ਜਿੱਥੇ ਕੁਸ਼ ਨਹੀਂ ਪਹੁੰਚਦਾ/ਯਸ਼ ਪਾਲ ਵਰਗ ਚੇਤਨਾ

ਜਿੱਥੇ ਕੁਸ਼ ਨਹੀਂ ਪਹੁੰਚਦਾ
………………………….

ਪਹਾੜ ‘ਤੇ ਲੋਕ ਪੀਂਦੇ ਨੇ
ਪਹਾੜ ਦਾ ਪਾਣੀ
ਉੱਥੋਂ ਤੱਕ ਨਹੀਂ ਪਹੁੰਚਦਾ
ਸਰਕਾਰ ਦਾ ਪਾਣੀ

ਮਾਤ ਭਾਸ਼ਾ ਵਾਲਾ ਕੋਈ
ਸਕੂਲ ਨਹੀਂ ਪਹੁੰਚਦਾ
ਹਸਪਤਾਲ ‘ਚ ਕੋਈ
ਡਾਕਟਰ ਨਹੀਂ ਪਹੁੰਚਦਾ
ਬਿਜਲੀ ਨਹੀਂ ਪਹੁੰਚਦੀ
ਇੰਟਰਨੈੱਟ ਨਹੀਂ ਪਹੁੰਚਦਾ

ਉੱਥੇ
ਕੁਸ਼ ਵੀ ਨਹੀਂ ਪਹੁੰਚਦਾ

ਸਾਬ੍ਹ!
ਜਿੱਥੇ
ਕੁਸ਼ ਵੀ ਨਹੀਂ ਪਹੁੰਚਦਾ
ਉੱਥੇ
ਧਰਮ,ਗਾਂ ਦੇ ਨਾਂ ‘ਤੇ
ਬੰਦੇ ਦੀ ਹੱਤਿਆ ਲਈ
ਇੰਨਾ
ਜ਼ਹਿਰ ਕਿਵੇਂ ਪਹੁੰਚਦਾ ਹੈ

(2)

ਇੰਤਜ਼ਾਰ
……………

ਉਹ
ਸਾਡੇ ਸਭਿਆ ਹੋਣ ਦੇ
ਇੰਤਜ਼ਾਰ ‘ਚ ਨੇ

ਤੇ ਅਸੀਂ
ਉਨ੍ਹਾਂ ਦੇ ਮਨੁੱਖ ਹੋਣ ਦੇ
ਇੰਤਜ਼ਾਰ ‘ਚ ਹਾਂ

(3)

ਕਿਉਂ ਕੱਟੇ ਜਾਂਦੇ ਨੇ ਰੁੱਖ
………………………..

ਉਹ ਰੁੱਖਾਂ ਨੂੰ
ਲਿਆਉਣਾ ਚਾਹੁੰਦੇ ਨੇ
ਮੁੱਖਧਾਰਾ ‘ਚ

ਪਰ ਕੀ ਰੁੱਖ
ਕਦੇ ਆਉਂਦੇ ਨੇ
ਮੁੱਖ ਧਾਰਾ ‘ਚ
ਉਖੜ ਕੇ
ਆਪਣੀ ਜ਼ਮੀਨ ਤੋਂ?

ਬੱਸ
ਇਸੇ ਲਈ ਹੀ
ਕੱਟ ਦਿੱਤੇ ਜਾਂਦੇ ਨੇ

ਮੂਲ ਲੇਖਿਕਾ:
ਆਦਿਵਾਸੀ ਕਵਿੱਤਰੀ:
ਜਸੰਤਾ ਕੇਰਕੇਟਾ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(ਸੰਪਰਕ:9814535005)
(15 ਅਪ੍ਰੈਲ,2024)

ਸਾਂਝਾ ਕਰੋ