‘ਮੇਰੇ ਕੋਲ ਸ਼ਬਦ ਨਹੀਂ’, KL ਰਾਹੁਲ ਨੇ ਲਖਨਊ ਦੀ ਸ਼ਰਮਨਾਕ ਹਾਰ ਤੋਂ ਬਾਅਦ ਮੰਨੀ ਆਪਣੀ ਇਹ ਗ਼ਲਤੀ

ਲਖਨਊ ਸੁਪਰਜਾਇੰਟਸ ਨੂੰ ਬੁੱਧਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਦੇ ਹੱਥੋਂ 62 ਗੇਂਦਾਂ ਬਾਕੀ ਰਹਿੰਦਿਆਂ 10 ਵਿਕਟਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਐਲਐਸਜੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ। ਜਵਾਬ ‘ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਬਿਨਾਂ ਕੋਈ ਵਿਕਟ ਗੁਆਏ 9.4 ਓਵਰਾਂ ‘ਚ ਟੀਚਾ ਹਾਸਲ ਕਰ ਲਿਆ। ਲਖਨਊ ਸੁਪਰਜਾਇੰਟਸ ਦੀ ਕਰਾਰੀ ਹਾਰ ਤੋਂ ਬਾਅਦ ਕਪਤਾਨ ਕੇਐਲ ਰਾਹੁਲ ਨੇ ਆਪਣੀ ਟੀਮ ਦੀ ਵੱਡੀ ਗ਼ਲਤੀ ਦਾ ਖੁਲਾਸਾ ਕੀਤਾ ਹੈ। ਰਾਹੁਲ ਨੇ ਹੈਦਰਾਬਾਦ ਦੇ ਦੋਵੇਂ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਦੀ ਵੀ ਤਾਰੀਫ ਕੀਤੀ। ਰਾਹੁਲ ਨੇ ਦੱਸਿਆ ਕਿ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਆਪਣੇ ਸ਼ਾਟ ਇਸ ਤਰ੍ਹਾਂ ਖੇਡੇ ਜਿਵੇਂ ਪਿੱਚ ‘ਚ ਕੋਈ ਸਮੱਸਿਆ ਨਾ ਹੋਵੇ। ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸੀਜ਼ਨ ਵਿੱਚ ਲਖਨਊ ਸੁਪਰਜਾਇੰਟਸ ਦੀ ਇਹ ਛੇਵੀਂ ਹਾਰ ਸੀ।

ਮੇਰੇ ਕੋਲ ਸ਼ਬਦ ਨਹੀਂ ਹਨ। ਅਸੀਂ ਟੀਵੀ ‘ਤੇ ਉਸ ਦੀ ਬੱਲੇਬਾਜ਼ੀ ਦੇਖੀ ਸੀ, ਪਰ ਇਹ ਬਿਲਕੁਲ ਅਸਾਧਾਰਨ ਸੀ। ਉਨ੍ਹਾਂ ਦੇ (ਹੈੱਡ ਅਤੇ ਸ਼ਰਮਾ) ਸਟਾਈਲ ਦੀ ਤਾਰੀਫ਼ ਕਰਨੀ ਬਣਦੀ ਹੈ ਕਿ ਸਾਰੇ ਸ਼ਾਟ ਬੱਲੇ ਦੇ ਵਿਚਕਾਰੋਂ ਖੇਡੇ ਗਏ। ਉਨ੍ਹਾਂ ਨੇ ਛੱਕੇ ਮਾਰਨ ਲਈ ਸਖ਼ਤ ਮਿਹਨਤ ਕੀਤੀ। ਉਸ ਨੇ ਸਾਨੂੰ ਇਹ ਸਮਝਣ ਦਾ ਮੌਕਾ ਵੀ ਨਹੀਂ ਦਿੱਤਾ ਕਿ ਪਿੱਚ ਕਿਵੇਂ ਖੇਡ ਰਹੀ ਹੈ। ਪਿੱਚ ‘ਚ ਜ਼ਿਆਦਾ ਬਦਲਾਅ ਨਹੀਂ ਹੋਇਆ ਸੀ।

ਪਰ ਉਨ੍ਹਾਂ ਦੀ ਮਾਨਸਿਕਤਾ ਅਤੇ ਪਹਿਲੀ ਗੇਂਦ ਨਾਲ ਹਮਲਾ ਕਰਨ ਦੀ ਆਜ਼ਾਦੀ ਨੇ ਖੇਡ ਨੂੰ ਬਦਲ ਦਿੱਤਾ। ਉਨ੍ਹਾਂ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਪਾਵਰਪਲੇ ਵਿੱਚ ਵਿਕਟਾਂ ਲੈਣਾ ਸੀ ਅਤੇ ਅਸੀਂ ਅਜਿਹਾ ਨਹੀਂ ਕਰ ਸਕੇ।ਲਖਨਊ ਸੁਪਰਜਾਇੰਟਸ ਲਈ ਪਲੇਆਫ ਦੀ ਦੌੜ ਮੁਸ਼ਕਲ ਹੋ ਗਈ ਹੈ। ਟੌਪ-4 ‘ਚ ਆਪਣੀ ਜਗ੍ਹਾ ਬਣਾਉਣ ਲਈ ਲਖਨਊ ਨੂੰ ਆਪਣੇ ਬਾਕੀ ਦੋਵੇਂ ਮੈਚ ਜਿੱਤਣੇ ਹੋਣਗੇ ਅਤੇ ਦੂਜੇ ਮੈਚਾਂ ਦੇ ਨਤੀਜਿਆਂ ‘ਤੇ ਵੀ ਨਿਰਭਰ ਰਹਿਣਾ ਹੋਵੇਗਾ। ਇਸ ਤੋਂ ਇਲਾਵਾ ਸਨਰਾਈਜ਼ਰਸ ਹੈਦਰਾਬਾਦ ਨੇ ਜਿੱਤ ਦਰਜ ਕਰਕੇ ਮੁੰਬਈ ਇੰਡੀਅਨਜ਼ ਨੂੰ ਪਲੇਆਫ ਦੀ ਦੌੜ ਤੋਂ ਬਾਹਰ ਕਰ ਦਿੱਤਾ ਹੈ।

ਸਾਂਝਾ ਕਰੋ