ਸਟਾਕਹੋਮ (ਸਵੀਡਨ): ਇਸ ਸਾਲ ਦੇ ਭੌਤਿਕ ਵਿਗਿਆਨ ਦੇ ਨੋਬੇਲ ਪੁਰਸਕਾਰ ਲਈ ਜਾਪਾਨ, ਜਰਮਨੀ ਤੇ ਇਟਲੀ ਦੇ ਤਿੰਨ ਵਿਗਿਆਨੀਆਂ ਨੂੰ ਚੁਣਿਆ ਗਿਆ ਹੈ। ਸਿਉਕੂਰੋ ਮਨਾਬੇ (90) ਤੇ ਕਲਾਸ ਹੈਸਲਮੈਨ (89) ਨੂੰ ‘ਧਰਤੀ ਦੇ ਪੌਣਪਾਣੀ ਦੀ ਭੌਤਿਕ ‘ਮਾਡਲਿੰਗ’, ਆਲਮੀ ਤਪਸ਼ ਦੀ ਪੇਸ਼ੀਨਗੋਈ ਦੀ ਪਰਿਵਰਤਨਸ਼ੀਲਤਾ ਤੇ ਪ੍ਰਮਾਣਿਕਤਾ ਮਾਪਣ’ ਖੇਤਰ ਵਿੱਚ ਕੀਤੇ ਕਾਰਜਾਂ ਲਈ ਚੁਣਿਆ ਗਿਆ ਹੈ। ਪੁਰਸਕਾਰ ਦੇ ਦੂਜੇ ਹਿੱਸੇ ਲਈ ਜਾਰਜੀਓ ਪਾਰਿਸੀ (73) ਨੂੰ ਚੁਣਿਆ ਗਿਆ ਹੈ। ਉਨ੍ਹਾਂ ਨੂੰ ‘ਪਰਮਾਣੂ ਤੋਂ ਲੈ ਕੇ ਗ੍ਰਹਿਆਂ ਦੇ ਪੈਮਾਨਿਆਂ ਤੱਕ ਭੌਤਿਕ ਪ੍ਰਣਾਲੀਆਂ ਵਿੱਚ ਵਿਕਾਰ ਤੇ ਉਤਾਰ ਚੜ੍ਹਾਅ ਦੀ ਪ੍ਰਸਪਰ ਕਿਰਿਆ ਦੀ ਖੋਜ’ ਲਈ ਚੁਣਿਆ ਗਿਆ ਹੈ।
ਚੋਣ ਮੰਡਲ ਨੇ ਕਿਹਾ ਕਿ ਮਨਾਬੇ ਤੇ ਹੈਸਲਮੈਨ ਨੇ ‘ਧਰਤੀ ਦੇ ਪੌਣਪਾਣੀ ਅਤੇ ਮਨੁੱਖ ਦੇ ਇਸ ’ਤੇ ਅਸਰ ਬਾਰੇ ਸਾਡੇ ਗਿਆਨ ਦੀ ਬੁਨਿਆਦ ਰੱਖੀ।’ ਮਨਾਬੇ ਨੇ 1960 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਦਰਸਾਇਆ ਸੀ ਕਿ ਵਾਤਾਵਰਨ ਵਿੱਚ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧਣ ਨਾਲ ਆਲਮੀ ਤਾਪਮਾਨ ਕਿਵੇਂ ਵਧੇਗਾ ਤੇ ਇਸ ਤਰ੍ਹਾਂ ਉਨ੍ਹਾਂ ਨੇ ਮੌਜੂਦਾ ਪੌਣਪਾਣੀ ਮਾਡਲ ਦੀ ਬੁਨਿਆਦ ਰੱਖੀ ਸੀ। ਇਸ ਤੋਂ ਕਰੀਬ ਇਕ ਦਹਾਕੇ ਮਗਰੋਂ ਹੈਸਲਮੈਨ ਨੇ ਇਕ ਮਾਡਲ ਬਣਾਇਆ, ਜਿਸ ਵਿੱਚ ਮੌਸਮ ਤੇ ਪੌਣਪਾਣੀ ਨੂੰ ਜੋੜਿਆ ਗਿਆ। ਇਸ ਨਾਲ ਇਹ ਸਮਝਣ ਵਿੱਚ ਮਦਦ ਮਿਲੀ ਕਿ ਮੌਸਮ ਦੇ ਤੇਜ਼ੀ ਨਾਲ ਬਦਲਾਅ ਵਾਲੇ ਸੁਭਾਅ ਦੇ ਬਾਵਜੂਦ ਪੌਣਪਾਣੀ ਸਬੰਧੀ ਮਾਡਲ ਕਿਸ ਤਰ੍ਹਾਂ ਪ੍ਰਮਾਣਿਕ ਹੋ ਸਕਦਾ ਹੈ। ਉਨ੍ਹਾਂ ਪੌਣਪਾਣੀ ’ਤੇ ਮਨੁੱਖ ਦੇ ਅਸਰ ਦੇ ਵਿਸ਼ੇਸ਼ ਸੰਕੇਤਾਂ ਦਾ ਪਤਾ ਕਰਨ ਦੇ ਤਰੀਕੇ ਦੀ ਖੋਜ ਵੀ ਕੀਤੀ। ਪਾਰਿਸੀ ਨੇ ਇਕ ਭੌਤਿਕੀ ਤੇ ਗਣਿਤ ਆਧਾਰਿਤ ਮਾਡਲ ਤਿਆਰ ਕੀਤਾ ਜਿਸ ਨਾਲ ਗੁੰਝਲਦਾਰ ਪ੍ਰਣਾਲੀਆਂ ਨੂੰ ਸਮਝਣ ਵਿੱਚ ਮਦਦ ਮਿਲੀ।
ਰਸਾਇਣ ਵਿਗਿਆਨ
ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ ਜਰਮਨੀ ਦੇ ਵਿਗਿਆਨੀ ਬੈਂਜਾਮਿਨ ਲਿਸਟ (ਮੈਕਸ ਪਲੈਂਕ ਇੰਸਟੀਚਿਊਟ) ਅਤੇ ਸਕਾਟਲੈਂਡ ’ਚ ਜਨਮੇ ਵਿਗਿਆਨੀ ਡੇਵਿਡ ਡਬਲਿਊਸੀ ਮੈਕਮਿਲਨ (ਪ੍ਰਿੰਸਟਨ ਯੂਨੀਵਰਸਿਟੀ) ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਅਣੂਆਂ ਦੇ ਨਿਰਮਾਣ ਦਾ ਸਰਲ ਅਤੇ ਨਵਾਂ ਰਾਹ ਲੱਭਣ ਲਈ ਦੋਵੇਂ ਵਿਗਿਆਨੀਆਂ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਅਣੂਆਂ ਦੇ ਨਿਰਮਾਣ ਦੇ ਇਸ ਨਵੇਂ ਤਰੀਕੇ ਦੀ ਵਰਤੋਂ ਦਵਾਈਆਂ ਤੋਂ ਲੈ ਕੇ ਭੋਜਨ ਦੇ ਸੁਆਦ ਤੱਕ ਸਾਰਾ ਕੁਝ ਬਣਾਉਣ ਲਈ ਕੀਤਾ ਜਾ ਸਕਦਾ ਹੈ। ਇਸ ਤਰੀਕੇ ਰਾਹੀਂ ਵਿਗਿਆਨੀਆਂ ਨੂੰ ਅਣੂਆਂ ਨੂੰ ਵਧੇਰੇ ਕਿਫਾਇਤੀ, ਕੁਸ਼ਲਤਾਪੂਰਵਕ, ਸੁਰੱਖਿਅਤ ਤੌਰ ਨਾਲ ਹੋਰ ਘੱਟ ਵਾਤਾਵਰਨ ਅਸਰ ਨਾਲ ਉਤਪਾਦਨ ਕਰਨ ਦੀ ਮਨਜ਼ੂਰੀ ਮਿਲੀ ਹੈ। ਨੋਬੇਲ ਕਮੇਟੀ ਦੇ ਮੈਂਬਰ ਪਰਨਿਲਾ ਵਿਟੁੰਗ ਸਟਾਫਸ਼ੇਡ ਨੇ ਕਿਹਾ ਕਿ ਇਸ ਦਾ ਲਾਹਾ ਪਹਿਲਾਂ ਤੋਂ ਹੀ ਮਨੁੱਖਤਾ ਨੂੰ ਮਿਲ ਰਿਹਾ ਹੈ। ਲਿਸਟ ਨੇ ਨੋਬੇਲ ਪੁਰਸਕਾਰ ਮਿਲਣ ’ਤੇ ਵੱਡੀ ਹੈਰਾਨੀ ਜਤਾਈ ਅਤੇ ਕਿਹਾ ਕਿ ਉਸ ਨੂੰ ਇਸ ਵੱਕਾਰੀ ਪੁਰਸਕਾਰ ਦੀ ਉਮੀਦ ਨਹੀਂ ਸੀ। ਉਹ ਐਮਸਟਰਡਮ ’ਚ ਪਰਿਵਾਰ ਨਾਲ ਛੁੱਟੀਆਂ ਮਨਾ ਰਿਹਾ ਸੀ ਜਦੋਂ ਸਵੀਡਨ ਤੋਂ ਪੁਰਸਕਾਰ ਮਿਲਣ ਦੀ ਉਸ ਨੂੰ ਖ਼ਬਰ ਮਿਲੀ।