ਸਮੁੱਚਾ ਵਿਸ਼ਵ ਇਕ ਛੋਟੇ ਜਿਹੇ ਗਲੋਬ ’ਚ ਸਿਮਟ ਚੁੱਕਾ ਹੈ। ਦੇਸ਼ਾਂ, ਦੀਪਾਂ ਤੇ ਮਹਾਦੀਪਾਂ ਦੀਆਂ ਦੂਰੀਆਂ ਮਿਟ ਚੁੱਕੀਆਂ ਹਨ। ਇਹ ਸਾਇੰਸ, ਸੰਚਾਰ, ਆਵਾਜਾਈ ਆਧੁਨਿਕ ਤਕਨੀਕ ਦਾ ਚਮਤਕਾਰ ਹੈ। ਪਰ ਡਿਪਲੋਮੈਟਿਕ ਸੂਝ-ਬੂਝ ਅਤੇ ਕਲਾ ਖੇਤਰ ’ਚ ਅਸੀਂ ਅਜੇ ਵੀ ਬਹੁਤ ਪੱਛੜੇ ਹੋਏ ਹਾਂ। ਯੂਐੱਨ ਤੇ ਦੂਸਰੀਆਂ ਕੌਮਾਂਤਰੀ ਸੰਸਥਾਵਾਂ ਤੇ ਲਗਾਤਾਰ ਕਾਰਪੋਰੇਟ ਬਸਤੀਵਾਦੀ ਸਾਮਰਾਜਵਾਦੀਆਂ, ਕੱਟੜ ਵਿਚਾਰਧਾਰਕ ਤੇ ਧਾਰਮਿਕ ਤਾਨਾਸ਼ਾਹਾਂ ਦਾ ਕਬਜ਼ਾ ਹੈ ਜਿਨ੍ਹਾਂ ਕਰਕੇ ਆਰਥਿਕ, ਸਮਾਜਿਕ, ਕੌਮਾਂਤਰੀ ਪੱਧਰ ਤੇ ਆਪਸੀ ਮਤਭੇਦ, ਟਕਰਾਅ, ਜੰਗੀ ਵਿਵਸਥਾਵਾਂ ਕਾਇਮ ਹਨ। ਇਨ੍ਹਾਂ ਕਰਕੇ ਗ਼ਰੀਬ, ਪੱਛੜੇ ਆਮ ਅਤੇ ਮੱਧ ਵਰਗ ਦੇ ਲੋਕ ਪਿਸ ਰਹੇ ਹਨ, ਮਾਰੇ ਜਾ ਰਹੇ ਹਨ। ਵਿਸ਼ਵ ਸ਼ਾਂਤੀ, ਵਿਕਾਸ, ਰੁਜ਼ਗਾਰ, ਵਧੀਆ ਸਿਹਤਮੰਦ ਜੀਵਨ, ਵਾਤਾਵਰਨ ਸੰਭਾਲ ਲਈ ਸਾਰੇ ਰਾਸ਼ਟਰਾਂ ਦਰਮਿਆਨ ਸਾਜ਼ਗਾਰ ਸਬੰਧ ਅਤਿ ਜ਼ਰੂਰੀ ਹਨ। ਕੁਝ ਸਮੇਂ ਤੋਂ ਵਿਸ਼ਵ ਦੇ ਸਭ ਤੋਂ ਵੱਡੀ ਆਬਾਦੀ ਅਤੇ ਵਿਸ਼ਾਲ ਲੋਕਤੰਤਰੀ ਦੇਸ਼ ਭਾਰਤ ਤੇ ਵਿਸ਼ਵ ਦੇ ਸਭ ਤੋਂ ਖ਼ੂਬਸੂਰਤ ਅਤੇ ਖੇਤਰਫਲ ਪੱਖੋਂ ਦੂਸਰੇ ਵੱਡੇ ਦੇਸ਼ ਕੈਨੇਡਾ ਦਰਮਿਆਨ ਤਿੱਖੀ ਡਿਪਲੋਮੈਟਿਕ ਖਿੱਚੋਤਾਣ ਅਤੇ ਬੇਵਿਸ਼ਵਾਸੀ ਵਧੀ ਪਈ ਹੈ।
ਨਤੀਜੇ ਵਜੋਂ ਆਰਥਿਕ, ਵਪਾਰਕ, ਆਪਸੀ ਭਾਈਵਾਲੀ ਵਾਲੇ ਸਬੰਧਾਂ ਵਿਚ ਖੜੋਤ ਆਈ ਹੋਈ ਹੈ। ਕੈਨੇਡਾ ਵਿਚ 1.85 ਮਿਲੀਅਨ ਵਸ ਰਹੇ ਭਾਰਤੀ ਜੋ ਇਸ ਦੇਸ਼ ਦੀ ਕੁੱਲ ਆਬਾਦੀ ਦਾ 5.1 ਪ੍ਰਤੀਸ਼ਤ ਹਨ ਅਤੇ ਖ਼ਾਸ ਕਰਕੇ 7 ਲੱਖ 72 ਹਜ਼ਾਰ ਦੇ ਲਗਪਗ ਸਿੱਖ ਘੱਟ ਗਿਣਤੀ ਭਾਈਚਾਰਾ ਚਿੰਤਤ ਤੇ ਆਹਤ ਮਹਿਸੂਸ ਕਰ ਰਿਹਾ ਹੈ। ਸਥਿਤੀਆਂ ਉਦੋਂ ਤੋਂ ਭੜਕਣੀਆਂ ਸ਼ੁਰੂ ਹੋਈਆਂ ਜਦੋਂ ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸੂਬੇ ਵਿਚ ਸਥਾਨਕ ਗੁਰਦੁਆਰਾ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੂੰ 18 ਜੂਨ 2023 ਨੂੰ ਦੋ ਅਗਿਆਤ ਵਿਅਕਤੀਆਂ ਵੱਲੋਂ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ। ਕੁਝ ਸਮੇਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿਚ ਭਾਰਤ ਸਰਕਾਰ ਦੇ ਖ਼ੁਫ਼ੀਆ ਏਜੰਟਾਂ ’ਤੇ ਇਸ ਕਤਲ ਦਾ ਦੋਸ਼ ਲਗਾਇਆ ਜਿਸ ’ਤੇ ਉਹ ਅੱਜ ਵੀ ਕਾਇਮ ਹਨ। ਇਸ ਕਰਕੇ ਦੋਹਾਂ ਦੇਸ਼ਾਂ ਦੇ ਡਿਪਲੋਮੈਟਿਕ ਸਬੰਧਾਂ ਵਿਚ ਭੂਚਾਲ ਵੇਖਣ ਨੂੰ ਮਿਲਿਆ ਜਿਸ ਦਾ ਮਾੜਾ ਅਸਰ ਜਨਤਕ ਆਵਾਜਾਈ, ਵੀਜ਼ਾ ਸਿਸਟਮ, ਵਪਾਰ ਅਤੇ ਆਪਸੀ ਮਿਲਵਰਤਨ ਭਰੇ ਮਾਹੌਲ ’ਤੇ ਪਿਆ। ਇਸ ਕਤਲ ਦੇ ਸਿਲਸਿਲੇ ਵਿਚ ਪਿਛਲੇ ਦਿਨੀਂ ਭਾਰਤੀ ਪੰਜਾਬ ਨਾਲ ਸਬੰਧਤ ਚਾਰ ਨੌਜਵਾਨ ਕੈਨੇਡਾ ਪੁਲਿਸ ਵੱਲੋਂ ਪਕੜੇ ਗਏ।
ਪਹਿਲਾਂ ਤਿੰਨ ਫੜੇ ਮਸਲਨ ਐਡਮਿੰਟਨ (ਅਲਬਰਟਾ) ਵਿਖੇ ਰਹਿਣ ਵਾਲੇ ਸਾਜ਼ਿਸ਼ ਵਿਚ ਸ਼ਾਮਲ 22 ਸਾਲਾ ਕਰਨ ਬਰਾੜ (ਫਰੀਦਕੋਟ), ਕਰਨਪ੍ਰੀਤ ਸਿੰਘ 28 ਸਾਲਾ (ਗੁਰਦਾਸਪੁਰ) ਅਤੇ 22 ਸਾਲਾ ਕਮਲਪ੍ਰੀਤ ਸਿੰਘ (ਜਲੰਧਰ) ਵਾਸੀ ਹਨ ਜੋ ਵੀਡੀਓਗ੍ਰਾਫੀ ਰਾਹੀਂ ਸਰੀ ਦੀ ਅਦਾਲਤ ਵਿਚ ਪੇਸ਼ ਕੀਤੇ ਗਏ। ਚੌਥਾ 22 ਸਾਲਾ ਅਮਨਦੀਪ ਸਿੰਘ ਬਰੈਂਪਟਨ (ਓਂਟੇਰੀਓ) ਤੋਂ ਪਕੜਿਆ ਹੈ ਜੋ ਗੋਲ਼ੀ ਚਲਾਉਣ ਵਾਲਿਆਂ ਵਿੱਚੋਂ ਇਕ ਸੀ। ਅਜੇ ਹੋਰ ਲੋਕ ਵੀ ਜੋ ਸ਼ਾਮਲ ਹਨ, ਉਨ੍ਹਾਂ ਸਬੰਧੀ ਤਿੰਨ ਸੂਬਿਆਂ ਵਿਚ ਤਫ਼ਤੀਸ਼ ਚੱਲ ਰਹੀ ਹੈ। ਪ੍ਰਧਾਨ ਮੰਤਰੀ ਤੋਂ ਬਾਅਦ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਸਪਸ਼ਟ ਕੀਤਾ ਕਿ ਕੈਨੇਡਾ ਭਾਰਤ ’ਤੇ ਲਗਾਏ ਦੋਸ਼ਾਂ ’ਤੇ ਕਾਇਮ ਹੈ। ਕੈਨੇਡਾ ਹਮੇਸ਼ਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਬਣਾਈ ਰੱਖਣ ਅਤੇ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਪ੍ਰਤੀ ਵਚਨਬੱਧ ਹੈ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕੈਨੇਡਾ ’ਚ ਭਾਰਤ ਵਿਰੋਧੀ ਪ੍ਰਦਰਸ਼ਨਾਂ ਬਾਰੇ ਕਿਹਾ ਕਿ ਕੈਨੇਡਾ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ’ਤੇ ਕੱਟੜਪੰਥੀ ਅਨਸਰਾਂ ਨੂੰ ਉਤਸ਼ਾਹਤ ਨਹੀਂ ਕਰਨਾ ਚਾਹੀਦਾ। ਕੈਨੇਡਾ ਜਮਹੂਰੀ ਦੇਸ਼ ਹੈ। ਉਹ ਹਿੰਸਾ ਦਾ ਜਸ਼ਨ ਮਨਾਉਣ ਦੀ ਇਜਾਜ਼ਤ ਕਿਵੇਂ ਦੇ ਸਕਦਾ ਹੈ? ਭਾਰਤ ਸਰਕਾਰ ਕੈਨੇਡਾ ’ਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਚੌਥੇ ਕਾਤਲ ਦੀ ਗਿ੍ਰਫ਼ਤਾਰੀ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਇਸ ਕੇਸ ਸਬੰਧੀ ਜਾਂਚ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਕੈਨੇਡਾ ਕੋਈ ਐਸੀ ਜਾਣਕਾਰੀ ਜਾਂ ਸਬੂਤ ਤਾਂ ਦੇਵੇ ਜਿਸ ’ਤੇ ਭਾਰਤ ਅੱਗੇ ਕੰਮ ਕਰ ਸਕੇ।
ਭਾਰਤ-ਕੈਨੇਡਾ ਤਨਾਜ਼ੇ ਨੂੰ ਸ਼ਾਂਤੀਪੂਰਵਕ, ਮਿਲ-ਬੈਠ ਕੇ ਡਿਪਲੋਮੈਟਿਕ ਕਲਾ ਨਾਲ ਹੱਲ ਕਰਨ ਦੀ ਥਾਂ ਪੱਛਮੀ ਮੀਡੀਆ ਤੇ ਆਗੂ ਉਕਸਾਹਟ ਪੈਦਾ ਕਰ ਰਹੇ ਹਨ। ‘ਵਾਸ਼ਿੰਗਟਨ ਪੋਸਟ’, ‘ਗਲੋਬ ਐਂਡ ਮੇਲ’, ‘ਟੋਰਾਂਟੋ ਸਟਾਰ’ ਆਦਿ ਪ੍ਰਸਿੱਧ ਅਖ਼ਬਾਰਾਂ ਦੀਆਂ ਰਿਪੋਰਟਾਂ ਅਤੇ ਲੇਖ ਇਹੀ ਦਰਸਾਉਂਦੇ ਹਨ। ‘ਵਾਸ਼ਿੰਗਟਨ ਪੋਸਟ’ ਐੱਫਬੀਆਈ, ਸੀਆਈਏ ਅਤੇ ਦੂਸਰੀਆਂ ਅਮਰੀਕੀ ਸੁਰੱਖਿਆ ਏਜੰਸੀਆਂ ਦੇ ਜਾਂਚ ਦੇ ਹਵਾਲੇ ਨਾਲ ਦਰਸਾਉਂਦਾ ਹੈ ਕਿ ਭਾਰਤ ਦੀ ਨਵੀਂ ਘੁਸ ਕੇ ਮਾਰਨ ਦੀ ਹਮਲਾਵਰ ਮੁਹਿੰਮ ਤਹਿਤ ਅਮਰੀਕਾ, ਕੈਨੇਡਾ, ਬਿ੍ਰਟੇਨ,ਆਸਟ੍ਰੇਲੀਆ ਅਤੇ ਹੋਰ ਥਾਵਾਂ ਵਿਚ ਰਹਿੰਦੇ ਵੱਖਵਾਦੀਆਂ ਤੇ ਸਿੱਖਾਂ ਲਈ ਜੋਖ਼ਮ ਭਰੀ ਧਮਕੀ ਬਣੀ ਪਈ ਹੈ। ਇਹ ਪ੍ਰਚਾਰਿਆ ਗਿਆ ਕਿ ਕੈਨੇਡਾ ਅੰਦਰ ਹਰਦੀਪ ਸਿੰਘ ਨਿੱਝਰ ਤੇ ਨਿਊਯਾਰਕ, ਅਮਰੀਕਾ ਵਿਚ ਗੁਰਪਤਵੰਤ ਸਿੰਘ ਪੰਨੂ ਨੂੰ ਮੁਕਾਉਣ ਲਈ ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ ਵੱਲੋਂ ਵਿਕਰਮ ਯਾਦਵ ਦੀ ਡਿਊਟੀ ਲਗਾਈ ਗਈ ਸੀ। ਭਾਰਤ ਹੁਣ ਵਿਦੇਸ਼ਾਂ ਵਿਚ ਬੈਠੇ ਭਾਰਤ ਵਿਰੋਧੀ ਅੱਤਵਾਦੀਆਂ-ਵੱਖਵਾਦੀਆਂ ਲਈ ਡੋਜ਼ੀਅਰ ਵਿਵਸਥਾ ਦੀ ਥਾਂ ਉੱਥੇ ਘੁਸ ਕੇ ਮਾਰਨ ਦੀ ਨੀਤੀ ’ਤੇ ਚੱਲਦਾ ਹੈ ਲੇਕਿਨ ਭਾਰਤ ਇਸ ਤੋਂ ਇਨਕਾਰ ਕਰਦਾ ਹੈ। ਭਾਰਤ-ਕੈਨੇਡਾ ਤੇ ਭਾਰਤ-ਪੱਛਮੀ ਦੇਸ਼ਾਂ ’ਚ ਪੈਦਾ ਹੋਏ ਅਜੋਕੇ ਡਿਪਲੋਮੈਟਿਕ ਮਤਭੇਦਾਂ ਦਾ ਮੁੱਖ ਕਾਰਨ ਇਕ-ਦੂਜੇ ਰਾਸ਼ਟਰ ਦੇ ਸਿਆਸੀ, ਲੋਕਤੰਤਰੀ, ਸੱਭਿਆਚਾਰਕ ਤੇ ਸਦਾਚਾਰਕ ਵਿਵਹਾਰ ਬਾਰੇ ਮੁਗਲਤਾ ਹੈ।
ਯੂਕੇ ਬਸਤੀਵਾਦੀ ਸਰਮਾਏਦਾਰ ਲੋਕਤੰਤਰੀ ਨਿਜ਼ਾਮ, ਅਮਰੀਕੀ ਕਾਰਪੋਰੇਟ ਨਿਜ਼ਾਮ, ਰੂਸੀ ਏਕਾਧਿਕਾਰਵਾਦੀ ਤਾਨਾਸ਼ਾਹ ਨਿਜ਼ਾਮ ਤੇ ਇਜ਼ਰਾਇਲੀ ਕੱਟੜ ਰਾਸ਼ਟਰਵਾਦੀ ਹਮਲਾਵਰ ਨਿਜ਼ਾਮ ਇਨ੍ਹਾਂ ਵਿਰੋਧੀ ਦੂਜੇ ਦੇਸ਼ਾਂ ਦੇ ਆਗੂਆਂ ਦੇ ਤਖਤੇ ਪਲਟਣ, ਇਨ੍ਹਾਂ ਵਿਰੋਧੀ ਵਿਦੇਸ਼ਾਂ ’ਚ ਬੈਠੇ ਅਨਸਰਾਂ ਨੂੰ ਮਾਰ ਮੁਕਾਉਣ ਲਈ ਬਦਨਾਮ ਹਨ। ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ, ਇਜ਼ਰਾਈਲ ਦੀ ਮੋਸਾਦ, ਰੂਸੀ ਦੀ ਸਾਬਕਾ ਕੇਜੀਬੀ (ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ੁਦ ਕੇਜੀਬੀ ਦਾ ਕਰਿੰਦਾ ਸੀ), ਯੂਕੇ ਦੀ ਐੱਸਆਈਐੱਮ (ਜਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਖਾੜਕੂਆਂ ਬਾਰੇ ਭਾਰਤ ਨੂੰ ਰਿਪੋਰਟ ਦਿੱਤੀ) ਆਦਿ
ਅਤਿ ਬਦਨਾਮ ਹਨ। ਚੀਨੀ ਐੱਮਐੱਸਐੱਸ ਕਿਸੇ ਤੋਂ ਘੱਟ ਨਹੀਂ। ਪੱਛਮੀ ਦੇਸ਼ਾਂ ਵਿਚ ਲੋਕਾਂ ਨੂੰ ਬੋਲਣ ਦੀ ਸੰਵਿਧਾਨਕ ਆਜ਼ਾਦੀ ਹੈ। ਇੱਥੋਂ ਤੱਕ ਕਿ ਕਈ ਦੇਸ਼ਾਂ ਵਿਚ ਸੂਬਿਆਂ ਨੂੰ ਰੈਫਰੈਂਡਮ ਰਾਹੀਂ ਵੱਖ ਹੋਣ ਦੀ ਆਜ਼ਾਦੀ ਹੈ। ਕੈਨੇਡਾ ਵਿਚ ‘ਖਾਲਸਾ ਡੇਅ’ ਸਮਾਰੋਹ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿਰੋਧੀ ਧਿਰ ਦੇ ਆਗੂ ਪੈਰੇ ਪੋਲੀਵਰ ਹਾਜ਼ਰ ਰਹੇ ਤੇ ਉਨ੍ਹਾਂ ਸੰਬੋਧਨ ਵੀ ਕੀਤਾ। ਇਸ ਸਮੇਂ ਰੈਡੀਕਲ ਸਿੱਖਾਂ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਇਸ ਨਾਅਰੇ ਬਾਰੇ ਤਾਂ ਭਾਰਤੀ ਸੁਪਰੀਮ ਕੋਰਟ ਵੀ ਸਪਸ਼ਟ ਕਰ ਚੁੱਕੀ ਹੈ ਕਿ ਇਹ ਦੇਸ਼ ਵਿਰੋਧੀ ਗੱਲ ਨਹੀਂ ਪਰ ਭਾਰਤ ਨੇ ਇਸ ’ਤੇ ਇਤਰਾਜ਼ ਜਤਾਇਆ। ਇਹ ਦੋਵੇਂ ਰਾਸ਼ਟਰ ਪ੍ਰਭੂਸੱਤਾ ਸੰਪੰਨ ਦੇਸ਼ ਹਨ ਅਤੇ ਕੌਮਾਂਤਰੀ ਸੰਧੀਆਂ, ਕਾਨੂੰਨਾਂ, ਡਿਪਲੋਮੈਸੀ ਰਾਹੀਂ ਜੁੜੇ ਹੋਏ ਹਨ। ਦੋਹਾਂ ਦੇਸ਼ਾਂ ਨੂੰ ਆਪਸੀ ਰਾਜਨੀਤਕ ਕਲਚਰ ਤੇ ਵਿਵਸਥਾਵਾਂ ਨੂੰ ਸਮਝਣ ਦੀ ਲੋੜ ਹੈ। ਕੈਨੇਡਾ ਨੇ ਰਾਜਧਾਨੀ ਓਟਾਵਾ ਦੀ ਟਰੱਕ ਯੂਨੀਅਨਾਂ ਵੱਲੋਂ ਘੇਰਬੰਦੀ ਤੋੜਨ ਲਈ 14 ਫਰਵਰੀ 2022 ਨੂੰ ਐਮਰਜੈਂਸੀ ਐਕਟ ਵਰਤਿਆ ਤਾਂ ਘੋਰ ਵਿਰੋਧ ਹੋਇਆ। ਸੁਪਰੀਮ ਕੋਰਟ ਨੇ ਗ਼ਲਤ ਕਰਾਰ ਦਿੱਤਾ। ਪਰ ਭਾਰਤ ਵਿਚ ਸੰਨ 1975 ਵਿਚ 19 ਮਹੀਨੇ ਲਈ ਐਮਰਜੈਂਸੀ ਠੋਕ ਕੇ ਜਿਵੇਂ ਇੰਦਰਾ ਗਾਂਧੀ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਦਬਾਏ, ਵਿਰੋਧੀ ਜੇਲ੍ਹਾਂ ’ਚ ਸੁੱਟੇ, ਜਬਰ ਢਾਹੇ ਇਸ ਦੀ ਕਿਧਰੇ ਮਿਸਾਲ ਨਹੀਂ ਮਿਲਦੀ। ਇਸ ਸਮੇਂ ਕੈਨੇਡਾ ਵਿਚ 18 ਲੱਖ 50 ਹਜ਼ਾਰ ਭਾਵ ਕੈਨੇਡੀਅਨ ਆਬਾਦੀ ਦਾ 5.1 ਪ੍ਰਤੀਸ਼ਤ ਭਾਰਤੀ ਪਰਵਾਸੀ ਵਸਦੇ ਹਨ।
ਉਹ ਕੈਨੇਡਾ ਦੀ ਰਾਜਨੀਤੀ, ਆਰਥਿਕਤਾ ਤੇ ਪ੍ਰਸ਼ਾਸਨ ਵਿਚ ਵੱਡੇ ਭਾਈਵਾਲ ਹਨ। ਫੈਡਰਲ ਤੇ ਸੂਬਾਈ ਸਰਕਾਰਾਂ ਵਿਚ ਮੰਤਰੀ ਅਤੇ ਹੋਰ ਉੱਚੇ ਪਦਾਂ ’ਤੇ ਤਾਇਨਾਤ ਹਨ। ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ 2009 ਅਤੇ 2012 ਵਿਚ ਭਾਰਤ ਯਾਤਰਾ ’ਤੇ ਆਏ ਤੇ 42 ਸਾਲ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਤੋਂ 16 ਅਪ੍ਰੈਲ 2015 ਨੂੰ ਕੈਨੇਡਾ ਯਾਤਰਾ ’ਤੇ ਗਏ। ਭਾਰਤ ਤੋਂ ਲੱਖਾਂ ਵਿਦਿਆਰਥੀ ਉੱਚ ਸਿੱਖਿਆ, ਰੁਜ਼ਗਾਰ ਅਤੇ ਪਰਵਾਸ ਲਈ ਇਸ ਦੇਸ਼ ਵਿਚ ਆਉਂਦੇ ਹਨ ਜੋ ਉਨ੍ਹਾਂ ਦੀ ਪਹਿਲੀ ਪਸੰਦ ਹੈ। ਦੋਹਾਂ ਦੇਸ਼ਾਂ ਵਿਚ ਸੰਨ 2023 ਵਿਚ 8.16 ਬਿਲੀਅਨ ਅਮਰੀਕੀ ਡਾਲਰ ਦਾ ਵਪਾਰ ਚੱਲ ਰਿਹਾ ਸੀ। ਦੋਵੇਂ ਦੇਸ਼ ਸ਼ਹਿਰੀ ਹਵਾਬਾਜ਼ੀ, ਸਿੱਖਿਆ, ਹੁਨਰ, ਰੇਲ, ਪੁਲਾੜ, ਸਿਹਤ, ਸੂਚਨਾ ਤਕਨਾਲੋਜੀ, ਬੌਧਿਕ ਜਾਇਦਾਦ, ਪਰਮਾਣੂ ਖੇਤਰਾਂ ਵਿਚ ਮਿਲਵਰਤਨ ਕਰ ਰਹੇ ਹਨ। ਭਾਰਤ ਦੇ 140 ਅਤੇ ਕੈਨੇਡਾ ਦੇ ਤਿੰਨ ਕਰੋੜ 91 ਲੱਖ ਲੋਕ ਆਪਸੀ ਮਿੱਤਰਤਾ ਤੇ ਸਹਿਯੋਗ ਲਈ ਹਮੇਸ਼ਾ ਤਾਂਘਵਾਨ ਹਨ। ਕਿਉਂਕਿ ਇਹ ਆਪਸੀ ਪਰਿਵਾਰਕ ਅਤੇ ਅਧਿਆਤਮਕ ਰਿਸ਼ਤਿਆਂ ਨਾਲ ਜੁੜੇ ਹੋਏ ਹਨ।