਾਤਰਾ ਦੇ ਖ਼ਤਰੇ

ਸਿੰਗਾਪੁਰ ਏਅਰਲਾਈਨਜ਼ ਦੀ ਇੱਕ ਉਡਾਣ ਨਾਲ ਬਹੁਤ ਹੀ ਹੈਰਾਨਕੁਨ ਘਟਨਾ ਪੇਸ਼ ਆਈ ਹੈ ਜਿਸ ਕਰ ਕੇ ਇਸ ਵਿੱਚ ਸਵਾਰ 73 ਸਾਲਾ ਆਦਮੀ ਦੀ ਮੌਤ ਹੋ ਗਈ ਅਤੇ 71 ਹੋਰ ਮੁਸਾਫਿ਼ਰ ਜ਼ਖ਼ਮੀ ਹੋ ਗਏ। ਪਿਛਲੇ 24 ਸਾਲਾਂ ਦੌਰਾਨ ਇਸ ਏਅਰਲਾਈਨ ਦੀ ਉਡਾਣ ਵਿੱਚ ਮੌਤ ਹੋਣ ਦਾ ਅਜਿਹਾ ਪਹਿਲਾ ਵਾਕਿਆ ਹੈ ਜਿਸ ਤੋਂ ਇਸ ਧਾਰਨਾ ਨੂੰ ਬਲ ਮਿਲਿਆ ਹੈ ਕਿ ਅਜੋਕੇ ਸਮਿਆਂ ਵਿੱਚ ਮੌਸਮੀ ਜਾਂ ਕੁਦਰਤੀ ਗੜਬੜ ਕਰ ਕੇ ਹਵਾਈ ਸੇਵਾਵਾਂ ਲਈ ਖ਼ਤਰਾ ਵਧ ਗਿਆ ਹੈ। ਮੌਸਮ ਸਾਫ਼ ਹੋਣ ਦੇ ਬਾਵਜੂਦ ਗੜਬੜ ਕਾਰਨ ਵਾਪਰੀ ਇਸ ਘਟਨਾ ਨੂੰ ਵੱਡੇ ਖ਼ਤਰੇ ਦੇ ਸੰਕੇਤ ਵਜੋਂ ਲਿਆ ਜਾ ਰਿਹਾ ਹੈ। ਇਸ ਕਾਰਨ ਉਡਾਣ ਯਕਦਮ 1800 ਮੀਟਰ ਹੇਠਾਂ ਆ ਗਈ ਸੀ।

ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਪਾਇਲਟ ਜਹਾਜ਼ਾਂ ਨੂੰ ਵਾਯੂਮੰਡਲ ਦੀਆਂ ਸਰਹੱਦਾਂ ਤੋਂ ਪਾਰ ਲਿਜਾਂਦੇ ਹਨ ਤਾਂ ਅਕਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਜਦੋਂ ਇਹ ਅਚਨਚੇਤ ਵਾਪਰਦੀਆਂ ਹਨ ਤਾਂ ਇਹ ਜਿ਼ਆਦਾ ਖ਼ਤਰਨਾਕ ਸਾਬਿਤ ਹੁੰਦੀਆਂ ਹਨ। ਇਸ ਕਰ ਕੇ ਇਹ ਬਹੁਤ ਅਹਿਮ ਹੁੰਦਾ ਹੈ ਕਿ ਮੁਸਾਫਿ਼ਰ ਹਰ ਸਮੇਂ ਆਪਣੀਆਂ ਸੀਟ ਬੈਲਟਾਂ ਬੰਨ੍ਹ ਕੇ ਰੱਖਣ ਕਿਉਂਕਿ ਬਿਨਾਂ ਬੈਲਟ ਤੋਂ ਬੈਠਣ ਨਾਲ ਸੱਟਾਂ ਲੱਗਣ ਦਾ ਖ਼ਤਰਾ ਕਾਫ਼ੀ ਜਿ਼ਆਦਾ ਵਧ ਜਾਂਦਾ ਹੈ ਅਤੇ ਕਦੀ ਕਦਾਈਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਾਨਲੇਵਾ ਬਣ ਜਾਂਦੀਆਂ ਹਨ ਹਾਲਾਂਕਿ ਇਹੋ ਜਿਹੀਆਂ ਘਟਨਾਵਾਂ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੁੰਦੀਆਂ ਹਨ।

ਸਿੰਗਾਪੁਰ ਏਅਰਲਾਈਨਜ਼ ਦੀ ਇਸ ਉਡਾਣ ਨੂੰ ਹੰਗਾਮੀ ਤੌਰ ’ਤੇ ਬੈਂਕਾਕ ਵਿੱਚ ਉਤਾਰਨਾ ਪਿਆ ਅਤੇ ਜ਼ਖ਼ਮੀਆਂ ਦਾ ਇਲਾਜ ਕਰਵਾਉਣਾ ਪਿਆ। ਜ਼ਖ਼ਮੀਆਂ ’ਚੋਂ ਛੇ ਜਣਿਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ ਜਿਸ ਤੋਂ ਪਤਾ ਲਗਦਾ ਹੈ ਕਿ ਇਹ ਉਡਾਣ ਕਿਹੋ ਜਿਹੀ ਗੰਭੀਰ ਸਥਿਤੀ ’ਚੋਂ ਗੁਜ਼ਰੀ ਸੀ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਇਸ ਮੁਤੱਲਕ ਨਿੱਠ ਕੇ ਜਾਂਚ ਕਰਾਉਣ ਦਾ ਵਾਅਦਾ ਕੀਤਾ ਹੈ ਅਤੇ ਇਸ ਉਡਾਣ ਦੀ ਹੈਰਾਨਕੁਨ ਉਤਰਾਈ ਦੇ ਕਾਰਨਾਂ ਅਤੇ ਇਸ ਨਾਲ ਜੁੜੀਆਂ ਹਾਲਤਾਂ ਦਾ ਪੂਰੀ ਤਰ੍ਹਾਂ ਖੁਲਾਸਾ ਕਰਨ ਦਾ ਭਰੋਸਾ ਦਿਵਾਇਆ ਹੈ।

ਇਹ ਮੰਨਿਆ ਜਾ ਰਿਹਾ ਹੈ ਕਿ ਜਲਵਾਯੂ ਤਬਦੀਲੀ ਕਰ ਕੇ ਵਾਯੂਮੰਡਲ ਦੀ ਸਤਹਿ ’ਤੇ ਹੈਰਤਅੰਗੇਜ਼ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਕਰ ਕੇ ਇਹੋ ਜਿਹੀ ਗੜਬੜ ਹੋ ਰਹੀ ਹੈ। ਰੀਡਿੰਗ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਹ ਗੱਲ ਨੋਟ ਕੀਤੀ ਹੈ ਕਿ ਪਿਛਲੇ ਚਾਰ ਦਹਾਕਿਆਂ ਦੌਰਾਨ ਇਸ ਕਿਸਮ ਦੀ ਗੜਬੜ ਦੀ ਸ਼ਿੱਦਤ ਵਿੱਚ ਕਾਫ਼ੀ ਵਾਧਾ ਹੋ ਗਿਆ ਹੈ ਅਤੇ ਇਸ ਕਰ ਕੇ ਹਵਾ ਦੇ ਵਹਾਓ ਵਿਚ ਬਦਲਾਓ ਆ ਗਿਆ ਹੈ ਅਤੇ ਆਲਮੀ ਤਪਸ਼ ਵਿੱਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ।

ਜਿਵੇਂ-ਜਿਵੇਂ ਹਵਾਈ ਸਫ਼ਰ ਵਿੱਚ ਵਾਧਾ ਹੋ ਰਿਹਾ ਹੈ, ਉਸੇ ਤਰ੍ਹਾਂ ਗੜਬੜ ਵਾਲੇ ਜ਼ੋਨਾਂ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ ਜਿਸ ਨਾਲ ਉਡਾਣ ਦੀ ਯੋਜਨਾਬੰਦੀ ਅਤੇ ਮੁਸਾਫਿ਼ਰਾਂ ਦੀ ਸਲਾਮਤੀ ਅਸਰਅੰਦਾਜ਼ ਹੋ ਰਹੀ ਹੈ। ਏਵੀਏਸ਼ਨ ਸਨਅਤ ਨੂੰ ਇਨ੍ਹਾਂ ਨਵੀਆਂ ਹਕੀਕਤਾਂ ਨੂੰ ਪ੍ਰਵਾਨ ਕਰ ਕੇ ਇਸ ਮੁਤਾਬਿਕ ਢਲਣਾ ਪਵੇਗਾ। ਇਸ ਲਿਹਾਜ਼ ਤੋਂ ਭਵਿੱਖਬਾਣੀ ਕਰਨ ਵਾਲੇ ਸੰਦਾਂ ਵਿਚ ਵਾਧਾ ਕਰਨਾ, ਚਾਲਕ ਦਸਤੇ ਦੀ ਸਖ਼ਤ ਸਿਖਲਾਈ ਦੀ ਵਿਵਸਥਾ ਅਤੇ ਸੁਰੱਖਿਆ ਨੇਮਾਂ ਦੀ ਵਧੇਰੇ ਸਖ਼ਤੀ ਨਾਲ ਪਾਲਣਾ ਕਰਨ ਦੀ ਆਪਣੀ ਅਹਿਮੀਅਤ ਹੈ। ਏਅਰਲਾਈਨਜ਼ ਕੰਪਨੀਆਂ ਨੂੰ ਮੁਸਾਫਿ਼ਰਾਂ ਦੀ ਸਿੱਖਿਆ ਨੂੰ ਤਰਜੀਹ ਵੀ ਦੇਣੀ ਪਵੇਗੀ ਅਤੇ ਉਨ੍ਹਾਂ ਨੂੰ ਉਡਾਣ ਦੇ ਸਮੁੱਚੇ ਸਮੇਂ ਦੌਰਾਨ ਸੀਟ ਬੈਲਟ ਬੰਨ੍ਹ ਕੇ ਰੱਖਣ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਜਿਵੇਂ-ਜਿਵੇਂ ਅੰਬਰਾਂ ਦਾ ਸਫ਼ਰ ਖ਼ਤਰਨਾਕ ਬਣ ਰਿਹਾ ਹੈ, ਉਸ ਹਿਸਾਬ ਨਾਲ ਇਨ੍ਹਾਂ ਚੁਣੌਤੀਆਂ ਨੂੰ ਸਿੱਝਣ ਅਤੇ ਸਾਰੇ ਲੋਕਾਂ ਦਾ ਸਫ਼ਰ ਸੁਰੱਖਿਅਤ ਬਣਾਉਣ ਦੀ ਲੋੜ ਹੈ। ਇਹ ਉਹ ਮਸਲਾ ਹੈ ਜਿਸ ਬਾਰੇ ਤਰਜੀਹੀ ਆਧਾਰ ’ਤੇ ਅਗਲੀ ਕਾਰਵਾਈ ਹੋਣੀ ਚਾਹੀਦੀ ਹੈ।

ਸਾਂਝਾ ਕਰੋ