ਭਾਰਤੀ ਕੁਸ਼ਤੀ ਟੀਮ ਨੂੰ ਵੱਡਾ ਝਟਕਾ, ਲੇਟ ਹੋਣ ਕਾਰਨ ਦੋ ਭਲਵਾਨ ਏਸ਼ੀਆਈ ਓਲੰਪਿਕ ਕੁਆਲੀਫਾਇਰ ਤੋਂ ਬਾਹਰ

ਭਾਰਤੀ ਕੁਸ਼ਤੀ ਟੀਮ ਨੂੰ ਬਿਸ਼ਕੇਕ ’ਚ ਏਸ਼ੀਆਈ ਓਲੰਪਿਕ ਕੁਆਲੀਫਾਇਰ ’ਚ ਝਟਕਾ ਲੱਗਾ ਕਿਉਂਕਿ ਦੇਸ਼ ਦੇ ਦੋ ਬਿਹਤਰੀਨ ਭਲਵਾਨ ਦੀਪਕ ਪੂਨੀਆ ਅਤੇ ਸੁਜੀਤ ਕਾਲਕਲ ਸਮੇਂ ’ਤੇ ਟੂਰਨਾਮੈਂਟ ’ਚ ਨਾ ਪਹੁੰਚ ਸਕਣ ਕਾਰਨ ਟੂਰਨਾਮੈਂਟ ’ਚ ਨਹੀਂ ਖੇਡ ਸਕੇ। ਦੁਬਈ ਵਿਚ ਖਰਾਬ ਮੌਸਮ ਕਾਰਨ ਉਨ੍ਹਾਂ ਦੀ ਉਡਾਣ ਬਿਸ਼ਕੇਕ ਵਿਚ ਦੇਰੀ ਨਾਲ ਪਹੁੰਚੀ। ਭਾਰੀ ਮੀਂਹ ਅਤੇ ਹੜ੍ਹ ਕਾਰਨ ਦੋਵੇਂ ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਫਸੇ ਹੋਏ ਸਨ ਅਤੇ ਭਾਰ ਕਰਵਾਉਣ ਲਈ ਸਮੇਂ ਸਿਰ ਨਹੀਂ ਪਹੁੰਚ ਸਕੇ। ਸੂਤਰਾਂ ਨੇ ਦਸਿਆ ਕਿ ਭਾਰਤੀ ਕੋਚਾਂ ਦੀਆਂ ਬੇਨਤੀਆਂ ਦੇ ਬਾਵਜੂਦ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿਤੀ। ਪੂਨੀਆ (86 ਕਿਲੋਗ੍ਰਾਮ) ਟੋਕੀਓ ਓਲੰਪਿਕ ’ਚ ਤਮਗਾ ਜਿੱਤਣ ਦੇ ਨੇੜੇ ਪਹੁੰਚ ਗਏ ਸਨ। ਉਹ ਅਤੇ ਸੁਜੀਤ (65 ਕਿਲੋਗ੍ਰਾਮ) ਪੈਰਿਸ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਲਈ ਬਿਸ਼ਕੇਕ ਪਹੁੰਚੇ ਸਨ, ਜਦਕਿ ਦੁਬਈ ਤੋਂ ਆਉਣ ਵਾਲੀਆਂ ਜ਼ਿਆਦਾਤਰ ਉਡਾਣਾਂ ਜਾਂ ਤਾਂ ਰੱਦ ਕਰ ਦਿਤੀਆਂ ਗਈਆਂ ਸਨ ਜਾਂ ਹਵਾਈ ਅੱਡੇ ’ਤੇ ਹੜ੍ਹ ਆਉਣ ਕਾਰਨ ਦੇਰੀ ਹੋ ਗਈ ਸੀ। ਰੂਸੀ ਕੋਚ ਕਮਲ ਮਲਿਕੋਵ ਅਤੇ ਫਿਜ਼ੀਓ ਸ਼ੁਭਮ ਗੁਪਤਾ ਦੇ ਨਾਲ ਦੋਵੇਂ ਫਰਸ਼ ’ਤੇ ਸੌਂ ਗਏ ਅਤੇ ਭੁੱਖੇ ਰਹੇ ਕਿਉਂਕਿ ਹੜ੍ਹ ਕਾਰਨ ਦੁਬਈ ਹਵਾਈ ਅੱਡੇ ’ਤੇ ਕੋਈ ਭੋਜਨ ਉਪਲਬਧ ਨਹੀਂ ਸੀ। ਸੁਜੀਤ ਦੇ ਪਿਤਾ ਦਯਾਨੰਦ ਕਾਲਕਲ ਨੇ ਦਸਿਆ ਕਿ ਦੋਵੇਂ 16 ਅਪ੍ਰੈਲ ਤੋਂ ਦੁਬਈ ਹਵਾਈ ਅੱਡੇ ’ਤੇ ਫਸੇ ਹੋਏ ਸਨ। ਉਨ੍ਹਾਂ ਨੂੰ ਬਿਸ਼ਕੇਕ ਲਈ ਉਡਾਣ ਨਹੀਂ ਮਿਲ ਰਹੀ ਸੀ। ਮੈਂ ਦੋਹਾਂ ਬਾਰੇ ਚਿੰਤਤ ਹਾਂ। ਦੋਵੇਂ ਰੂਸ ’ਚ ਸਿਖਲਾਈ ਲੈ ਰਹੇ ਸਨ ਅਤੇ ਦੁਬਈ ਰਾਹੀਂ ਬਿਸ਼ਕੇਕ ਪਹੁੰਚਣ ਦਾ ਫੈਸਲਾ ਕੀਤਾ ਸੀ। ਪੈਰਿਸ ਓਲੰਪਿਕ ਦਾ ਆਖਰੀ ਵਿਸ਼ਵ ਕੁਆਲੀਫਾਇਰ ਮਈ ’ਚ ਤੁਰਕੀ ’ਚ ਖੇਡਿਆ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...