ਰਈਸੀ ਤੋਂ ਬਾਅਦ ਇਰਾਨ

ਇਰਾਨ ਦੇ ਰਾਸ਼ਟਰਪਤੀ ਇਬਰਾਹੀਮ ਰਈਸੀ (63) ਦੀ ਹੈਲੀਕਾਪਟਰ ਹਾਦਸੇ ਵਿਚ ਮੌਤ ਹੋਣ ਨਾਲ ਇਕ ਸਖ਼ਤਗੀਰ ਆਗੂ ਦੇ ਕਰੀਅਰ ਦਾ ਅਚਨਚੇਤ ਅੰਤ ਹੋ ਗਿਆ ਹੈ ਜੋ ਦੇਸ਼ ਦੇ ਸਰਬਰਾਹ ਆਇਤੁੱਲ੍ਹਾ ਖਮੀਨੀ ਦੇ ਜਾਂਨਸ਼ੀਨ ਬਣਨ ਦੇ ਪ੍ਰਮੁੱਖ ਦਾਅਵੇਦਾਰ ਸਮਝੇ ਜਾ ਰਹੇ ਸਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਖਿਲਾਫ਼ ਸਖ਼ਤੀ ਨਾਲ ਨਜਿੱਠਿਆ ਗਿਆ ਸੀ। ਉਂਝ, ਇਸ ਦੌਰਾਨ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਇਰਾਨੀ ਅਰਥਚਾਰੇ ਵਿਚ ਨਵੀਂ ਰੂਹ ਫੂਕਣ ਦੇ ਸੱਦਿਆਂ ਨੂੰ ਬਹੁਤਾ ਬੂਰ ਨਹੀਂ ਪੈ ਸਕਿਆ ਸੀ। ਇਰਾਨ ਦੀ ਵਿਦੇਸ਼ ਨੀਤੀ ਅਤੇ ਪਰਮਾਣੂ ਪ੍ਰੋਗਰਾਮ ਬਾਰੇ ਅੰਤਮ ਫ਼ੈਸਲਾ ਹਾਲਾਂਕਿ ਖਮੀਨੀ ਹੀ ਕਰਦੇ ਹਨ ਪਰ ਉਨ੍ਹਾਂ ਦੀ ਉਮਰ ਹੋ ਚੱਲੀ ਹੈ। ਇਸ ਸਮੇਂ ਉਹ 85 ਸਾਲ ਦੇ ਹੋ ਚੁੱਕੇ ਹਨ ਜਿਸ ਕਰ ਕੇ ਇਰਾਨ ਦੀ ਵਾਗਡੋਰ ਸੰਭਾਲਣ ਲਈ ਨੌਜਵਾਨ ਆਗੂਆਂ ਦੀ ਸਖ਼ਤ ਲੋੜ ਮਹਿਸੂਸ ਹੋ ਰਹੀ ਹੈ।

ਰਾਸ਼ਟਰਪਤੀ ਰਈਸੀ ਦੀ ਮੌਤ ਅਜਿਹੇ ਵਕਤ ਹੋਈ ਹੈ ਜਦੋਂ ਕੁਝ ਹਫ਼ਤੇ ਪਹਿਲਾਂ ਇਰਾਨ ਅਤੇ ਇਜ਼ਰਾਈਲ ਨੇ ਇਕ ਦੂਜੇ ਉਪਰ ਡਰੋਨਾਂ ਅਤੇ ਮਿਜ਼ਾਇਲਾਂ ਨਾਲ ਹਮਲੇ ਕੀਤੇ ਸਨ। ਇਜ਼ਰਾਈਲ ਇਸ ਸਮੇਂ ਗਾਜ਼ਾ ਵਿਚ ਹਮਾਸ ਖਿਲਾਫ਼ ਜੰਗ ਵਿਚ ਉਲਝਿਆ ਹੋਇਆ ਜਿਸ ਦੇ ਸਖ਼ਤ ਪੈਂਤੜੇ ਕਰ ਕੇ ਕੌਮਾਂਤਰੀ ਪੱਧਰ ’ਤੇ ਉਸ ਨੂੰ ਤਿੱਖੀ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਰਾਨ ਵਲੋਂ ਫ਼ਲਸਤੀਨੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ। ਇਜ਼ਰਾਈਲ ਦੋਸ਼ ਲਾਉਂਦਾ ਰਿਹਾ ਹੈ ਕਿ ਹਮਾਸ ਨੂੰ ਹਥਿਆਰ ਅਤੇ ਹੋਰ ਇਮਦਾਦ ਮੁਹੱਈਆ ਕਰਾਉਣ ਵਿਚ ਇਰਾਨ ਦਾ ਹੱਥ ਹੈ। ਇਸ ਵਕਤ ਇਜ਼ਰਾਈਲ ਦੀ ਪਿੱਠ ’ਤੇ ਖੜ੍ਹੇ ਅਮਰੀਕਾ ਨਾਲ ਵੀ ਇਰਾਨ ਦੇ ਰਿਸ਼ਤੇ ਤਣਾਅ ਵਾਲੇ ਹਨ। ਅਮਰੀਕਾ ਨੇ ਇਰਾਨ ਉਤੇ ਕਈ ਪ੍ਰਕਾਰ ਦੀਆਂ ਪਾਬੰਦੀਆਂ ਆਇਦ ਕੀਤੀਆਂ ਹੋਈਆਂ ਹਨ।

ਸਰਬਰਾਹ ਖਮੀਨੀ ਨੇ ਇਰਾਨ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਦੇਸ਼ ਦੇ ਕੰਮ ਕਾਜ ਵਿਚ ਕੋਈ ਰੁਕਾਵਟ ਨਹੀਂ ਪੈਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪ੍ਰਥਮ ਉਪ ਰਾਸ਼ਟਰਪਤੀ ਮੁਹੰਮਦ ਮੁਖ਼ਬਰ ਨੂੰ ਅੰਤਰਿਮ ਰਾਸ਼ਟਰਪਤੀ ਥਾਪ ਦਿੱਤਾ ਗਿਆ ਹੈ। ਅਜਿਹੇ ਹਾਲਾਤ ਵਿਚ ਇਰਾਨੀ ਸੱਤਾ ਸੰਘਰਸ਼ ਉਪਰ ਪੱਛਮੀ ਦੇਸ਼ਾਂ ਅਤੇ ਭਾਰਤ ਜਿਹੇ ਇਸ ਨਾਲ ਜੁੜੇ ਹੋਰਨਾ ਹਿੱਤਧਾਰਕਾਂ ਦੀਆਂ ਨਜ਼ਰਾਂ ਲੱਗੀਆਂ ਰਹਿਣਗੀਆਂ। ਹਾਲੇ ਪਿਛਲੇ ਹਫ਼ਤੇ ਹੀ ਨਵੀਂ ਦਿੱਲੀ ਤੇ ਤਹਿਰਾਨ ਨੇ ਰਣਨੀਤਕ ਇਰਾਨੀ ਬੰਦਰਗਾਹ ਚਾਬਹਾਰ ਨੂੰ ਚਲਾਉਣ ਲਈ 10 ਸਾਲਾਂ ਦੇ ਸਮਝੌਤਾ ਉਤੇ ਸਹੀ ਪਾਈ ਹੈ ਜਿਸ ਨੂੰ ਰਈਸੀ ਦੇ ਪਸੰਦੀਦਾ ਪ੍ਰਾਜੈਕਟਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਬਹਾਰ ਸਮਝੌਤੇ ਨੂੰ ਮਹੱਤਵਪੂਰਨ ਮੀਲ ਪੱਥਰ ਕਰਾਰ ਦਿੱਤਾ ਸੀ ਜੋ ਅਫ਼ਗਾਨਿਸਤਾਨ ਅਤੇ ਕੇਂਦਰੀ ਏਸ਼ਿਆਈ ਖਿੱਤੇ ਤੱਕ ਵਪਾਰਕ  ਸੰਪਰਕ ਸੰਭਵ ਬਣਾਏਗਾ। ਅਮਰੀਕੀ ਪਾਬੰਦੀਆਂ ਦਾ ਖ਼ਤਰਾ ਵੀ ਭਾਰਤ ਨੂੰ ਇਰਾਨ ਨਾਲ ਰਿਸ਼ਤੇ ਮਜ਼ਬੂਤ ਕਰਨ ਤੋਂ ਰੋਕ ਨਹੀਂ ਸਕਿਆ ਹੈ। ਰਈਸੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਨੇੜਤਾ ਕਾਫ਼ੀ ਵਧਾ ਲਈ ਸੀ ਤੇ ਇਰਾਨ ਨੂੰ ‘ਬਰਿਕਸ’ ਸਮੂਹ ਵਿੱਚ ਦਾਖਲ ਕਰਾਉਣ ਦੀ ਪ੍ਰਕਿਰਿਆ ਲਈ ਪ੍ਰਧਾਨ ਮੰਤਰੀ ਤੋਂ ਮਦਦ ਵੀ ਮੰਗੀ ਸੀ। ਆਖਰਕਾਰ, ਇਹ ਗਰੁੱਪ ਵਿਚ ਸ਼ਾਮਲ ਵੀ ਹੋ ਗਿਆ ਜਿਸ ਵਿੱਚ ਪਹਿਲਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਸ਼ਾਮਲ ਹਨ। ਭਾਰਤ ਨੂੰ ਆਸ ਹੈ ਕਿ ਉਹ ਰਈਸੀ ਦੇ ਜਾਂਨਸ਼ੀਨ ਨਾਲ ਵੀ ਇਸੇ ਤਰ੍ਹਾਂ ਦਾ ਰਿਸ਼ਤਾ ਕਾਇਮ ਕਰੇਗਾ।

ਸਾਂਝਾ ਕਰੋ

ਪੜ੍ਹੋ