ਆਪੋਜ਼ੀਸ਼ਨ ਦੇ ਦੋ ਆਗੂਆਂ ਨੂੰ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ‘ਤੇ ਦਿੱਤੇ ਗਏ ਪ੍ਰਸਾਰਨ ਦੇ ਸਮੇਂ ਦੌਰਾਨ ਆਪਣੇ ਭਾਸ਼ਣਾਂ ਵਿੱਚੋਂ ‘ਮੁਸਲਿਮ’, ‘ਕਮਿਊਨਲ ਆਥੋਰੀਟੇਰੀਅਨ ਰਿਜੀਮ’ ਤੇ ‘ਡ੍ਰੈਕੋਨੀਅਨ ਲਾਅਜ਼’ (ਕਠੋਰ ਕਾਨੂੰਨ) ਵਰਗੇ ਸ਼ਬਦ ਤੇ ਇਲੈਕਟੋਰਲ ਬਾਂਡ ਦਾ ਸੰਦਰਭ ਹਟਾਉਣ ਲਈ ਕਿਹਾ ਗਿਆ | ਵਿਰੋਧ ਕਰਨ ਦੇ ਬਾਵਜੂਦ ਅਧਿਕਾਰੀ ਨਹੀਂ ਮੰਨੇ ਤੇ ਉਨ੍ਹਾਂ ਨੂੰ ਕੁਝ ਸ਼ਬਦਾਂ ਦੀ ਥਾਂ ਦੂਜੇ ਸ਼ਬਦ ਵਰਤਣੇ ਪਏ | ਇਹ ਦੋ ਆਗੂ ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਤੇ ਆਲ ਇੰਡੀਆ ਫਾਰਵਰਡ ਬਲਾਕ ਦੇ ਜੀ ਦੇਵਰਾਜਨ ਹਨ | ਯੇਚੁਰੀ ਨੂੰ ਦਿੱਲੀ ਵਿਚ ਦੂਰਦਰਸ਼ਨ ‘ਚ ਆਪਣੇ ਟੈਲੀਵਿਜ਼ਨ ਸੰਬੋਧਨ ਦੌਰਾਨ ਦੋ ਸ਼ਬਦਾਂ ਨੂੰ ਹਟਾਉਣਾ ਪਿਆ ਤੇ ਸਰਕਾਰ ਦੇ ‘ਬੈਂਕ੍ਰਪਸੀ’ ਯਾਨੀ ਦੀਵਾਲੀਆਪਨ ਸ਼ਬਦ ਨੂੰ ‘ਫੇਲਯੋਰ’ ਯਾਨੀ ਨਾਕਾਮੀ ਨਾਲ ਬਦਲਣਾ ਪਿਆ |
ਦੇਵਰਾਜਨ ਨੂੰ ਕੋਲਕਾਤਾ ਵਿਚ ਆਪਣੇ ਸੰਬੋਧਨ ‘ਚ ‘ਮੁਸਲਮਾਨ’ ਸ਼ਬਦ ਬੋਲਣ ਤੋਂ ਬਚਣ ਲਈ ਕਿਹਾ ਗਿਆ |ਯੇਚੁਰੀ ਨੇ ਦੂਰਦਰਸ਼ਨ ਦੇ ਡਾਇਰੈਕਟਰ ਜਨਰਲ ਨੂੰ ਪ੍ਰੋਟੈੱਸਟ ‘ਚ ਲਿਖੇ ਪੱਤਰ ਵਿਚ ਕਿਹਾ—ਦੂਰਦਰਸ਼ਨ ਵੱਲੋਂ ਮੇਰੇ ਸੰਬੋਧਨ ਦੇ ਮੂਲ-ਪਾਠ ‘ਤੇ ਲਾਈ ਗਈ ਸੈਂਸਰਸ਼ਿਪ ਜਮਹੂਰੀਅਤ ‘ਚ ਅਸਹਿਮਤੀ ਦੇ ਅਧਿਕਾਰ ਨੂੰ ਸਾਫ ਤੌਰ ‘ਤੇ ਖਾਰਜ ਕਰਦੀ ਹੈ | ‘ਕਮਿਊਨਲ ਆਥੋਰੀਟੇਰੀਅਨ ਰਿਜੀਮ’ ਤੇ ‘ਡ੍ਰੈਕੋਨੀਅਨ ਲਾਅਜ਼’ ਵਰਗੇ ਸ਼ਬਦਾਂ ਨੂੰ ਮੂਲ-ਪਾਠ ਵਿੱਚੋਂ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ | ਸੰਸਦੀ ਜਮਹੂਰੀਅਤ ਵਿਚ ਹਰੇਕ ਪਾਰਟੀ ਨੂੰ ਸਰਕਾਰ ਦੇ ਰਵੱਈਏ ਤੇ ਉਸ ਦੀ ਪ੍ਰਕਿਰਤੀ ਬਾਰੇ ਆਪਣੀ ਰਾਇ ਰੱਖਣ ਦਾ ਅਧਿਕਾਰ ਹੈ | ਸਰਕਾਰ ਦੀ ‘ਬੈਂਕ੍ਰਪਸੀ’ ਸ਼ਬਦ ਨੂੰ ਹਟਾਉਣ ਤੇ ਇਸ ਨੂੰ ‘ਫੇਲਯੋਰ’ ਨਾਲ ਬਦਲਣ ਦਾ ਸੁਝਾਅ ਸਿਰਫ ਸਰਕਾਰ ਦੇ ਸੱਤਾਵਾਦੀ ਚਰਿੱਤਰ ਨੂੰ ਦਿਖਾਉਂਦਾ ਹੈ | ਸ਼ਬਦਾਂ ਨੂੰ ਹਟਾਉਣ ਦੇ ਫੈਸਲੇ ‘ਤੇ ਨਜ਼ਰਸਾਨੀ ਕਰਨ ਦੀ ਅਪੀਲ ਨੂੰ ਡਾਇਰੈਕਟਰ ਜਨਰਲ ਨੇ ਨਹੀਂ ਮੰਨਿਆ |
ਦੇਵਰਾਜਨ ਨੇ ਕਿਹਾ ਕਿ ਉਨ੍ਹਾਂ ਦੇ ਭਾਸ਼ਣ ਵਿਚ ਵਿਵਾਦਗ੍ਰਸਤ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਵਿਚ ਮੁਸਲਮਾਨਾਂ ਬਾਰੇ ਵਿਤਕਰੇ ਭਰੀਆਂ ਧਾਰਾਵਾਂ ਦਾ ਜ਼ਿਕਰ ਕਰਦਿਆਂ ਇਕ ਲਾਈਨ ਸੀ | ਉਨ੍ਹਾ ਨੂੰ ਕਿਹਾ ਗਿਆ ਕਿ ਮੁਸਲਮਾਨ ਸ਼ਬਦ ਹਟਾਉਣਾ ਪਵੇਗਾ | ਆਖਰ ਉਨ੍ਹਾ ਨੂੰ ਮੁਸਲਮਾਨਾਂ ਦੀ ਥਾਂ ਇਕ ‘ਖਾਸ ਤਬਕਾ’ ਸ਼ਬਦ ਵਰਤਣਾ ਪਿਆ | ਦੂਰਦਰਸ਼ਨ ਨੇ ਸ਼ਬਦਾਂ ਨੂੰ ਹਟਾਉਣ ਲਈ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੱਤਾ | ਉਂਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ ਕਹਿੰਦੇ ਹਨ ਕਿ ਹੋਰਨਾਂ ਦੇਸ਼ਾਂ ਦੀ ਅਲੋਚਨਾ ਨਹੀਂ ਕੀਤੀ ਜਾਵੇਗੀ, ਧਰਮਾਂ ਜਾਂ ਫਿਰਕਿਆਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ, ਹਿੰਸਾ ਭੜਕਾਉਣ ਵਾਲੀ ਗੱਲ ਨਹੀਂ ਕੀਤੀ ਜਾਵੇਗੀ, ਅਦਾਲਤ ਦੀ ਤੌਹੀਨ ਨਹੀਂ ਕੀਤੀ ਜਾਵੇਗੀ, ਰਾਸ਼ਟਰ ਤੇ ਨਿਆਂਪਾਲਿਕਾ ਦੀ ਅਖੰਡਤਾ ਵਿਰੁੱਧ ਗੱਲ ਨਹੀਂ ਕੀਤੀ ਜਾਵੇਗੀ | ਦੋਹਾਂ ਆਗੂਆਂ ਦੇ ਭਾਸ਼ਣਾਂ ਵਿਚ ਅਜਿਹੀ ਕੋਈ ਗੱਲ ਨਹੀਂ ਸੀ |