ਏਸ਼ਿਆਈ ਪੈਰਾ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਤੀਰਅੰਦਾਜ਼ ਸ਼ੀਤਲ ਦੇਵੀ ਨੇ ਖੇਲੋ ਇੰਡੀਆ ਐੱਨਟੀਪੀਸੀ ਕੌਮੀ ਰੈਕਿੰਗ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਹ ਮੁਕਾਬਲੇ ’ਚ ਹਰਿਆਣਾ ਦੀ ਏਕਤਾ ਰਾਣੀ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਰਾਣੀ ਜੂਨੀਅਰ ਚੈਂਪੀਅਨ ਵਿਸ਼ਵ ਚੈਂਪੀਅਨ ਵੀ ਹੈ। ਡੀਡੀਏ ਯਮੁਨਾ ਸਪੋਰਟਸ ਕੰਪਲੈਕਸ ’ਚ ਹੋਈ ਚੈਂਪੀਅਨਸ਼ਿਪ ’ਚ ਸ਼ੀਤਲ (17) ਨੇ ਸਮਰੱਥ ਜੂਨੀਅਰ ਤੀਰਅੰਦਾਜ਼ਾਂ ਨਾਲ ਮੁਕਾਬਲਾ ਕੀਤਾ ਤੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਦੇ ਫਾਈਨਲ ’ਚ ਏਕਤਾ ਤੋਂ 138-140 ਅੰਕਾਂ ਦੇ ਫਰਕ ਨਾਲ ਹਾਰ ਗਈ। ਪਹਿਲੇ ਸਥਾਨ ’ਤੇ ਰਹੀ ਏਕਤਾ ਨੂੰ 50,000 ਰੁਪਏ ਜਦਕਿ ਦੂਜੇ ਸਥਾਨ ’ਤੇ ਸ਼ੀਤਲ ਨੂੰ 40,000 ਰੁਪਏ ਮਿਲੇ ਹਨ। ਭਾਰਤੀ ਖੇਡ ਅਥਾਰਟੀ (ਸਾਈ) ਨੇ ਇੱਕ ਪ੍ਰੈੱਸ ਬਿਆਨ ’ਚ ਕਿਹਾ ਕਿ ਸ਼ੀਤਲ ਦਾ ਮੰਨਣਾ ਹੈ ਕਿ ਖੇਲੋ ਇੰਡੀਆ ਮੁਕਾਬਲਿਆਂ ’ਚ ਕਾਰਗੁਜ਼ਾਰੀ ਉਸ ਦੀ ਭਵਿੱਖੀ ਚੁਣੌਤੀਆਂ ਲਈ ਤਿਆਰੀ ’ਚ ਮਦਦ ਕਰੇਗੀ