ਬਾਇਡਨ ਦੀਆਂ ਟਿੱਪਣੀਆਂ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਇੱਕ ਭਾਸ਼ਣ ਵਿੱਚ ਮਿੱਤਰ ਮੁਲਕਾਂ ਭਾਰਤ ਅਤੇ ਜਪਾਨ ਨੂੰ ਰੂਸ ਅਤੇ ਚੀਨ ਦੇ ਨਾਲ ਰੱਖ ਕੇ ਪੇਸ਼ ਕਰਨ ਦਾ ਕਾਰਨ ਉਨ੍ਹਾਂ ਦੀ ਨਿਰਬਲਤਾ ਜਾਂ ਸਿਆਸੀ ਸਹੂਲਤ ਹੋ ਸਕਦਾ ਹੈ। ਪਿਛਲੇ ਹਫ਼ਤੇ ਚੰਦਾ ਇਕੱਠਾ ਕਰਨ ਮੌਕੇ ਦਿੱਤੇ ਭਾਸ਼ਣ ਵਿੱਚ ਜੋਅ ਬਾਇਡਨ ਨੇ ਪਾਰਟੀ ਵਿੱਚ ਨਵੇਂ ਆਵਾਸੀਆਂ ਨੂੰ ਸ਼ਾਮਿਲ ਕਰਨ ਦਾ ਪੱਖ ਪੂਰਿਆ ਤੇ ਨਾਲ ਹੀ ਅਮਰੀਕਾ ਨੂੰ ਚੁਣਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਨਾਲ ਹੀ ਉਨ੍ਹਾਂ ਪਾਰਟੀ ਵਿਚਲੇ ਉਨ੍ਹਾਂ ਨਿੰਦਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਜੋ ਮੈਕਸਿਕੋ ਬਾਰਡਰ ’ਤੇ ਬੇਰੋਕ ਪਰਵਾਸ ਦੀ ਤਿੱਖੀ ਆਲੋਚਨਾ ਕਰ ਰਹੇ ਹਨ। ਬਾਇਡਨ ਸ਼ਾਇਦ ਇਹ ਦੋਸ਼ ਲਾ ਕੇ ਕੁਝ ਵੀ ਸਿੱਧ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ ਕਿ ਚਾਰਾਂ ਮੁਲਕਾਂ ਦੇ ‘ਡਗਮਗਾ ਰਹੇ ਅਰਥਚਾਰਿਆਂ’ ਅਤੇ ਪਰਵਾਸ ਪ੍ਰਤੀ ਇਨ੍ਹਾਂ ਦੇ ‘ਓਪਰੇਪਨ’ ਵਿੱਚ ਸਿੱਧਾ ਲਾਗਾ-ਦੇਗਾ ਹੈ।

ਦੂਜੇ ਮੁਲਕ ਆਪੋ-ਆਪਣਾ ਪੱਖ ਆਪ ਰੱਖ ਸਕਦੇ ਹਨ ਪਰ ਭਾਰਤ ਨੂੰ ਇਹ ਕਹਿਣਾ ਕਿ ਇਹ ‘ਬੇਗਾਨਿਆਂ ਨੂੰ ਨਾਪਸੰਦ’ ਕਰਨ ਵਾਲਾ ਜਾਂ ਆਦਤਨ ਵਿਦੇਸ਼ੀਆਂ ਦਾ ਵਿਰੋਧੀ ਹੈ, ਪਚਾਉਣਾ ਬੜਾ ਮੁਸ਼ਕਿਲ ਹੈ। ਆਜ਼ਾਦੀ ਤੋਂ ਬਾਅਦ ਦੇ ਭਾਰਤ ਵਿੱਚ ਕੋਈ ਸ਼ਰਨਾਰਥੀ ਨੀਤੀ ਨਹੀਂ ਸੀ। ਅੱਤਿਆਚਾਰਾਂ ਜਾਂ ਆਰਥਿਕ ਬਦਹਾਲੀ ਤੋਂ ਭੱਜਣ ਵਾਲਿਆਂ ਨੂੰ ਸਿਆਸੀ ਸਮੀਕਰਨਾਂ ਮੁਤਾਬਿਕ ਸ਼ਰਨ ਦਿੱਤੀ ਜਾਂਦੀ ਰਹੀ; ਅਮਰੀਕਾ ਵਿੱਚ ਵੀ ਕੁਝ ਅਜਿਹਾ ਹੀ ਹੁੰਦਾ ਰਿਹਾ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਲੋਂ ਬਾਇਡਨ ਦੀਆਂ ਟਿੱਪਣੀਆਂ ਦੇ ਜਵਾਬ ਵਿੱਚ ਦਿੱਤਾ ਨਾਗਰਿਕਤਾ ਸੋਧ ਕਾਨੂੰਨ ਦਾ ਹਵਾਲਾ ਦਾਇਰੇ ਅਤੇ ਇਰਾਦੇ ਦੇ ਪੱਖ ਤੋਂ ਸੀਮਤ ਹੈ ਪਰ ਮਨੁੱਖੀ ਪਰਵਾਸ ਦੀਆਂ ਲਹਿਰਾਂ ਦੇ ਪ੍ਰਵਾਹ ਨੂੰ ਇੱਥੇ ਅਨੰਤ ਕਾਲ ਤੋਂ ਸੁਖਾਵਾਂ ਟਿਕਾਣਾ ਲੱਭਦਾ ਰਿਹਾ ਹੈ, ਭਾਵੇਂ ਇਹ ਤੰਗ, ਗੁੰਝਲਦਾਰ ਅਤੇ ਮੁਕਾਬਲੇ ਨਾਲ ਭਰਪੂਰ ਸੀ।

ਵਿਦੇਸ਼ ਨੀਤੀ ਦੇ ਪੱਖ ਤੋਂ ਬਾਇਡਨ ਉਨ੍ਹਾਂ ਮੁਲਕਾਂ ਦਾ ਨਿਰਾਦਰ ਕਰ ਰਹੇ ਹਨ ਜੋ ਉਸ ਵੇਲੇ ਅਮਰੀਕਾ ਦੇ ਸਾਥੀ ਹਨ ਜਦ ਆਲਮੀ ਪੱਧਰ ’ਤੇ ‘ਤਾਕਤਵਰ ਮੁਲਕਾਂ ’ਚ ਮੁਕਾਬਲੇ ਦੀ ਹੋੜ ਹੈ’, ਅਤੇ ਕੋਈ ਵੀ ਹੁਣ ਇਕੋ-ਇਕ ਮਹਾਸ਼ਕਤੀ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਨਾ ਹੀ ਥੋਪ ਸਕਦਾ ਹੈ। ਸੰਸਾਰ ਦਾ ਭੂ-ਸਿਆਸੀ ਦ੍ਰਿਸ਼ ਬਦਲ ਰਿਹਾ ਹੈ ਅਤੇ ਇਸ ਦਾ ਅਸਰ ਸਮੁੱਚੇ ਸੰਸਾਰ ਉੱਤੇ ਪੈ ਰਿਹਾ ਹੈ। ਦੇਖਿਆ ਜਾਵੇ ਤਾਂ ਇਸ ਵਕਤ ਰੂਸ ਅਤੇ ਚੀਨ ਅਮਰੀਕਾ ਲਈ ਚੁਣੌਤੀ ਬਣੇ ਹੋਏ ਹਨ। ਭਾਰਤ ਤੇ ਜਪਾਨ ਜਿਨ੍ਹਾਂ ਨੂੰ ਬਾਇਡਨ ਨੇ ‘ਵਿਦੇਸ਼ੀਆਂ ਤੋਂ ਝਿਜਕਣ ਵਾਲੇ’ ਮੁਲਕ ਗਰਦਾਨਿਆ ਹੈ, ਉਹ ਉਸ ਕੁਆਡ ਗੱਠਜੋੜ ਦਾ ਵੀ ਹਿੱਸਾ ਹਨ ਜੋ ਚੀਨ ਨੂੰ ਸੁਰੱਖਿਆ ਤੇ ਆਰਥਿਕ ਮੁਕਾਬਲੇਬਾਜ਼ੀ ਦੇ ਪੱਖ ਤੋਂ ਟੱਕਰ ਦੇਣ ਲਈ ਬਣਾਇਆ ਗਿਆ ਹੈ। ਖ਼ੁਦ ਖੁਫ਼ੀਆ ਮਿਸ਼ਨਾਂ ਦੇ ‘ਮਾਸਟਰ’ ਕਹਾਉਂਦੇ ਅਮਰੀਕਾ ਵੱਲੋਂ ਪੰਨੂ ਕੇਸ ਵਿਚ ਭਾਰਤ ਸਰਕਾਰ ਦਾ ਲਗਾਤਾਰ ਪਿੱਛਾ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ। ਇਸ ਦੀ ਥਾਂ ਲਗਾਤਾਰ ਬਦਲ ਰਹੀ ਸੰਸਾਰ ਵਿਵਸਥਾ ਵਿਚ ਚੋਟੀ ’ਤੇ ਟਿਕੇ ਰਹਿਣ ਲਈ ਅਮਰੀਕਾ ਨੂੰ ਖੇਤਰੀ ਗੱਠਜੋੜਾਂ ਅਤੇ ਸੰਸਥਾਵਾਂ ਦੇ ਆਪਣੇ ਤੰਤਰ ਵਿਚ ਹੋਰ ਵਾਧਾ ਕਰਨਾ ਚਾਹੀਦਾ ਹੈ।

ਸਾਂਝਾ ਕਰੋ

ਪੜ੍ਹੋ

ਅਡਾਨੀ ਸਾਮਰਾਜ ਉਸਾਰਨ ਦੀ ਕੀਮਤ/ਨਿਰੂਪਮਾ ਸੁਬਰਾਮਣੀਅਨ

ਵੀਹਵੀਂ ਸਦੀ ਦੇ ਕਈ ਦਹਾਕਿਆਂ ਤੱਕ ਅਮਰੀਕੀ ਕੂਟਨੀਤੀ ਆਪਣੇ ਆਂਢ-ਗੁਆਂਢ...