ਕਿਰਤੀ ਕਿਸਾਨ ਯੂਨੀਅਨ ਵੱਲੋਂ ਭਾਜਪਾ ਖ਼ਿਲਾਫ਼ ਰੈਲੀਆਂ

ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਵੱਲੋਂ ਪਿੰਡ ਨੱਥੋਹੇੜੀ, ਚੁਹਾਣਾ, ਰੁੜਕਾ, ਤੱਖਰ, ਕੇਲੋਂ, ਆਹਨ ਖੇੜੀ, ਮਦੇਵੀ, ਸੱਦੋਪੁਰ, ਹਥਨ, ਆਦਮਪਾਲ ਆਦਿ ਵਿੱਚ ਭਾਜਪਾ ਭਜਾਓ-ਭਾਜਪਾ ਹਰਾਓ ਦੇ ਨਾਅਰੇ ਤਹਿਤ ਰੈਲੀਆਂ ਤੇ ਮੀਟਿੰਗਾਂ ਕਰ ਕੇ ਭਾਜਪਾ ਦਾ ਮੁਕੰਮਲ ਬਾਈਕਾਟ ਅਤੇ ਬਾਕੀ ਪਾਰਟੀਆਂ ਨੂੰ ਸਵਾਲ ਪੁੱਛਣ ਦਾ ਸੱਦਾ ਦਿੱਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਰੁਪਿੰਦਰ ਸਿੰਘ ਚੌਦਾਂ ਅਤੇ ਚਮਕੌਰ ਸਿੰਘ ਹਥਨ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਕੇਂਦਰ ਵਿੱਚ ਸੱਤਾ ਉੱਪਰ ਕਾਬਜ਼ ਭਾਜਪਾ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਕੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਵਰਗਾਂ ਦਾ ਜਿਊਂਣਾ ਦੁੱਭਰ ਕਰ ਦਿੱਤਾ ਹੈ। ਭਾਜਪਾ ਤਾਨਾਸ਼ਾਹ ਵਿਚਾਰਧਾਰਾ ਕਾਰਨ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਯੂਨੀਅਨ ਦੇ ਬਲਾਕ ਪ੍ਰਧਾਨ ਮਾਨ ਸਿੰਘ ਸੱਦੋਪੁਰ ਅਤੇ ਕੈਪਟਨ ਨਿਰਮਲ ਸਿੰਘ ਰੁੜਕਾ ਨੇ ਕਿਹਾ ਕਿ ਜੇ ਤੀਜੀ ਵਾਰ ਮੋਦੀ ਸਰਕਾਰ ਬਣਦੀ ਹੈ ਤਾਂ ਦੇਸ਼ ਵਿੱਚੋਂ ਜਮਹੂਰੀਅਤ ਖ਼ਤਮ ਹੋ ਜਾਵੇਗੀ।

ਇਸ ਮੌਕੇ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਮਦੇਵੀ, ਲਾਭ ਸਿੰਘ ਨੱਥੋਹੇੜੀ, ਸਮਸ਼ੇਰ ਸਿੰਘ ਆਦਮਪਾਲ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਸੁਖਦੇਵ ਸਿੰਘ ਆਦਿ ਵੀ ਹਾਜ਼ਰ ਸਨ। ਜਨਤਕ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ‘ਭਾਜਪਾ ਹਰਾਓ ਭਾਜਪਾ ਭਜਾਓ’, ‘ਲੋਕ ਵਿਰੋਧੀ ਨੀਤੀਆਂ ਅਪਣਾਉਣ ਖ਼ਿਲਾਫ਼ ਸੱਤਾਧਾਰੀ ਪਾਰਟੀਆਂ ਨੂੰ ਸਵਾਲ ਕਰੋ ਤੇ ਲੁੱਟ ਆਧਾਰਤ ਸਿਸਟਮ ਨੂੰ ਨੰਗਾ ਕਰੋ’ ਤਹਿਤ ਮਜ਼ਦੂਰ, ਕਿਸਾਨ, ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ, ਪੰਜਾਬ ਸਟੂਡੈਂਟ ਯੂਨੀਅਨ ਦੇ ਰਾਮਵੀਰ ਸਿੰਘ, ਨੌਜਵਾਨ ਭਾਰਤ ਸਭਾ ਦੇ ਲਖਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਭਾਜਪਾ ਸਰਕਾਰ ਵੱਲੋਂ ਫਾਸ਼ੀਵਾਦੀ ਮਨਸੂਬਿਆਂ ਰਾਹੀਂ ਦੇਸ਼ ਵਿੱਚ ਲਗਾਤਾਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉੱਥੇ ਹੀ ਵੱਖ-ਵੱਖ ਵਰਗਾਂ ਨੂੰ ਆਰਥਿਕ ਅਤੇ ਸਮਾਜਿਕ ਤੌਰ ’ਤੇ ਬਿਲਕੁਲ ਹਾਸ਼ੀਏ ਉੱਪਰ ਧੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਦੁਬਾਰਾ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਲੋਕਾਂ ਨੇ ਮਾਲਕ ਦੇ ਜਮਹੂਰੀ ਹੱਕ ਖ਼ਤਮ ਕਰ ਦਿੱਤੇ ਜਾਣਗੇ। ਇਸ ਤੋਂ ਬਿਨਾਂ ਉਨ੍ਹਾਂ ਨੇ ਬਾਕੀ ਸੱਤਾਧਾਰੀ ਪਾਰਟੀਆਂ ਨੂੰ ਆਪਣੇ ਜ਼ਮੀਨੀ, ਰੁਜ਼ਗਾਰ, ਕਰਜ਼ਾ, ਸਮਾਜਿਕ ਵਿਤਕਰਾ, ਸਿੱਖਿਆ ਤੇ ਸਿਹਤ ਸਬੰਧੀ ਮੁੱਢਲੇ ਕੰਮਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਵੀ ਚੁੱਕੇ। ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੋਣਾਂ ਰਾਹੀਂ ਲੋਕਾਂ ਦੇ ਮਸਲਿਆਂ ਅਤੇ ਲੋਕਾਂ ਦੀ ਮੁਕਤੀ ਦਾ ਕੋਈ ਹੱਲ ਨਹੀਂ।

ਸਾਂਝਾ ਕਰੋ

ਪੜ੍ਹੋ

ਅਡਾਨੀ ਦਾ ਸਿਆਸੀ ਦਖਲ

ਪੰਜ ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਭਾਜਪਾ ਤੇ...