ਕਾਵਿ-ਧਾਰਾ ਦਾ ਮਜ਼ਾਕੀਆ ਰੰਗ ਸਿੱਠਣੀਆਂ

ਸਿੱਠਣੀਆਂ ਸਾਡੇ ਸੱਭਿਆਚਾਰ ਦੀ ਕਾਵਿ-ਧਾਰਾ ਦੀ ਇੱਕ ਮਹੱਤਵਪੂਰਨ ਵਿਧਾ ਹੈ। ‘ਸਿੱਠਣੀ’ ਸ਼ਬਦ ‘ਸਿੱਠ’ ਤੋਂ ਬਣਿਆ ਹੈ ਜਿਸਦਾ ਭਾਵ ਹੈ ਮਜ਼ਾਕ, ਵਿਅੰਗ, ਕਟਾਖਸ਼ ਜਾਂ ਮਖੌਲ। ਸਿੱਠਣੀਆਂ ਵਿਆਹ ਦੇ ਸਮੇਂ ਕੁੜੀ ਵਾਲੇ ਪਰਿਵਾਰ ਵੱਲੋਂ ਲਾੜੇ ਵਾਲੀ ਧਿਰ ਨੂੰ ਵਿਅੰਗਆਤਮਕ ਤਰੀਕੇ ਨਾਲ ਕਾਵਿ-ਰੂਪ ਵਿੱਚ ਸੰਬੋਧਨੀ ਤਰੀਕੇ ਨਾਲ ਗਾ ਕੇ ਸੁਣਾਈਆਂ ਜਾਂਦੀਆਂ ਹਨ। ਇਨ੍ਹਾਂ ਦੀ ਪੇਸ਼ਕਾਰੀ ਸਮੇਂ ਸਰੀਰਕ ਮੁਦਰਾਵਾਂ ਤੇ ਚਿਹਰੇ ਦੇ ਹਾਵ-ਭਾਵਾਂ ਨੂੰ ਵੀ ਇਸ ਦਾ ਹਿੱਸਾ ਬਣਾਇਆ ਜਾਂਦਾ ਹੈ। ਜਿਵੇਂ ਬਾਹਾਂ ਮਾਰਕੇ ਜਾਂ ਸੱਜੇ ਹੱਥ ਨਾਲ ਮੁੱਕੀ ਵੱਟ ਕੇ ਖੱਬੇ ਹੱਥ ਦੀ ਤਲੀ ’ਤੇ ਵਾਰ-ਵਾਰ ਮਾਰ ਕੇ ਜਾਂ ਘੁੰਡ ਨੂੰ ਨਖਰੇ ਦੇ ਤੌਰ ’ਤੇ ਕੱਢ ਕੇ ਜਾਂ ਹੱਥ ਨੂੰ ਮੁੱਕੀ ਦੇ ਤੌਰ ’ਤੇ ਵਰਤ ਕੇ ਆਦਿ ਅਦਾਵਾਂ ਰਾਹੀਂ ਇਨ੍ਹਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ।

ਇਸ ਸਮੇਂ ਅਨੈਤਿਕ ਸ਼ਬਦਾਂ ਅਤੇ ਚਰਿੱਤਰਹੀਣਤਾ ਵਰਗੇ ਦੋਸ਼ਾਂ ਦਾ ਵੀ ਸਾਡਾ ਸਮਾਜਿਕ ਸੰਵਿਧਾਨ ਗੁੱਸਾ ਨਹੀਂ ਮੰਨਦਾ। ਸਗੋਂ ਇਸ ਤਰ੍ਹਾਂ ਦੇ ਮਜ਼ਾਕਾਂ ਤੇ ਕਟਾਖਸ਼ਾਂ ਨੂੰ ਹੱਸ ਕੇ ਸਵੀਕਾਰ ਕਰ ਲਿਆ ਜਾਂਦਾ ਹੈ। ਫਿਰ ਹੌਲੀ-ਹੌਲੀ ਇਨ੍ਹਾਂ ਮਿਹਣਿਆਂ ਨੂੰ ਜੁਆਬ ਦੇ ਰੂਪ ਵਿੱਚ ਲਿਆ ਜਾਣ ਲੱਗ ਪਿਆ। ਇਸੇ ਤਰ੍ਹਾਂ ਜੰਨ ਬੰਨ੍ਹਣੀ ਤੇ ਫਿਰ ਜੰਨ ਛੁਡਾਉਣ ਦੇ ਰੂਪ ਵਿੱਚ ਇਹ ਪਰੰਪਰਾ ਸਾਡੇ ਸਨਮੁੱਖ ਹੁੰਦੀ ਹੈ। ਹੁਣ ਜਾਗੋ ਦੇ ਰੂਪ ਵਿੱਚ ਨਾਨਕਿਆਂ ਤੇ ਦਾਦਕਿਆਂ ਦਾ ਮੇਹਣੋ-ਮੇਹਣੀ ਹੋਣਾ ਇਸ ਦਾ ਮੌਜੂਦਾ ਰੂਪ ਹੈ। ਸਿੱਠਣੀਆਂ ਦੀ ਉਤਪਤੀ ਬਾਰੇ ਕਈ ਦੰਦ-ਕਥਾਵਾਂ ਪ੍ਰਚੱਲਿਤ ਹਨ। ਕਿਹਾ ਜਾਂਦਾ ਹੈ ਕਿ ਕਿਸੇ ਸਮੇਂ ਜ਼ੋਰਾਵਰਾਂ ਵੱਲੋਂ ਔਰਤਾਂ ਨੂੰ ਉਧਾਲ ਕੇ ਲਿਜਾਇਆ ਜਾਂਦਾ ਸੀ। ਉਧਾਲੀ ਗਈ ਔਰਤ ਦੇ ਪਰਿਵਾਰਕ ਮਰਦ ਉਸ ਨੂੰ ਲੱਭਣ ਜਾਂ ਲੜਾਈ ਝਗੜੇ ਦੇ ਮੰਤਵ ਨਾਲ ਆਪਣੇ ਘਰਾਂ ’ਚੋਂ ਨਿਕਲਦੇ ਸਨ। ਉਨ੍ਹਾਂ ਤੋਂ ਬਾਅਦ ਉਨ੍ਹਾਂ ਘਰਾਂ ਦੀਆਂ ਔਰਤਾਂ ਹੋਰ ਤਾਂ ਕੁਝ ਨਹੀਂ ਸੀ ਕਰ ਸਕਦੀਆਂ, ਉਹ ਘਰਾਂ ਵਿੱਚ ਬਹਿ ਕੇ ਉਨ੍ਹਾਂ ਜ਼ੋਰਾਵਰਾਂ ਨੂੰ ਲਾਹਣਤਾਂ ਪਾ ਕੇ ਕੋਸਦੀਆਂ ਰਹਿੰਦੀਆਂ। ਹੌਲੀ-ਹੌਲੀ ਇਹ ਪਰੰਪਰਾ ਗੁੱਸੇ ਦੇ ਭਾਵ ਤੋਂ ਖਿਸਕਦੀ-ਖਿਸਕਦੀ ਲਾੜੀ ਵਾਲੀ ਧਿਰ ਦੀ ਵਿਰਾਸਤ ਬਣ ਗਈ ਤੇ ਇਸ ਦਾ ਰੂਪ ਗੁੱਸੇ ਤੋਂ ਮਜ਼ਾਕ ਜਾਂ ਕਟਾਖਸ਼ ਦੇ ਰੂਪ ਵਿੱਚ ਬਦਲ ਗਿਆ। ਦੂਜਾ ਇਸ ਦੀ ਉਤਪਤੀ ਦਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਕਿਸੇ ਸਮੇਂ ਭੂਤਾਂ ਪ੍ਰੇਤਾਂ ਜਾਂ ਓਪਰੀ ਸ਼ੈਅ ਦੇ ਵਹਿਮ ਨੂੰ ਕਾਫ਼ੀ ਮੰਨਿਆ ਜਾਂਦਾ ਸੀ। ਵਿਆਹ ਵਰਗੀ ਪਵਿੱਤਰ ਰਸਮ ਨੂੰ ਇਨ੍ਹਾਂ ਰੂਹਾਂ ਦੇ ਪ੍ਰਭਾਵ ਤੋਂ ਬਚਾਉਣ ਲਈ ਇਸ ਤਰ੍ਹਾਂ ਦੇ ਰੰਗ ਵਿੱਚ ਭੰਗ ਪਾਉਣ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਜਿਵੇਂ ਮਾਂ ਆਪਣੇ ਬੱਚੇ ਨੂੰ ਨੁਹਾ ਕੇ ਸੋਹਣੇ ਕੱਪੜੇ ਪਾਉਣ ਤੋਂ ਬਾਅਦ ਮੱਥੇ ’ਤੇ ਕਾਲਾ ਟਿੱਕਾ ਲਾ ਦਿੰਦੀ ਹੈ।

ਸਿੱਠਣੀਆਂ ਨੈਤਿਕਤਾ ਜਾਂ ਅਨੈਤਿਕਤਾ ਦੇ ਚੱਕਰ ਵਿੱਚ ਨਹੀਂ ਪੈਂਦੀਆਂ। ਲਾੜੀ ਵਾਲੀ ਧਿਰ ਦਾ ਮਨੋਰਥ ਸਿਰਫ਼ ਲਾੜੇ ਵਾਲੀ ਧਿਰ ਨੂੰ ਠਿੱਠ ਕਰਕੇ ਉਨ੍ਹਾਂ ’ਤੇ ਅਯੋਗ ਸ਼ਬਦਾਂ ਰਾਹੀਂ ਮਜ਼ਾਕ ਜਾਂ ਵਿਅੰਗਮਈ ਚੋਭਾਂ ਲਾ ਕੇ ਇੱਕ ਮੰਨੋਰੰਜਕ ਮਾਹੌਲ ਪੈਦਾ ਕਰ ਦਿੱਤਾ ਜਾਂਦਾ ਸੀ। ਉਂਝ ਤਾਂ ਕੁੜੀ ਨੂੰ ਵਿਆਹੁਣ ਆਈ ਸਾਰੀ ਬਰਾਤ ਹੀ ਮਜ਼ਾਕ ਦੇ ਘੇਰੇ ਵਿੱਚ ਲੈ ਲਈ ਜਾਂਦੀ ਸੀ ਪਰ ਜ਼ਿਆਦਾ ਕਰਕੇ ਇਨ੍ਹਾਂ ਵਿੱਚੋਂ ਕੁੜਮ, ਵਿਚੋਲਾ, ਲਾੜਾ ਜਾਂ ਸਰਵਾਲੇ ਨੂੰ ਪ੍ਰਮੁੱਖਤਾ ਨਾਲ ਲਿਆ ਜਾਂਦਾ ਸੀ। ਇੱਕ ਸਮਾਂ ਸੀ ਜਦੋਂ ਸੰਚਾਰ ਜਾਂ ਆਵਾਜਾਈ ਦੇ ਸਾਧਨਾਂ ਦੀ ਘਾਟ ਕਰਕੇ ਸਾਰੀ ਬਰਾਤੀ ਧਿਰ ਲਾੜੀ ਵਾਲਿਆਂ ਲਈ ਅਜਨਬੀ ਹੁੰਦੀ ਸੀ। ਕੂੜਮਾਂ ਨੂੰ ਸਿੱਠਣੀਆਂ ਦੇ ਘੇਰੇ ਵਿੱਚ ਲਿਆਉਣ ਤੋਂ ਪਹਿਲਾਂ ਕੁੜਮ ਦੀ ਪਛਾਣ ਕਰਨ ਲਈ ਉਸ ਦੇ ਥਾਂ ਸਿਰ ਲੱਗਦੀ ਕੋਈ ਔਰਤ (ਜੋ ਲਾੜੀ ਦੀ ਚਾਚੀ, ਮਾਂ, ਮਾਸੀ, ਜਾਂ ਮਾਮੀ ਹੁੰਦੀ ਸੀ) ਹਲਦੀ ਤੇ ਤੇਲ ਦਾ ਹੱਥ ਲਬੇੜ ਕੇ ਕੁੜਮ ਦੇ ਮੌਰਾਂ ਵਿੱਚ ਜ਼ੋਰ ਦੀ ਧੱਫਾ ਮਾਰ ਕੇ ਥਾਪਾ ਲਾ ਦਿੰਦੀ ਸੀ ਤਾਂ ਕਿ ਬਾਕੀ ਔਰਤਾਂ ਲਈ ਕੁੜਮ ਨੂੰ ਪਛਾਣਨਾ ਸੌਖਾ ਹੋ ਜਾਵੇ। ਕਈ ਵਾਰ ਤਾਂ ਇਹ ਧੱਫਾ ਐਨੀ ਜ਼ੋਰ ਦੀ ਮਾਰਿਆ ਜਾਂਦਾ ਸੀ ਕਿ ਕੁੜਮ ਦੇ ਪੈਰ ਹੱਲ ਜਾਂਦੇ ਸਨ ਤੇ ਕੁੜਮ ਦੀ ਕਈ ਵਾਰ ਪੱਗ ਵੀ ਲੱਥ ਜਾਂਦੀ ਸੀ। ਇਸ ਰਸਮ ਨੂੰ ਗੁੱਸੇ ਦੀ ਥਾਂ ਹਾਸੇ ਵਿੱਚ ਟਾਲਿਆ ਜਾਂਦਾ ਸੀ। ਕੁਝ ਕਬੀਲਿਆਂ ਵਿੱਚ ਅਜੇ ਵੀ ਇਹ ਰਸਮ ਪ੍ਰਚੱਲਿਤ ਹੈ। ਕੁੜਮ ਦੀ ਪਛਾਣ ਤੋਂ ਬਾਅਦ ਉਸ ਨੂੰ ਥਾਂ-ਥਾਂ ’ਤੇ ਕੰਨਿਆਂ ਧਿਰ ਵੱਲੋਂ ਸਿੱਠਣੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕੰਨਿਆ ਧਿਰ ਦੀਆਂ ਔਰਤਾਂ ਸਿੱਠਣੀਆਂ ਦੇ ਘੇਰੇ ਵਿੱਚ ਸਭ ਤੋਂ ਪਹਿਲਾਂ ਕੁੜਮ ਨੂੰ ਹੀ ਲੈਂਦੀਆਂ ਹਨ;

* ਹੋਰ ਤਾਂ ਜਾਨੀ ਊਠਾਂ ’ਤੇ ਆਏ,

ਕੁੜਮ ਲਿਆਇਆ ਟੱਟੂ।

ਨੀਂ ਮੰਨੋ ਦਾ ਜਣਿਆ,

ਵਿਹੜੇ ਦੀ ਜੜ ਪੱਟੂ।

* ਜੇ ਕੁੜਮਾਂ ਤੇਰੀਆਂ ਅੱਖਾਂ ਦੁਖਦੀਆਂ

ਮੋਗਿਓਂ ’ਲਾਜ ਕਰਾ ਲੈ, ਤੇਰਾ ਫੈਦਾ ਹੋ ਜੂ।

ਇੱਕ ਲੂਣ ਦੀ ਡਲੀ, ਇੱਕ ਤੇਲ ਦੀ ਫਲੀ

ਵਿੱਚ ਮਿਰਚਾਂ ਦੀ ਲੱਪ ਪਾ ਲੈ, ਤੇਰਾ ਫੈਦਾ ਹੋ ਜੂ।

* ਸਾਡੇ ਤਾਂ ਵਿਹੜੇ ਵਿੱਚ ਤਾਣਾ ਤਣੀਂਦਾ

ਲਾੜੇ ਦਾ ਪਿਓ ਤਾਂ ਕਾਣਾ ਸੁਣੀਂਦਾ

ਐਨਕ ਲਵਾਉਣੀ ਪਈ।

ਕੁੜਮ ਤੋਂ ਬਾਅਦ ਵਿਚੋਲੇ ਦੀ ਵਾਰੀ ਆਉਂਦੀ ਹੈ। ਭਾਵੇਂ ਵਿਚੋਲਾ ਦੋਵੇਂ ਪਰਿਵਾਰਾਂ ਲਈ ਸਾਂਝਾ ਪਾਤਰ ਹੁੰਦਾ ਹੈ। ਕੰਨਿਆ ਧਿਰ ਵੱਲੋਂ ਵਿਚੋਲੇ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਕਿਉਂਕਿ ਉਹ ਹੀ ਕੁੜੀਆਂ ਦੀ ਡਾਰ ਵਿੱਚੋਂ ਕੁੜੀ (ਲਾੜੀ) ਨੂੰ ਵਿਛੋੜਨ ਦਾ ਸਬੱਬ ਬਣਿਆ ਹੈ। ਇਸ ਗੁੱਸੇ ਨੂੰ ਉਹ ਸਿੱਠਣੀਆਂ ਦੇ ਰੂਪ ਵਿੱਚ ਕੱਢ ਕੇ ਹੌਲੀਆਂ ਹੁੰਦੀਆਂ ਹਨ:

* ਕੁੜਮੋਂ-ਕੁੜਮੀਂ ਵਰਤਣਗੇ

ਵਿਚੋਲੇ ਬੈਠੇ ਤਰਸਣਗੇ।

* ਮੱਕੀ ਦਾ ਦਾਣਾ ਟਿੰਡ ਵਿੱਚ ਨੀਂ

ਵਿਚੋਲਾ ਨ੍ਹੀਂ ਛੱਡਣਾ ਪਿੰਡ ਵਿੱਚ ਨੀਂ।

ਕੁੜਮੋਂ-ਕੁੜਮੀਂ ਸੌ ਵਾਰੀ

ਵਿਚੋਲੇ ਦੇ ਸਿਰ ਵਿੱਚ ਚੌ ਮਾਰੀ।

* ਕੁੜਮੋਂ-ਕੁੜਮੀਂ ਬੁਰੀ ਹੋਈ ਐ

ਵਿਚੋਲੇ ਦੀ ਮਾਂ ਕੋਲੇ ਕੁੜੀ ਹੋਈ ਐ।

ਵਿਆਹ ਸਮੇਂ ਸਾਲੀਆਂ ਆਪਣੇ ਜੀਜੇ ਨੂੰ ਵੀ ਘੇਰਦੀਆਂ ਹਨ। ਸਭ ਤੋਂ ਪਹਿਲਾਂ ਉਸ ਨੂੰ ਬੂਹੇ ’ਤੇ ਘੇਰ ਕੇ ਉਸ ਤੋਂ ਲਾਗ ਮੰਗਦੀਆਂ ਹਨ ਤੇ ਨਾਲ ਹੀ ਵਿਅੰਗਮਈ ਗੀਤ ਗਾ ਕੇ ਉਸ ਨੂੰ ਸ਼ਰਮਸਾਰ ਕਰਦੀਆਂ ਹਨ। ਫਿਰ ਲਾੜੇ ਨੂੰ ਮੱਠੜੀਆਂ ਸਮੇਂ ਬਿਠਾ ਕੇ ਸਿੱਠਣੀਆਂ ਦਿੰਦੀਆਂ ਹਨ:

* ਚੱਬ-ਚੱਬ ਵੇ ਲਾੜਿਆ ਮੱਠੜੀਆਂ।

ਤੇਰੀ ਭੈਣਾ ਵਿਕੇਂਦੀ ਹੱਟੜੀਆਂ।

* ਜੀਜਾ ਖੜ੍ਹਾ ਵੇ ਖੜੋਤਾ ਤੇਰਾ ਲੱਕ ਥੱਕ ਜੂ।

ਪਿੱਛੇ ਭੈਣਾਂ ਨੂੰ ਖੜ੍ਹਾ ਲੈ ਵੇ ਸਹਾਰਾ ਲੱਗ ਜੂ।

ਜੰਨ ਵਿੱਚ ਜੇ ਕੋਈ ਜ਼ਿਆਦਾ ਚਾਂਭਲ ਕੇ ਮੁੱਛਾਂ ਨੂੰ ਵੱਟ ਦਿੰਦਾ ਹੈ ਤਾਂ ਅਜਿਹਾ ਜਾਨੀ ਵੀ ਮੇਲਣਾਂ ਦੇ ਨਿਸ਼ਾਨੇ ’ਤੇ ਚੜ੍ਹ ਜਾਂਦਾ ਹੈ। ਉਸ ਦੀਆਂ ਹਰਕਤਾਂ ਨੂੰ ਦੇਖ ਕੇ ਕੋਈ ਔਰਤ ਕਹਿ ਉਠਦੀ ਹੈ:

ਮੁੱਛਾਂ ਵੇ ਤੇਰੀਆਂ ਲੰਮੀਆਂ (ਨਾਭੀ ਪੱਗ ਵਾਲਿਆ),

ਜਿਉਂ ਬਿੱਲੀ ਦੀ ਵੇ ਪੂਛ।

ਕੈਂਚੀ ਲੈ ਕੇ ਕੱਟ ਦਿਆਂ

ਤੈਨੂੰ ਮਣ-ਮਣ ਚੜ੍ਹਜੇ ਰੂਪ।

ਜੰਨ ਬੰਨ੍ਹਣ ਦਾ ਸੰਕਲਪ ਵੀ ਇਨ੍ਹਾਂ ਸਿੱਠਣੀਆਂ ਵਿੱਚੋਂ ਹੀ ਰੂਪਮਾਨ ਹੋਇਆ ਹੈ। ਬਰਾਤ ਨੂੰ ਰੋਟੀ ਖਾਣ ਤੋਂ ਪਹਿਲਾਂ ਸਿੱਠਣੀਆਂ ਰਾਹੀਂ ਰੋਟੀ ਖਾਣ ਤੋਂ ਰੋਕ ਦਿੱਤਾ ਜਾਂਦਾ ਸੀ। ਇਸ ਨੂੰ ‘ਜੰਨ ਬੰਨ੍ਹਣੀ’ ਕਹਿੰਦੇ ਸਨ। ਜੰਨ ਛੁਡਾਉਣ ਦੇ ਬਹਾਨੇ ਜਾਨੀਆਂ ਦੀ ਵਿਦਵਤਾ ਪਰਖੀ ਜਾਂਦੀ ਸੀ। ਜਾਨੀਆਂ ਤੋਂ ਉਸ ਔਰਤ ਦੇ ਕਾਵਿ-ਰੂਪ ਦਾ ਜੁਆਬ ਮੰਗਿਆ ਜਾਂਦਾ ਸੀ। ਫਿਰ ਕੋਈ ਬਰਾਤੀ ਖੜ੍ਹਾ ਹੋ ਕੇ ਇਸ ਦਾ ਜੁਆਬ ਦਿੰਦਾ ਸੀ ਜਿਸ ਨੂੰ ‘ਜੰਨ ਛੁਡਾਉਣੀ’ ਕਿਹਾ ਜਾਂਦਾ ਸੀ। ਇਸ ਤਰ੍ਹਾਂ ਸਥਿਤੀ ਦਿਲਚਸਪ ਤੇ ਹਾਸੋਹੀਣੀ ਹੋ ਜਾਂਦੀ ਸੀ:

ਲੱਡੂ, ਪੇੜੇ, ਬਰਫ਼ੀ ਪਤੀਲੇ ਥਾਲੀਆਂ।

ਗੜਵੇ, ਗਿਲਾਸ ਬੰਨ੍ਹ ਦਿਆਂ ਪਿਆਲੀਆਂ।

ਬੰਨ੍ਹਾਂ ਘਿਓ ਖੰਡ ਵਿੱਚ ਪਾਏ ਥਾਲ ਵੇ।

ਬੰਨ੍ਹਾਂ ਤੇਰੇ ਮਿੱਤਰ ਪਿਆਰੇ ਨਾਲ ਦੇ।

ਬੰਨ੍ਹਾਂ ਥੋਡੀ ਮਾਸੀ ਤਿੱਖੇ-ਤਿੱਖੇ ਨੈਣ ਵੇ।

ਬੰਨ੍ਹਾਂ ਥੋਡੀ ਭੂਆ ਤੇ ਭਤੀਜੀ ਭੈਣ ਵੇ।

ਇਸ ਤਰ੍ਹਾਂ ਇਸ ਕਾਵਿ-ਰੂਪ ਨੂੰ ਹੋਰ ਲੰਮਾ ਕਰਕੇ ਹਾਸਰਸ ਦੀ ਵੰਨਗੀ ਵਜੋਂ ਪੇਸ਼ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਜੰਨ ਵਿੱਚੋਂ ਕੋਈ ਸੱਜਣ ਉੱਠ ਕੇ ਇਸ ਬੰਨ੍ਹੀ ਹੋਈ ਜੰਨ ਨੂੰ ਛੁਡਾਉਣ ਦੇ ਮੰਤਵ ਨਾਲ ਇਸ ਕਾਵਿ-ਰੂਪ ਦਾ ਜੁਆਬ ਦਿੰਦਾ ਸੀ:

ਲੱਡੂ ਪੇੜੇ ਬਰਫ਼ੀ ਛੁਡਾਵਾਂ ਘਿਓਰ ਨੀਂ।

ਸੱਸ ਤੇ ਪ੍ਰਾਹੁਣਾ ਤੇਰਾ ਬੰਨ੍ਹਾਂ ਦਿਓਰ ਨੀਂ।

ਛੁੱਟ ਗਏ ਪਕੌੜੇ ਸਣੇ ਤੇਲ ਮੱਠੀਆਂ।

ਬੰਨ੍ਹ ਦੇਵਾਂ ਨਾਰੀਆਂ ਤਮਾਮ ’ਕੱਠੀਆਂ।

ਛੁੱਟ ਗਏ ਸ਼ੱਕਰਪਾਰੇ ਦੁੱਧ ਘਿਓ ਨੀਂ।

ਮਾਤਾ ਭੈਣ ਭਾਈ ਤੇਰਾ ਬੰਨ੍ਹਾਂ ਪਿਓ ਨੀਂ।

ਹੌਲੀ-ਹੌਲੀ ਇਸ ਪਰੰਪਰਾ ਵਿੱਚ ਅਸ਼ਲੀਲਤਾ ਭਾਰੂ ਹੁੰਦੀ ਗਈ ਤੇ ਇਹ ਪਰੰਪਰਾ ਵੀ ਖਤਮ ਹੋ ਗਈ। ਫਿਰ ਇਨ੍ਹਾਂ ਸਿੱਠਣੀਆਂ ਨੇ ਨਾਨਕਿਆਂ ਤੇ ਦਾਦਕਿਆਂ ਦੇ ਮੇਲ ਸਮੇਂ ਗਿੱਧੇ ਦੇ ਰੂਪ ਵਿੱਚ ਆਪਣੀ ਥਾਂ ਬਣਾ ਲਈ:

* ਨਾਨਕੇ ਖੁੱਡ ਵੜ ਗਏ, ਕੱੱਢ ਲਓ ਬੀਨ ਵਜਾ ਕੇ।

* ਜੇ ਮਾਮੀ ਤੈਨੂੰ ਨੱਚਣਾ ਨ੍ਹੀਂ ਆਉਂਦਾ,

ਮੇਲ ਕਾਸਤੋਂ ਆਈ ਐਂ।

ਡਾਰ ਜੁਆਕਾਂ ਦੀ,

ਨਾਲ ਕਾਸਤੋਂ ਲਿਆਈ ਐਂ।

ਫਿਰ ਘੱਟ ਨਾਨਕੇ ਵੀ ਨਹੀਂ ਹੁੰਦੇ। ਉਹ ਵੀ ਇਨ੍ਹਾਂ ਬੋਲਾਂ ਦਾ ਭਰਵਾਂ ਜੁਆਬ ਦਿੰਦੇ ਹਨ ਕਿਉਂਕਿ ਨਾਨਕਾ ਮੇਲ ਵੀ ਅਜਿਹੇ ਸਮੇਂ ਪੂਰੀ ਤਿਆਰੀ ਕਰਕੇ ਆਉਂਦਾ ਸੀ:

* ਦਾਦਕਿਆਂ ਦਾ ਕੁੱਪ ਬੰਨ੍ਹ ਦਿਓ

ਪੀਲੀ ਮਿੱਟੀ ਦਾ ਫੇਰ ਦਿਓ ਪੋਚਾ।

* ਸਿੱਠਣੀਆਂ ਦੇਣ ਸਮੇਂ ਸਿੱਠਣੀਕਾਰ ਭਾਵੇਂ ਦੂਜੀ ਧਿਰ ਨੂੰ ਅਯੋਗ ਤੇ ਅਸ਼ਲੀਲ ਸ਼ਬਦਾਂ ਨਾਲ ਸਿਰਫ਼ ਠਿੱਠ ਹੀ ਨਹੀਂ ਕਰਦੀ ਸਗੋਂ ਉਹ ਆਪਣੇ ਵੱਲੋਂ ਕੀਤੇ ਗਏ ਕਾਵਿਮਈ ਸੁਆਲਾਂ ਦਾ ਜੁਆਬ ਵੀ ਉਸੇ ਰੂਪ ਵਿੱਚ ਉਡੀਕ ਕੇ ਸੁਆਦ-ਸੁਆਦ ਹੋਣਾ ਲੋਚਦੀ ਹੈ। ਪੈਲੇਸ-ਕਲਚਰ ਨੇ ਸਾਡੇ ਵਿਆਹਾਂ ਵਿੱਚ ਨਿਭਾਈਆਂ ਜਾ ਰਹੀਆਂ ਇਨ੍ਹਾਂ ਕੀਮਤੀ ਪਰੰਪਰਾਵਾਂ ਦਾ ਖਾਤਮਾ ਕਰ ਦਿੱਤਾ ਹੈ। ਹੁਣ ਸਿਰਫ਼ ਜਾਗੋ ਦੇ ਰੂਪ ਵਿੱਚ ‘ਨਾਨਕੇ ਮੇਲ’ ਦੀ ਆਮਦ ਪਿੰਡਾਂ ਵਿੱਚ ਕੁਝ ਜਿਊਂਦੀ ਹੈ ਪ੍ਰੰਤੂ ਇਸ ’ਤੇ ਵੀ ਹੁਣ ਡੀਜੇ ਕਲਚਰ ਦਾ ਬਾਜ਼ਾਰੀ ਰੂਪ ਚੜ੍ਹਦਾ ਜਾ ਰਿਹਾ ਹੈ।

ਸਾਂਝਾ ਕਰੋ