
ਪੁਸਤਕ :- ‘ਮੁਹੱਬਤ… ‘ਸੱਚੀ-ਮੁੱਚੀ’
ਲੇਖਕ ਤੇ ਪਬਲਿਸ਼ਰ :- ‘ਨਿਆਣਾ ਹਰਜਿੰਦਰ’
329, ਗੁਰੂ ਨਾਨਕ ਪੁਰਾ, ਫਗਵਾੜਾ-144401
ਸੰਪਰਕ :- 88376-00306
ਪੰਨੇ :- 248
ਕੀਮਤ :- 350/- ਰੁਪਏ
ਪੰਜਾਬੀ ਦੇ ਪ੍ਰਸਿੱਧ ਆਲੋਚਕ ਤੇਜਵੰਤ ਮਾਨ ਦਾ ਕਹਿਣਾ ਹੈ “ਪੁਸਤਕ ਇੱਕ ਸੂਰਜ ਹੈ, ਅੰਧ ਹਟਾਵੇ ਚਾਨਣ ਵੰਡੇ” ਪੁਸਤਕ ਕਿਸੇ ਵੀ ਵਿਧਾ ‘ਚ, ਕਿਸੇ ਵੀ ਢੰਗ ਨਾਲ,ਕਿਸੇ ਵੀ ਵਿਸ਼ੇ ‘ਤੇ ਲਿਖੀ ਗਈ ਹੋਵੇ, ਜੋ ਪਾਠਕਾਂ ਦੇ ਗਿਆਨ ‘ਚ ਵਾਧਾ ਕਰੇ, ਉਹਦੀਆਂ ਸੁਹਿਜ ਵਿਰਤੀਆਂ ਨੂੰ ਟੁੰਬੇ, ਉਸ ਲਈ ਚਾਨਣ ਮੁਨਾਰਾ ਬਣਦੀ ਹੈ । ਉਂਜ ਵੀ ਜੀਵਨ ਅਤੇ ਰਚਨਾ ਇੱਕ-ਦੂਜੇ ਤੋਂ ਨਖੇੜੇ ਨਹੀਂ ਜਾ ਸਕਦੇ ।
ਸਾਹਿਤ ਦਾ ਸੋਮਾ ਹੈ ਹੀ ਜੀਵਨ-ਧਾਰਾ ਦਾ ਵੇਗ । ਮਨੁੱਖ ਦੇ ਜੀਵਨ ਦਾ ਅਧਾਰ ਪਿਆਰ ਹੈ। ਪੁਸਤਕ “ਮੁਹੱਬਤ…ਸੱਚੀ-ਮੁੱਚੀ” ਪਿਆਰ ਦੀ ਮੁਹੱਬਤ ਦੀ ਬਾਤ ਪਾਉਂਦੀ ਹੈ । ਪਾਠਕ ਦੇ ਮਨ ਨੂੰ ਧੁਰ ਅੰਦਰੋਂ ਕੁਰੇਦਦੀ, ਫਰੋਲਦੀ, ਉਹਦੇ ਜਜ਼ਬਾਤ ਨੂੰ ਟੁੰਬਦੀ, ਉਹਦੇ ਜੀਉਂਦੇ ਜਾਗਦੇ ਅਹਿਸਾਸ ਨਾਲ ਖੇਡਾਂ ਖੇਡਦੀ ਹੈ।
ਲੇਖਕ ਦੇ ਆਪਣੇ ਸ਼ਬਦਾਂ ‘ਚ “ਮੁਹੱਬਤ ਸ਼ਬਦ ਛੋਟਾ ਜਿਹਾ ਸ਼ਬਦ ਹੀ ਹੈ, ਪਰ ਆਪਣੇ ਅੰਦਰ ਪੂਰਾ ਜੀਵਨ ਸਾਰ ਸਮੋ ਕੇ ਬੈਠਾ ਹੈ” ।
ਲੇਖਕ ਨਿਆਣਾ ਹਰਜਿੰਦਰ, ਪੂਰੀ ਪੁਸਤਕ ਵਿੱਚ ਇਸੇ ਸ਼ਬਦ ਨੂੰ ਪ੍ਰਭਾਸ਼ਤ ਕਰਦਾ, ਮੁਹੱਬਤ ਦੇ ਹਰ ਰੂਪ ਮਿਜ਼ਾਜ਼ੀ ਇਸ਼ਕ (ਇਰੋਜ), ਮੁਹੱਬਤ ਯਾਰ (ਫਿਲੀਆ), ਪਰਿਵਾਰਕ ਰਿਸ਼ਤਿਆਂ ਦੀ ਮੁਹੱਬਤ “ਸਟੋਰਗੇ” , ਖੇਡਨੁਮਾ ਮੁਹੱਬਤ (ਲੁਡੁਸ), ਜਾਇਜ-ਨਜਾਇਜ ਤਰੀਕੇ ਨਾਲ ਹਾਸਲ ਕਰਨ ਦੀ ਮੁਹੱਬਤ (ਮਾਨਿਆ), ਸਵੈ-ਮੁਹੱਬਤ(ਫਿਲਾਉਤੀਆ)ਵਿਵਹਾਰਿਕ ਅਤੇ ਸਮਾਜਿਕ ਮੁਹੱਬਤ (ਪ੍ਰੇਗਮਾ) ਨੂੰ ਆਪਣੀਆਂ ਰਚਨਾਵਾਂ ‘ਚ ਦਰਸਾਉਣ ਦਾ ਯਤਨ ਕਰਦਾ ਹੈ । ਦਿਲਕਸ਼ੀ, ਉਨਸ, ਇਸ਼ਕ, ਅਕੀਦਤ, ਇਬਾਦਤ, ਜਨੂੰਨ, ਮੌਤ, ਮੁਹੱਬਤ ਦੇ ਪੜ੍ਹਾਅ ਜਾਚਣ ਲਈ, ਉਹਦੀ ਕਿਰਤ ਕਲਪਨਾ ਨਾਲ ਲਬਰੇਜ਼, ਜ਼ਿੰਦਗੀ ਦੀ ਕਹਾਣੀ ਵਰਨਣ ਲਈ ਸ਼ਬਦੀ ਸਫ਼ਰ ਨਿਭਾਉਂਦਾ ਨਜ਼ਰ ਪੈਂਦੀ ਹੈ ।
ਓਪਰੇ ਤੌਰ ‘ਤੇ ਪੁਸਤਕ ਨੂੰ ਵਾਚਦਿਆਂ, ਇਹ ਇੱਕ ਨਾਟਕ ਵਾਂਗਰ ਲਗਦੀ ਹੈ ਪਰ ਨਿੱਠ ਕੇ, ਪੜ੍ਹਿਆਂ ਕਦੇ ਇਹ ਕਹਾਣੀ, ਕਦੇ ਵਾਰਤਕ ਤੇ ਕਦੇ ਕਵਿਤਾ ਦਿਸਦੀ ਹੈ। ਪਾਤਰਾਂ ਦੀ ਆਪਸੀ ਬੋਲ-ਚਾਲ ਕਦੇ ਮਿੱਠੀ, ਪਿਆਰ ਭਰੀ, ਕਦੇ ਕੌੜੀ, ਖਰਵੀਂ ਅਤੇ ਕਦੇ-ਕਦੇ ਧੁਰ ਅੰਦਰੋਂ ਮਨ ਨੂੰ ਛੋਹ ਲੈਂਦੀ ਹੈ ਤੇ ਪਾਠਕ ਤੁਸੱਬਰ ਕਰਦਾ ਹੈ ਕਿ ਉਹ ਵਰਣਿਤ ਕਹਾਣੀ ਦਾ “ਆਪੂੰ” ਪਾਤਰ ਹੈ ।
ਬੁਨਿਆਦੀ ਨੁਕਤਾ ਇਹ ਹੈ ਕਿ ਲੇਖਕ ਨੇ ਮੁਨੱਖੀ ਹੋਂਦ ਦੀ ਧਰਾਤਲ ਨੂੰ ਸਮਝਦਿਆਂ, ਸੰਭਾਵੀ ਅਤੇ ਸੰਭਵ ਯਤਨਾਂ ਪ੍ਰਤੀ ਸੁਚੇਤ ਰਹਿੰਦਿਆਂ, ਜ਼ਿੰਦਗੀ ਦੇ ਸੱਚ ‘ਮੁਹੱਬਤ’ ਨੂੰ, ਆਪਣੀ ਲਿਖਤ ਦਾ ਧੁਰਾ ਬਣਾਇਆ ਹੈ ।
ਪ੍ਰਸਿੱਧ ਚਿੰਤਕ ਟਰਾਟਸਕੀ ਕਹਿੰਦਾ ਹੈ ਕਿ ਸਾਹਿਤ ਕੇਵਲ ਸ਼ੀਸ਼ਾ ਹੀ ਨਹੀਂ ਸਗੋਂ ਸ਼ੀਸ਼ੇ ਵਿਚ ਸਮਾਜ ਦੇ ਵਿਗੜੇ ਅਕਸ ਨੂੰ ਦੇਖਕੇ ਉਸਦੇ ਚਿੱਬ ਠੀਕ ਕਰਨ ਲਈ ਇਕ ਹਥੌੜਾ ਹੁੰਦਾ ਹੈ। ਨਿਆਣਾ ਹਰਜਿੰਦਰ ਨੇ ਆਪਣੀਆਂ ਕਿਰਤਾਂ ਵਿੱਚ ਇਸ ਕਥਨ ਨੂੰ ਸੱਚ ਕਰ ਵਿਖਾਉਣ ਦਾ ਯਤਨ ਕੀਤਾ ਹੈ । ਉਹ ਪ੍ਰੇਮ, ਮੁਹੱਬਤ, ਸਾਂਝਾਂ ਦਾ ਵਰਨਣ ਕਰਦਿਆਂ, ਇਸਦੇ ਦੂਜੇ ਪੱਖਾਂ ਨੂੰ ਉਜਾਗਰ ਕਰਦਾ ਮਨੁੱਖ ਦੇ ਮਨੁੱਖ ਨਾਲ, ਮਨੁੱਖ ਦੇ ਪ੍ਰਕਿਰਤੀ ਨਾਲ ਅਤੇ ਮਨੁੱਖ ਦੇ ਸਮਾਜ ਨਾਲ ਸਬੰਧਾਂ ਨੂੰ ਨਿਰਖਦਾ, ਪਰਖਦਾ ਨਿਰਤੰਤਰ ਵੇਗ ਨਾਲ ਲਿਖਦਾ ਹੈ ।
ਪੁਸਤਕ “ਮੁਹੱਬਤ… ਸੱਚੀ-ਮੁੱਚੀ” ਦੇ 28 ਕਾਂਡ ਹਨ, ਵਿਧਾ ਨਾਟਕੀ ਹੈ । ਪਾਤਰ ਬੋਲਦਾ ਹੈ । ਸਵਾਲ ਕਰਦਾ ਹੈ । ਜਵਾਬ ਦਿੰਦਾ ਹੈ । ਸਵਾਲਾਂ ਨੂੰ ਹੰਢਾਉਂਦਾ ਹੈ । ਉਸਦੇ ਪਾਤਰ ਜ਼ਿੰਦਗੀ ਦੇ ‘ਅਸਲੀ ਕਲਾਕਾਰ’ ਹਨ । ਉਹ ਬੇ-ਸਿਰ ਪੈਰ੍ਹ ਗੱਲਾਂ ਵੀ ਕਰਦੇ ਹਨ, ਮੁਹੱਬਤ ਦੇ ਗੀਤ ਵੀ ਗਾਉਂਦੇ ਹਨ, ਯਾਦਾਂ ਨਾਲ ਲਿਵਰੇਜ਼ ਵੀ ਹਨ, ਵਰਜਿਤ ਸ਼ਬਦਾਂ ਨਾਲ ਖੇਡਦੇ ਹਨ, ਵਿਚਾਰਾਂ, ਪੁਨਰ ਵਿਚਾਰਾਂ, ਬੁਝਾਰਤਾਂ ਪਾਉਂਦੇ ਧੂੰਏ ਅਤੇ ਅੱਗ ਦੀ ਬਾਤ ਵੀ ਪਾਉਂਦੇ ਹਨ ।
ਲੇਖਕ ਨਿਆਣਾ ਹਰਜਿੰਦਰ ਦੀ ‘ਤਾਰਾ ਅੱਖ’ , “ਨੀਲੇ ਗੁਲਾਬ ਜਿਹੀ” ਹੈ । ਉਹ ਆਜ਼ਾਦੀ ਦੀ ਗਲ ਕਰਦੀ ਮਨੁੱਖ ਦੀ ਸੋਚ ਨਾਲ ਬਦਲਦੀ, ਯਾਦਾਂ ਦੇ ਬਲੈਕ ਹੋਲ ‘ਚ, ਬੇ-ਸਿਰ ਪੈਰ ਗੱਲਾਂ ਨਾਲ ਵੀ ਨਵੇਂ ਦਿਸਹੱਦੇ ਸਿਰਜਦੀ ਹੈ ।
ਅਨੋਖੀ ਸੰਵਾਦੀ ਵਿਧੀ ‘ਚ ਲਿਖੀ ਪੁਸਤਕ ਮੁਹੱਬਤ…ਸੱਚੀ-ਮੁੱਚੀ ‘ਵੱਖਰੀ ਉਡਾਣ’ ਸਿਰਜੇਗੀ । ਪਾਠਕਾਂ ਨੂੰ ਬੁਝਾਰਤਾਂ ‘ਚੋਂ ਕੱਢਕੇ, ਸਿਰਜਨਾਤਮਕ ਸਹਿਜ ਨਾਲ ਉਤਪੋਤ ਕਰੇਗੀ । ਉਸਦੀ ਪੁਸਤਕ ਪੰਜਾਬੀ ਕਹਾਣੀ ਦੇ ਘਟਨਾਵੀਂ, ਕਾਰਜੀ ਟਕਰਾਵੀ ਬਿਰਤਾਂਤ ਨੂੰ ਪਾਤਰ ਉਸਾਰੀ ਵਾਰਤਾਲਾਪ, ਘਟਨਾ ਦੀ ਇਤਹਾਸਕਾਰੀ, ਦ੍ਰਿਸ਼ਟਾਂਤ ਸਿਰਲੇਖ, ਗੋਂਦ ਅਤੇ ਬੋਲੀ ਵਜੋਂ ਨਿਵੇਕਲੀ ਪਹੁੰਚ ਹੈ । ਪੁਸਤਕ ਨੂੰ ਪੰਜਾਬੀ ਸਾਹਿੱਤ ਵਿੱਚ ਨਿੱਘੀ ਜੀਅ ਆਇਆਂ।
-ਗੁਰਮੀਤ ਸਿੰਘ ਪਲਾਹੀ