ਵਿਰਕ ਖੁਰਦ ਵਿਖੇ ਵਾਪਰੀ ਘਟਨਾ ਮੰਦਭਾਗੀ

ਸੂਚਨਾ ਕ੍ਰਾਂਤੀ ਦੇ ਇਸ ਯੁੱਗ ਵਿਚ ਮੋਬਾਈਲ ਅਤਿ ਲਾਜ਼ਮੀ ਗੈਜੇਟ ਬਣ ਚੁੱਕਾ ਹੈ। ਅੱਜ ਦੀ ਦੁਨੀਆ ਵਿਚ ਸਮਾਰਟ ਫੋਨ ਤੋਂ ਬਿਨਾਂ ਵਿਚਰਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਸੰਪਰਕ, ਗਿਆਨ, ਜਾਣਕਾਰੀ, ਸੂਚਨਾਵਾਂ ਤੋਂ ਇਲਾਵਾ ਰੋਜ਼ਮਰ੍ਹਾ ਦੀਆਂ ਬਹੁਤ ਸਾਰੀਆਂ ਲੋੜਾਂ ਦੀ ਪੂਰਤੀ ਇਸ ਨਾਲ ਹੀ ਹੋ ਰਹੀ ਹੈ। ਇਸ ਕਾਰਨ ਇਸ ਦੇ ਇਸਤੇਮਾਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀਆਂ ਸਲਾਹਾਂ ਮਿਲਦੀਆਂ ਰਹਿੰਦੀਆਂ ਹਨ ਪਰ ਇਸ ਦੇ ਬਾਵਜੂਦ ਜਾਗਰੂਕਤਾ ਦੀ ਘਾਟ ਕਾਰਨ ਕਈ ਵਾਰ ਇਹੀ ਸਹੂਲਤਾਂ ਜਾਨ ਦਾ ਖੌਅ ਬਣ ਜਾਂਦੀਆਂ ਹਨ।ਇਸੇ ਨਾਲ ਸਬੰਧਤ ਇਕ ਘਟਨਾ ਗੁਰੂਹਰਸਹਾਏ ਦੇ ਪਿੰਡ ਵਿਰਕ ਖ਼ੁਰਦ ਕਰਕਾਂਦੀ ’ਚ ਐਤਵਾਰ ਨੂੰ ਵਾਪਰੀ, ਜਿਸ ਵਿਚ ਇਕ ਦਸ ਸਾਲ ਦੇ ਬੱਚੇ ਦੀ ਲਾਸ਼ ਪਾਈਪ ਨਾਲ ਲਟਕਦੀ ਮਿਲੀ ਸੀ। ਏਨੇ ਛੋਟੇ ਬੱਚੇ ਦੀ ਇਸ ਹਾਲਤ ’ਚ ਮਿਲੀ ਲਾਸ਼ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ ਸੀ। ਬਾਅਦ ਵਿਚ ਜਾਂਚ ’ਚ ਇਸ ਮਾਮਲੇ ’ਚ ਦਿਲ ਕੰਬਾ ਦੇਣ ਵਾਲਾ ਖ਼ੁਲਾਸਾ ਹੋਇਆ। ਚੌਥੀ ਜਮਾਤ ਦੇ ਇਸ ਵਿਦਿਆਰਥੀ ਵੱਲੋਂ ਵਰਤਣ ਵੇਲੇ ਹੱਥੋਂ ਡਿੱਗ ਕੇ ਮੋਬਾਈਲ ਫੋਨ ਟੁੱਟ ਗਿਆ ਸੀ, ਉਹ ਡਰ ਗਿਆ ਸੀ। ਇਸੇ ਡਰ ਕਾਰਨ ਉਸ ਨੇ ਪਾਈਪ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ।

ਪਰੇਸ਼ਾਨ ਕਰਨ ਵਾਲੀ ਇਹ ਘਟਨਾ ਦੂਸਰਿਆਂ ਲਈ ਸਬਕ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੀਆਂ ਖੋਜਾਂ ਵਿਚ ਇਹ ਸਾਬਤ ਹੋ ਚੁੱਕਾ ਹੈ ਕਿ ਸਮਾਰਟ ਫੋਨ ਦੀ ਵਧੇਰੇ ਆਦਤ ਘਾਤਕ ਹੱਦ ਤੱਕ ਜਾ ਪੁੱਜੀ ਹੈ। ਬੱਚਿਆਂ ਲਈ ਤਾਂ ਇਹ ਹੋਰ ਵੀ ਜ਼ਿਆਦਾ ਨੁਕਸਾਨਦਾਇਕ ਹੈ ਕਿਉਂਕਿ ਇਸ ਕਾਰਨ ਬੱਚੇ ਬਹੁਤ ਸਾਰੀਆਂ ਗੰਭੀਰ ਸਰੀਰਕ ਤੇ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਦੇ ਬਾਵਜੂਦ ਜ਼ਿਆਦਾਤਰ ਮਾਪੇ ਇਸ ਨੂੰ ਹਲਕੇ ਵਿਚ ਹੀ ਲੈਂਦੇ ਹਨ। ਡਾਕਟਰਾਂ ਮੁਤਾਬਕ ਸਮਾਰਟ ਫੋਨ ਦੀ ਵਧੇਰੇ ਵਰਤੋਂ ਕਾਰਨ ਬੱਚਿਆਂ ਵਿਚ ਗੰਭੀਰ ਮਾਨਸਿਕ ਵਿਗਾੜ ਪੈਦਾ ਹੋ ਰਹੇ ਹਨ, ਜਿਨ੍ਹਾਂ ਵਿਚ ਡਿਪਰੈਸ਼ਨ ਵੀ ਇਕ ਹੈ। ਇਹੀ ਡਿਪਰੈਸ਼ਨ ਉਨ੍ਹਾਂ ਨੂੰ ਖ਼ੁਦਕੁਸ਼ੀ ਵਰਗਾ ਖ਼ਤਰਨਾਕ ਕਦਮ ਚੁੱਕਣ ਲਈ ਪ੍ਰੇਰਿਤ ਕਰਦਾ ਹੈ। ਇਸ ਤੋਂ ਇਲਾਵਾ ਬੱਚਿਆਂ ਵਿਚ ਹੋਰ ਬਿਮਾਰੀਆਂ ਜਿਹੜੀਆਂ ਆਮ ਹੁੰਦੀਆਂ ਜਾ ਰਹੀਆਂ ਹਨ, ਉਨ੍ਹਾਂ ਵਿਚ ਨਜ਼ਰ ਕਮਜ਼ੋਰ ਹੋਣੀ, ਨੀਂਦ ਨਾਲ ਸਬੰਧਤ ਦਿੱਕਤਾਂ ਹੋਣੀਆਂ ਅਤੇ ਬੋਲਣ-ਸੁਣਨ ਵਿਚ ਪਰੇਸ਼ਾਨੀ ਹੋਣਾ ਪ੍ਰਮੁੱਖ ਹਨ।

ਇਸ ਦੇ ਨਾਲ ਹੀ ਕਈ ਹੋਰ ਗੰਭੀਰ ਦਿੱਕਤਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਵਿਚ ਵਰਚੁਅਲ ਆਟਿਜ਼ਮ, ਹਮਲਾਵਰ ਰੁਖ਼, ਧਿਆਨ ਕੇਂਦਰਿਤ ਨਾ ਹੋਣਾ, ਵਿਹਾਰ ਨਾਲ ਸਬੰਧਤ ਸਮੱਸਿਆਵਾਂ, ਆਦਤਾਂ ਖ਼ਰਾਬ ਹੋਣਾ, ਸ਼ਖ਼ਸੀ ਵਿਗਾੜ ਆਦਿ ਵੀ ਸ਼ਾਮਲ ਹਨ। ਏਨਾ ਹੀ ਨਹੀਂ ਬੱਚੇ ਸਾਈਬਰ ਕ੍ਰਾਈਮ ਦਾ ਵੀ ਸ਼ਿਕਾਰ ਹੋ ਰਹੇ ਹਨ, ਜਿਸ ਦਾ ਖਮਿਆਜ਼ਾ ਵੀ ਮਾਪਿਆਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ। ਇਸ ’ਤੇ ਹਾਲੇ ਬੀਤੇ ਕੱਲ੍ਹ ਹੀ ਇਕ ਕੇਸ ਦੀ ਸੁਣਵਾਈ ਦੌਰਾਨ ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਅੱਜ ਦੀ ਵਰਚੁਅਲ ਦੁਨੀਆ ’ਚ ਬੱਚਿਆਂ ਨੂੰ ਗੁੱਡ ਟੱਚ ਤੇ ਬੈਡ ਟੱਚ ਬਾਰੇ ਹੀ ਦੱਸਣਾ ਕਾਫ਼ੀ ਨਹੀਂ ਹੈ।

ਬੱਚਿਆਂ ਨੂੰ ਵਰਚੁਅਲ ਟੱਚ ਦੇ ਉਸ ਦੇ ਸੰਕਲਪ ਤੇ ਇਸ ਦੇ ਸੰਭਾਵੀ ਖ਼ਤਰਿਆਂ ਬਾਰੇ ਸਿੱਖਿਅਤ ਕਰਨਾ ਵੀ ਅਹਿਮ ਹੈ। ਉਨ੍ਹਾਂ ਨੂੰ ਢੁੱਕਵਾਂ ਆਨਲਾਈਨ ਵਤੀਰਾ ਸਿਖਾਉਣਾ, ਹਿੰਸਕ ਵਤੀਰੇ ਦੇ ਸੰਕੇਤਾਂ ਨੂੰ ਪਛਾਨਣਾ ਅਤੇ ਆਨਲਾਈਨ ਹੱਦਾਂ ਦੀ ਅਹਿਮੀਅਤ ਨੂੰ ਸਮਝਾਉਣਾ ਵੀ ਸ਼ਾਮਲ ਹੈ। ਅਜਿਹੇ ਵਿਚ ਇਹ ਸਮਝਣ ਵਿਚ ਦੇਰ ਨਹੀਂ ਲੱਗਣੀ ਚਾਹੀਦੀ ਕਿ ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਫੋਨ ’ਤੇ ਸਕ੍ਰੀਨ ਟਾਈਮ ਘੱਟ ਕਰਨ ਵੱਲ ਧਿਆਨ ਦੇਈਏ ਅਤੇ ਸਰੀਰਕ ਕਿਰਿਆਵਾਂ ਵਿਚ ਹਿੱਸਾ ਲਈਏ। ਜਾਗਰੂਕ ਹੋ ਕੇ ਇਸ ਆਭਾਸੀ ਦੁਨੀਆ ਵਿਚੋਂ ਖ਼ੁਦ ਅਤੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਲਈਏ ਤਾਂ ਕਿ ਕੋਈ ਵੀ ਜਾਨ ਅਜਾਈਂ ਨਾ ਚਲੀ ਜਾਵੇ।

ਸਾਂਝਾ ਕਰੋ

ਪੜ੍ਹੋ