ਫਿਰਕੂ ਧਰੁਵੀਕਰਨ ਤੋਂ ਇਲਾਵਾ ਪੰਜ ਕਿੱਲੋ ਮੁਫਤ ਅਨਾਜ ਨੂੰ ਭਾਜਪਾ ਨੇ ਇਨ੍ਹਾਂ ਚੋਣਾਂ ਵਿਚ ਸਭ ਤੋਂ ਵੱਡਾ ਹਥਿਆਰ ਬਣਾਇਆ। ਹਿੰਦੂਆਂ ਨੂੰ ਮੁਸਲਮਾਨਾਂ ਖਿਲਾਫ ਭੜਕਾ ਕੇ ਵੋਟਾਂ ਬਟੋਰਨ ਦੀ ਚਾਲ ਤਾਂ ਫੇਲ੍ਹ ਹੋ ਗਈ, ਪਰ ਪੰਜ ਕਿੱਲੋ ਮੁਫਤ ਅਨਾਜ ਦਾ ਗਰੀਬਾਂ ਦੀ ਵੋਟ ਤਰਜੀਹ ’ਤੇ ਅਸਰ ਅਜੇ ਵੀ ਦੇਖਿਆ ਜਾ ਰਿਹਾ ਹੈ। ਟੀ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਨਜ਼ਰ ਆ ਜਾਂਦੇ ਹਨ, ਪਰ ਕੀ ਸਿਰਫ ਇਸੇ ਨਾਲ ਮੋਦੀ ਹੈਟਰਿੱਕ ਲਾ ਲੈਣਗੇ? ਇਹ ਸੰਭਵ ਨਹੀਂ ਲੱਗਦਾ। ਜਿਵੇਂ ਮੋਦੀ ਦੇ ਹੋਰ ਦਾਅ ਪੁੱਠੇ ਪੈਂਦੇ ਆ ਰਹੇ ਹਨ, ਉਸੇ ਤਰ੍ਹਾਂ ਮੁਫਤ ਅਨਾਜ ਦੀ ਸਕੀਮ ਵੀ ਉਨ੍ਹਾ ਦੀ ਬੇੜੀ ਬੰਨੇ ਲਾਉਦੀ ਨਜ਼ਰ ਨਹੀਂ ਆ ਰਹੀ। ਗਰੀਬ ਲੋਕ ਇਹ ਤਾਂ ਮੰਨ ਰਹੇ ਹਨ ਕਿ ਮੁਫਤ ਅਨਾਜ ਨਾਲ ਉਨ੍ਹਾਂ ਨੂੰ ਫਾਇਦਾ ਹੋ ਰਿਹਾ ਹੈ, ਪਰ ਉਨ੍ਹਾਂ ਦੀ ਸਿਰਫ ਇਸ ਨਾਲ ਹੀ ਸੰਤੁਸ਼ਟੀ ਨਹੀਂ। ਉਹ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਵੀ ਉਨ੍ਹਾਂ ਮੁੱਦਿਆਂ ਵਿਚ ਗਿਣਾ ਰਹੇ ਹਨ, ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਉਹ ਚੋਣਾਂ ਦੇ ਰਹਿੰਦੇ ਗੇੜਾਂ ਵਿਚ ਵੋਟਾਂ ਪਾਉਣਗੇ।
ਯੂ ਪੀ ਦੇ ਦਿਓਰੀਆ ਹਲਕੇ ਵਿਚ ਆਖਰੀ ਗੇੜ ਵਿਚ ਇਕ ਜੂਨ ਨੂੰ ਵੋਟਾਂ ਪੈਣੀਆਂ ਹਨ। ਹਲਕੇ ਦੇ ਪਿੰਡ ਕਨਕਪੁਰ ਵਿਚ ਕਾਂਗਰਸ ਉਮੀਦਵਾਰ ਅਖਿਲੇਸ਼ ਪ੍ਰਤਾਪ ਸਿੰਘ ਦੇ ਹੱਕ ਵਿਚ ਹੋਈ ਚੋਣ ਮੀਟਿੰਗ ਵਿਚ ਸ਼ਾਮਲ ਲੋਕਾਂ ਨਾਲ ਇਕ ਸਰਕਰਦਾ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਵੱਲੋਂ ਕੀਤੀ ਗਈ ਗੱਲਬਾਤ ’ਚ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਜੇ ਉਨ੍ਹਾਂ ਨੂੰ ਪੰਜ ਕਿੱਲੋ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ ਤਾਂ ਹੋਰ ਚੀਜ਼ਾਂ ਮਹਿੰਗੀਆਂ ਦੇ ਕੇ ਉਨ੍ਹਾਂ ਦਾ ਕਚੂੰਬਰ ਵੀ ਕੱਢਿਆ ਜਾ ਰਿਹਾ ਹੈ। ਪਹਿਲਾਂ ਉਨ੍ਹਾਂ ਨੂੰ ਰਾਸ਼ਨ ਦੀਆਂ ਦੁਕਾਨਾਂ ਤੋਂ ਪੰਜ ਤੋਂ ਸੱਤ ਰੁਪਏ ਕਿੱਲੋ ਖੰਡ ਤੇ ਤਿੰਨ ਰੁਪਏ ਲਿਟਰ ਮਿੱਟੀ ਦਾ ਤੇਲ ਮਿਲਦਾ ਸੀ।
ਮੋਦੀ ਸਰਕਾਰ ਨੇ ਇਹ ਬੰਦ ਕਰਕੇ ਹਜ਼ਾਰਾਂ ਕਰੋੜ ਰੁਪਏ ਬਚਾਅ ਲਏ ਤੇ ਹੁਣ ਦਾਅਵੇ ਕਰ ਰਹੀ ਹੈ ਕਿ ਮੁਫਤ ਅਨਾਜ ਦੇ ਰਹੀ ਹੈ, ਪਰ ਖੰਡ 40 ਰੁਪਏ ਤੇ ਮਿੱਟੀ ਦਾ ਤੇਲ 30 ਰੁਪਏ ਲਿਟਰ ਦੇ ਰਹੀ ਹੈ। ਸਿਰਫ ਮਹਿੰਗਾਈ ਹੀ ਨਹੀਂ, ਫੌਜ ਵਿਚ ਭਰਤੀ ਦੀ ਅਗਨੀਵੀਰ ਸਕੀਮ ’ਤੇ ਵੀ ਪਿੰਡ ਵਾਸੀ ਨਾਰਾਜ਼ ਨਜ਼ਰ ਆਏ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪਿੰਡ ਦੇ 60 ਲੋਕ ਫੌਜ ਵਿਚ ਹਨ। ਪਿੰਡ ਦੇ ਘੱਟੋ-ਘੱਟ 100 ਨੌਜਵਾਨ ਭਰਤੀ ਲਈ ਰੋਜ਼ ਸਵੇਰੇ ਉੱਠ ਕੇ ਕਸਰਤ ਕਰਦੇ ਸਨ, ਪਰ ਜਦੋਂ ਤੋਂ ਅਗਨੀਵੀਰ ਸਕੀਮ ਆਈ ਹੈ, ਉਹ ਦੌੜ ਲਾਉਣੋ ਹਟ ਗਏ ਹਨ। ਮੋਦੀ ਜੀ 10 ਸਾਲ ਰਾਜ ਕਰਨ ਤੋਂ ਬਾਅਦ ਖੁਦ ਲਈ ਪੰਜ ਸਾਲ ਹੋਰ ਮੰਗ ਰਹੇ ਹਨ, ਪਰ ਨੌਜਵਾਨਾਂ ਨੂੰ ਫੌਜ ਵਿਚ ਸਿਰਫ ਚਾਰ ਸਾਲ ਦੀ ਆਰਜ਼ੀ ਨੌਕਰੀ ਦੇ ਰਹੇ ਹਨ। ਦਿਓਰੀਆ ਦੇ ਪਿੰਡ ਦੀ ਇਹ ਕਹਾਣੀ ਦਰਸਾਉਦੀ ਹੈ ਕਿ ਆਪੋਜ਼ੀਸ਼ਨ ਪਾਰਟੀਆਂ ਦਾ ‘ਇੰਡੀਆ’ ਗੱਠਜੋੜ ਲੋਕਾਂ ਵਿਚ ਆਪਣੀ ਗੱਲ ਪਹੁੰਚਾਉਣ ’ਚ ਕਾਫੀ ਹੱਦ ਤਕ ਕਾਮਯਾਬ ਹੋ ਗਿਆ ਹੈ। ਲੋਕ ਕਹਿਣ ਲੱਗ ਪਏ ਹਨ ਕਿ ‘ਰੋਟੀ ਨਾ ਪਲਟਾਓ ਤਾਂ ਸੜ ਜਾਂਦੀ ਹੈ।’