ਹੈਦਰਾਬਾਦ ਨੇ ਲਖਨਊ ਨੂੰ 10 ਵਿਕਟਾਂ ਨਾਲ ਹਰਾਇਆ

ਟਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਦੇ ਦਮਦਾਰ ਅਰਧ ਸੈਂਕੜਿਆਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐੱਲ ਦੇ ਇਕ ਮੈਚ ਵਿੱਚ ਅੱਜ ਇੱਥੇ ਲਖਨਊ ਸੁਪਰ ਜਾਇੰਟਸ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਹੈੱਡ (30 ਗੇਂਦਾਂ ’ਤੇ ਨਾਬਾਦ 89 ਦੌੜਾਂ) ਅਤੇ ਅਭਿਸ਼ੇਕ (28 ਗੇਂਦਾਂ ’ਤੇ ਨਾਬਾਦ 75 ਦੌੜਾਂ) ਨੇ ਲਖਨਊ ਸੁਪਰ ਜਾਇੰਟਸ ਦੇ ਗੇਂਦਬਾਜ਼ਾਂ ਨੂੰ ਹਿਲਾ ਕੇ ਰੱਖ ਦਿੱਤਾ। ਇਨ੍ਹਾਂ ਦੋਹਾਂ ਬੱਲੇਬਾਜ਼ਾਂ ਨੇ ਲਖਨਊ ਵੱਲੋਂ ਦਿੱਤਾ 166 ਦੌੜਾਂ ਦਾ ਟੀਚਾ ਸਿਰਫ਼ 9.4 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਤੋਂ ਪੂਰਾ ਕਰ ਲਿਆ।

ਇਸ ਤੋਂ ਪਹਿਲਾਂ ਆਯੂਸ਼ ਬਡੋਨੀ ਦੇ ਨਾਬਾਦ ਅਰਧ ਸੈਂਕੜੇ ਦੀ ਮਦਦ ਨਾਲ ਲਖਨਊ ਸੁਪਰ ਜਾਇੰਟਸ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ 165 ਦੌੜਾਂ ਬਣਾਈਆਂ। ਲਖਨਊ ਲਈ ਬਡੋਨੀ ਨੇ ਨਾਬਾਦ 55 ਦੌੜਾਂ ਅਤੇ ਪੂਰਨ ਨੇ ਨਾਬਾਦ 48 ਦੌੜਾਂ ਬਣਾਈਆਂ। ਦੋਹਾਂ ਨੇ ਮਿਲ ਕੇ ਪੰਜਵੇਂ ਵਿਕਟਾਂ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ। ਸਨਰਾਈਜ਼ਰਜ਼ ਹੈਦਰਾਬਾਦ ਲਈ ਭੁਵਨੇਸ਼ਵਰ ਕੁਮਾਰ 12 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕਰਨ ਮਗਰੋਂ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਇਸ ਜਿੱਤ ਨਾਲ ਹੁਣ ਸਨਰਾਈਜ਼ਰਜ਼ 12 ਮੈਚਾਂ ਵਿੱਚ 14 ਅੰਕ ਲੈ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਉੱਧਰ, ਲਖਨਊ 12 ਮੈਚਾਂ ਵਿੱਚ 12 ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ।

ਸਾਂਝਾ ਕਰੋ