ਲੋਕ ਸਭਾ ਚੋਣਾਂ (Lok Sabha Election) ਤੋਂ ਪਹਿਲਾਂ ਆਪਣੀ ਡਿਊਟੀ ਕੱਟਣ ਲਈ ਮੁਲਾਜ਼ਮਾਂ ਵੱਲੋਂ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਸੂਦਨ ਨੇ 7 ਮਈ ਨੂੰ ਇਕ ਪ੍ਰੈਸ ਬਿਆਨ ਰਾਹੀਂ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਆਪਣੀ ਡਿਊਟੀ ਕਟਵਾਉਣ ਲਈ ਦਫ਼ਤਰ ‘ਚ ਨਾ ਆਉਣ। ਇਸ ਦੇ ਬਾਵਜੂਦ ਡੀਸੀ ਦੇ ਕਰੀਬ 100 ਮੁਲਾਜ਼ਮਾਂ ਨੇ ਮੈਡੀਕਲ ਛੁੱਟੀ ਲਈ ਅਪਲਾਈ ਕੀਤਾ ਹੋਇਆ ਹੈ। ਇਸ ਤੋਂ ਨਾਰਾਜ਼ ਹੋ ਕੇ ਡੀਸੀ ਨੇ ਮੈਡੀਕਲ ਛੁੱਟੀ ਦੀ ਅਰਜ਼ੀ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਸਿਵਲ ਸਰਜਨ ਡਾ. ਨਵਜੋਤ ਕੌਰ ਨੂੰ ਇਕ ਪੱਤਰ ਲਿਖ ਕੇ ਅਪਲਾਈ ਕਰਨ ਵਾਲੇ ਮੁਲਾਜ਼ਮਾਂ ਦੀ ਸਿਵਲ ਹਸਪਤਾਲ ‘ਚ ਨਵੇਂ ਸਿਰਿਓਂ ਮੈਡੀਲ ਜਾਂਚ ਕਰਨ ਦੇ ਆਦੇਸ਼ ਦਿੱਤੇ।
ਜਿਸ ਤੋਂ ਬਾਅਦ ਹਸਪਤਾਲ ‘ਚ ਅਪਲਾਈ ਕਰਨ ਵਾਲੇ ਮੁਲਾਜ਼ਮਾਂ ਦੀ ਮੈਡੀਕਲ ਜਾਂਚ ਕੀਤੀ ਗਈ। ਹਸਪਤਾਲ ‘ਚ ਮਰੀਜ਼ਾਂ ਤੋਂ ਜ਼ਿਆਦਾ ਮੁਲਾਜ਼ਮਾਂ ਦੀ ਲਾਈਨ ਲੱਗੀ ਹੋਈ ਸੀ। ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਹੁਲ ਜਿੰਦਲ ਦੀ ਅਗਵਾਈ ‘ਚ ਡਾਕਟਰਾਂ ਦੀ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਜਾਂਚ ਤੋਂ ਬਾਅਦ ਰਿਪੋਰਟ ਤਿਆਰ ਕਰ ਕੇ ਸਿਵਲ ਸਰਜਨ ਜ਼ਰੀਏ ਡੀਸੀ ਨੂੰ ਭੇਜਣਗੇ।ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ 35 ਤੋਂ 40 ਫੀਸਦੀ ਮੁਲਾਜ਼ਮ ਫਿੱਟ ਪਾਏ ਗਏ ਹਨ। ਹੁਣ ਰਿਪੋਰਟ ਡੀਸੀ ਕੋਲ ਪੁੱਜਣ ਤੋਂ ਬਾਅਦ ਫਿੱਟ ਪਾਏ ਜਾਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਪ੍ਰਸ਼ਾਸਨਿਕ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਵਰਨਣਯੋਗ ਹੈ ਕਿ ਚੋਣ ਡਿਊਟੀ ਲਈ ਮੁਲਾਜ਼ਮਾਂ ‘ਤੇ ਅਕਸਰ ਹੀ ਕਾਫੀ ਦਬਾਅ ਪਾਇਆ ਜਾਂਦਾ ਹੈ, ਜਿਸ ਕਾਰਨ ਮੁਲਾਜ਼ਮ ਫ਼ਾਰਗ ਹੋਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੇ ਹਨ।