ਭਾਰਤ-ਕੈਨੇਡਾ ਤਕਰਾਰ

ਹਰਦੀਪ ਸਿੰਘ ਨਿੱਝਰ ਹੱਤਿਆ ਕੇਸ ਵਿੱਚ ਕੈਨੇਡੀਅਨ ਪੁਲੀਸ ਵੱਲੋਂ ਤਿੰਨ ਭਾਰਤੀ ਨਾਗਰਿਕਾਂ ਦੀ ਗ੍ਰਿਫਤਾਰੀ ਤੋਂ ਕਈ ਦਿਨ ਬਾਅਦ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਹੈ ਕਿ ਇਸ ਮੁਲਕ ਵਿੱਚ ਸਿੱਖ ਵੱਖਵਾਦੀ ਗਰੁੱਪ ‘ਵੱਡੀ ਲਾਲ ਲਕੀਰ’ ਪਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਨਵੀਂ ਦਿੱਲੀ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਇਸ ਦੀ ਖੇਤਰੀ ਅਖੰਡਤਾ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁਡਿ਼ਆ ਹੈ। ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਉਦੋਂ ਤੋਂ ਹੀ ਮਾੜੇ ਦੌਰ ਵਿੱਚੋਂ ਲੰਘ ਰਹੇ ਹਨ ਜਦ ਤੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਕੇਸ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਹੋਣ ਦੇ ਦੋਸ਼ ਲਾਏ ਹਨ। ਟਰੂਡੋ ਨੇ ਪਿਛਲੇ ਸਾਲ ਸਤੰਬਰ ਵਿੱਚ ਕੇਸ ਦੀ ਜਾਂਚ ਬਾਰੇ ਖੁਲਾਸਾ ਕਰਦਿਆਂ ਇਹ ਇਲਜ਼ਾਮ ਲਾਏ ਸਨ।

ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਦੋਵੇਂ ਮੁਲਕ ਮੌਜੂਦਾ ਮਸਲਿਆਂ ਨੂੰ ਸੁਲਝਾਉਣ ਵਿੱਚ ਲੱਗੇ ਹੋਏ ਹਨ ਪਰ ਉਨ੍ਹਾਂ ਨਾਲ ਹੀ ਜੋਡਿ਼ਆ ਕਿ ਹਾਲੀਆ ‘ਨਕਾਰਾਤਮਕ’ ਘਟਨਾਵਾਂ ਪਿਛਲੇ ਡੂੰਘੇ ਮਸਲਿਆਂ ਲਈ ‘ਦਹਾਕਿਆਂ ਪੁਰਾਣੇ ਮੁੱਦਿਆਂ’ ਪ੍ਰਤੀ ਕੈਨੇਡਾ ਦੀ ਗ਼ਲਤਫਹਿਮੀ ਜਿ਼ੰਮੇਵਾਰ ਹੈ। ਇਨ੍ਹਾਂ ਭੜਕਾਊ ਘਟਨਾਵਾਂ ਦੀ ਲੜੀ ਵਿੱਚ ਪਿਛਲੇ ਹਫ਼ਤੇ ਇੱਕ ਹੋਰ ਘਟਨਾ ਜੁੜੀ ਜਦੋਂ ਓਂਟਾਰੀਓ ਵਿੱਚ ‘ਸਿੱਖ ਪਰੇਡ’ ਦੌਰਾਨ ਖਾਲਿਸਤਾਨੀ ਸਮਰਥਕਾਂ ਨੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ। ਪਿਛਲੇ ਮਹੀਨੇ ਦੇ ਅਖੀਰ ਵਿੱਚ ਇੱਕ ਹੋਰ ਜਨਤਕ ਸਮਾਗਮ ਦੌਰਾਨ ਵੀ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਹੋਈ ਸੀ। ਟੋਰਾਂਟੋ ਦੇ ਇਸ ਸਮਾਗਮ ਵਿੱਚ ਟਰੂਡੋ ਅਤੇ ਹੋਰ ਆਗੂਆਂ ਨੇ ਵੀ ਹਿੱਸਾ ਲਿਆ ਸੀ। ਇਸ ਤੋਂ ਬਾਅਦ ਭਾਰਤ ਨੂੰ ਇਹ ਕਹਿਣਾ ਪਿਆ ਸੀ ਕਿ ਕੈਨੇਡਾ ‘ਵੱਖਵਾਦ, ਕੱਟੜਵਾਦ ਤੇ ਹਿੰਸਾ’ ਨੂੰ ਸਿਆਸੀ ਪਨਾਹ ਦੇ ਰਿਹਾ ਹੈ। ਉਂਝ, ਇਹ ਤੱਥ ਵੀ ਨੋਟ ਕਰਨ ਵਾਲਾ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਮੁੜ-ਮੁੜ ਉਹੀ ਗੱਲ ਦੁਹਰਾ ਰਹੇ ਹਨ। ਕੁਝ ਹਲਕੇ ਇਸ ਸਾਰੇ ਘਟਨਾਕ੍ਰਮ ਨੂੰ ਉੱਥੇ ਹੋਣ ਵਾਲੀਆਂ ਫੈਡਰਲ ਚੋਣਾਂ ਨਾਲ ਜੋੜ ਕੇ ਵੀ ਦੇਖ ਰਹੇ ਹਨ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪ੍ਰਧਾਨ ਮੰਤਰੀ ਟਰੂਡੋ ਅਤੇ ਉਨ੍ਹਾਂ ਦੀ ਪਾਰਟੀ ਦਾ ਲੋਕਪ੍ਰਿਯਤਾ ਗ੍ਰਾਫ ਕਾਫੀ ਹੇਠਾਂ ਜਾਣ ਬਾਰੇ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ।

ਨਵੀਂ ਦਿੱਲੀ ਨਾ ਸਿਰਫ਼ ਭਾਰਤ ਵਿਰੋਧੀ ਪ੍ਰਾਪੇਗੰਡਾ ਲਈ ਕੈਨੇਡੀਅਨ ਧਰਤੀ ਦੀ ਵਰਤੋਂ ਤੋਂ ਚਿੰਤਤ ਹੈ ਬਲਕਿ ਇਸ ਨੂੰ ਉੱਥੇ ਮੌਜੂਦ ਆਪਣੇ ਕੂਟਨੀਤਕ ਪ੍ਰਤੀਨਿਧੀਆਂ ਦੀ ਸੁਰੱਖਿਆ ਦੀ ਵੀ ਫਿ਼ਕਰ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਟਰੂਡੋ ਸਰਕਾਰ ਕੂਟਨੀਤਕ ਮਿਸ਼ਨਾਂ ਲਈ ਅਜਿਹਾ ਮਾਹੌਲ ਯਕੀਨੀ ਬਣਾਏਗੀ ਜਿੱਥੇ ਉਹ ਬਿਨਾਂ ਕਿਸੇ ਡਰ ਤੋਂ ਆਪਣੀਆਂ ਜਿ਼ੰਮੇਵਾਰੀਆਂ ਅਦਾ ਕਰ ਸਕਣ। ਗੇਂਦ ਹੁਣ ਕੈਨੇਡਾ ਦੇ ਪਾਲੇ ਵਿੱਚ ਹੈ। ਲੋਕਤੰਤਰੀ ਮੁਲਕ ਜੋ ਕਾਨੂੰਨ ਦੇ ਰਾਜ ਦਾ ਸਤਿਕਾਰ ਕਰਦਾ ਹੈ, ਵਜੋਂ ਕੈਨੇਡਾ ਨੂੰ ਅਸ਼ਾਂਤੀ ਫੈਲਾਉਣ ਵਾਲੇ ਅਜਿਹੇ ਤੱਤਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਜੋ ਹਿੰਸਾ ਭੜਕਾਉਂਦੇ ਜਾਂ ਇਸ ਨੂੰ ਸ਼ਹਿ ਦਿੰਦੇ ਹਨ। ਇਸ ਨੂੰ ਅਜਿਹੇ ਕੱਟੜ ਤੱਤਾਂ ਨੂੰ ਸਿਰ ਚੁੱਕਣ ਦੀ ਇਜਾਜ਼ਤ ਬਿਲਕੁਲ ਨਹੀਂ ਦੇਣੀ ਚਾਹੀਦੀ ਜੋ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ ਕਰ ਰਹੇ ਹਨ। ਭਾਰਤ ਜਿਹੇ ਪੁਰਾਣੇ ਸਾਥੀ ਨੂੰ ਨਾਰਾਜ਼ ਕਰਨਾ ਜੋ ਇਸ ਵੇਲੇ ਸੰਸਾਰ ਦਾ ਸਭ ਤੋਂ ਤੇਜ਼ੀ ਨਾਲ ਉੱਭਰ ਰਿਹਾ ਵੱਡਾ ਅਰਥਚਾਰਾ ਵੀ ਹੈ, ਕੈਨੇਡਾ ਦੇ ਭੂ-ਸਿਆਸੀ ਅਤੇ ਆਰਥਿਕ ਹਿੱਤਾਂ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ।

ਸਾਂਝਾ ਕਰੋ

ਪੜ੍ਹੋ