ਪੰਜਵੇਂ ਗੇੜ ਦੀਆਂ ਚੋਣਾਂ

ਸੱਤ ਗੇੜਾਂ ਵਿਚ ਹੋ ਰਹੀਆਂ ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਵਿੱਚ ਵੋਟਰ ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 49 ਸੀਟਾਂ ਲਈ ਮੁਕਾਬਲਾ ਕਰ ਰਹੇ 695 ਉਮੀਦਵਾਰਾਂ ਦਾ ਭਵਿੱਖ ਤੈਅ ਕਰਨਗੇ। ਇਨ੍ਹਾਂ ਵਿੱਚ ਲੱਦਾਖ ਵੀ ਸ਼ਾਮਿਲ ਹੈ। ਇਸ ਗੇੜ ਦੇ ਪੂਰਾ ਹੋਣ ਦੇ ਨਾਲ 543 ਹਲਕਿਆਂ ਵਿੱਚੋਂ 428 ’ਤੇ ਵੋਟਾਂ ਦਾ ਅਮਲ ਮੁਕੰਮਲ ਹੋ ਜਾਵੇਗਾ ਅਤੇ ਆਖਿ਼ਰੀ ਦੋ ਗੇੜਾਂ ਵਿੱਚ 115 ਸੀਟਾਂ ਬਚਣਗੀਆਂ। ਇਸ ਗੇੜ ਦੇ ਪ੍ਰਮੁੱਖ ਉਮੀਦਵਾਰਾਂ ਵਿੱਚ ਅਮੇਠੀ ਤੋਂ ਭਾਰਤੀ ਜਨਤਾ ਪਾਰਟੀ ਦੀ ਆਗੂ ਸਮ੍ਰਿਤੀ ਇਰਾਨੀ, ਰਾਏਬਰੇਲੀ ਤੋਂ ਕਾਂਗਰਸ ਦੇ ਰਾਹੁਲ ਗਾਂਧੀ, ਲਖਨਊ ਤੋਂ ਭਾਜਪਾ ਦੇ ਰਾਜਨਾਥ ਸਿੰਘ ਅਤੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਸ਼ਾਮਿਲ ਹਨ।

ਲੰਮੀ ਚੁਣਾਵੀ ਪ੍ਰਕਿਰਿਆ ਕੁਝ ਥਕਾਊ ਹੋਣ ਦੇ ਬਾਵਜੂਦ ਪੰਜਵੇਂ ਗੇੜ ਤੱਕ ਚੱਲਿਆ ਚੋਣ ਪ੍ਰਚਾਰ ਕਾਫ਼ੀ ਤਿੱਖਾ ਰਿਹਾ ਹੈ। ਸਿਆਸੀ ਪਾਰਟੀਆਂ ਨੇ ਵੋਟਰਾਂ ਦਾ ਧਿਆਨ ਖਿੱਚਣ ਲਈ ਕਈ ਗ਼ੈਰ-ਰਵਾਇਤੀ ਕਦਮ ਚੁੱਕੇ ਹਨ ਜਿਨ੍ਹਾਂ ’ਤੇ ਅਕਸਰ ਭਾਰਤੀ ਚੋਣ ਕਮਿਸ਼ਨ ਨੇ ਨਾਰਾਜ਼ਗੀ ਵੀ ਜਤਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਚੋਣ ਕਮਿਸ਼ਨ ਦੀ ਛਾਣ-ਬੀਣ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਹਿੰਦੂਆਂ ਤੇ ਮੁਸਲਮਾਨਾਂ ਬਾਰੇ ਆਪਣੇ ਪਿਛਲੇ ਵਿਵਾਦਤ ਬਿਆਨਾਂ ’ਤੇ ਸਫ਼ਾਈ ਦਿੱਤੀ ਹੈ ਅਤੇ ਵੱਡੇ ਪਰਿਵਾਰਾਂ ’ਤੇ ਕੀਤੀਆਂ ਇਨ੍ਹਾਂ ਟਿੱਪਣੀਆਂ ਨੂੰ ਸਮਾਜ ਦੇ ਗ਼ਰੀਬ ਤਬਕਿਆਂ ਵੱਲ ਸੇਧਿਤ ਦੱਸਿਆ ਹੈ। ਇਸੇ ਦੌਰਾਨ ਕਾਂਗਰਸ ਦੇ ਆਗੂ ਸੈਮ ਪਿਤਰੋਦਾ ਨੂੰ ਉਨ੍ਹਾਂ ਦੀਆਂ ਨਸਲਵਾਦੀ ਟਿੱਪਣੀਆਂ ’ਤੇ ਖੜ੍ਹੇ ਹੋਏ ਵਿਵਾਦ ਤੋਂ ਬਾਅਦ ਅਸਤੀਫ਼ਾ ਦੇਣਾ ਪਿਆ। ਪੱਛਮੀ ਬੰਗਾਲ ਵਿੱਚ ਭਾਜਪਾ ਉਮੀਦਵਾਰ ਤੇ ਸੇਵਾਮੁਕਤ ਜੱਜ ਅਭਿਜੀਤ ਗੰਗੋਪਾਧਿਆਏ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਬਾਰੇ ਉਨ੍ਹਾਂ ਦੀਆਂ ਅਪਮਾਨਜਨਕ ਤੇ ਮਹਿਲਾ ਵਿਰੋਧੀ ਟਿੱਪਣੀਆਂ ਲਈ ਚੋਣ ਕਮਿਸ਼ਨ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਆਮ ਆਦਮੀ ਪਾਰਟੀ ਵੀ ਆਪਣੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ’ਤੇ ਲਾਏ ਕਥਿਤ ਕੁੱਟਮਾਰ ਦੇ ਦੋਸ਼ਾਂ ਕਾਰਨ ਸੰਕਟ ’ਚ ਘਿਰੀ ਹੈ ਜਦੋਂਕਿ ਭਾਜਪਾ ਇਸ ਵਿਵਾਦ ਦਾ ਫਾਇਦਾ ਚੁੱਕ ਕੇ ਆਮ ਆਦਮੀ ਪਾਰਟੀ ’ਤੇ ਹੋਰ ਨਿਸ਼ਾਨਾ ਸੇਧ ਰਹੀ ਹੈ।

ਇਨ੍ਹਾਂ ਵਿਵਾਦਾਂ ਤੇ ਰਣਨੀਤਕ ਚਾਲਬਾਜ਼ੀਆਂ ਵਿਚਾਲੇ ਅਸਲ ਮੁੱਦੇ ਫਿੱਕੇ ਪੈ ਜਾਂਦੇ ਹਨ ਜੋ ਲੋਕਾਂ ਦੀ ਰੋਜ਼ਮੱਰਾ ਜਿ਼ੰਦਗੀ ਨੂੰ ਪ੍ਰਭਾਵਿਤ ਕਰਦੇ ਹਨ। ਸਿਆਸੀ ਬਿਆਨਬਾਜ਼ੀ ਜਿ਼ਆਦਾਤਰ ਕਿਸੇ ਠੋਸ ਚਰਚਾ ਤੋਂ ਭਟਕੀ ਹੋਈ ਹੈ, ਉਲਟਾ ਇਹ ਨਿੱਜੀ ਹਮਲਿਆਂ ਤੇ ਭੜਕਾਊ ਬਿਆਨਾਂ ’ਤੇ ਕੇਂਦਰਿਤ ਹੈ। ਇਹ ਰੁਝਾਨ ਲੋਕਤੰਤਰੀ ਰਾਬਤੇ ਦੀ ਅਖੰਡਤਾ ਨੂੰ ਖ਼ੋਰਾ ਲਾਉਂਦਾ ਹੈ ਤੇ ਵੋਟਰਾਂ ਨੂੰ ਨੀਤੀਆਂ ਤੇ ਸ਼ਾਸਨ ਦੇ ਆਧਾਰ ਉੱਤੇ ਸਹੀ ਫ਼ੈਸਲਾ ਲੈਣ ਦੇ ਮੌਕੇ ਤੋਂ ਵਾਂਝਾ ਕਰਦਾ ਹੈ। ਇਹ ਰੁਝਾਨ ਇਨ੍ਹਾਂ ਚੋਣਾਂ ਦੌਰਾਨ ਕੁਝ ਵਧੇਰੇ ਦੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਠੱਲ੍ਹਣ ਦੀ ਜਿ਼ੰਮੇਵਾਰੀ ਭਾਰਤੀ ਚੋਣ ਕਮਿਸ਼ਨ ਦੀ ਹੈ। ਵਿਰੋਧੀ ਧਿਰ ਚੋਣ ਕਮਿਸ਼ਨ ਬਾਰੇ ਵਾਰ-ਵਾਰ ਇਹ ਟਿੱਪਣੀ ਕਰਦੀ ਰਹੀ ਹੈ ਕਿ ਇਸ ਦਾ ਸੱਤਾਧਾਰੀ ਧਿਰ ਪ੍ਰਤੀ ਰਵੱਈਆ ਨਰਮ ਹੈ। ਕੁਝ ਮਾਮਲਿਆਂ ’ਚ ਅਜਿਹੀਆਂ ਟਿੱਪਣੀਆਂ ਸਹੀ ਵੀ ਜਾਪਦੀਆਂ ਹਨ ਕਿਉਂਕਿ ਧਰਮ ਦੇ ਆਧਾਰ ’ਤੇ ਭੜਕਾਊ ਬਿਆਨਾਂ ਬਾਰੇ ਚੋਣ ਕਮਿਸ਼ਨ ਤੁਰੰਤ ਕਾਰਵਾਈ ਕਰਨ ਤੋਂ ਖੁੰਝ ਗਿਆ ਹੈ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਯੂਨੀਵਰਸਿਟੀ ’ਚ ਰੈਗੂਲਰ ਵੀਸੀ ਤਾਇਨਾਤ ਕਰਨ

ਪਟਿਆਲਾ, 22 ਨਵੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ...