ਪ੍ਰਗਨਾਨੰਦਾ ਨੇ ਵਿਦਿਤ ਨੂੰ ਦਿੱਤੀ ਮਾਤ

ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਥੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਹਮਵਤਨ ਵਿਦਿਤ ਗੁਜਰਾਤੀ ਨੂੰ ਹਰਾ ਦਿੱਤਾ। ਪ੍ਰਗਨਾਨੰਦਾ ਦੀ ਵੱਡੀ ਭੈਣ ਆਰ ਵੈਸ਼ਾਲੀ ਨੇ ਵੀ ਬੁਲਗਾਰੀਆ ਦੀ ਨੁਰਗਯੁਲ ਸਾਲੀਮੋਵਾ ਨੂੰ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਇਸ ਤਰ੍ਹਾਂ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਭੈਣ-ਭਰਾ ਦੀ ਜੋੜੀ ਲਈ ਇਹ ਚੰਗਾ ਦਿਨ ਰਿਹਾ। ਮਹਿਲਾ ਵਰਗ ’ਚ ਸਿਰਫ਼ ਇਸ ਮੈਚ ਦਾ ਹੀ ਨਤੀਜਾ ਨਿਕਲਿਆ। ਬਾਕੀ ਮੈਚ ਡਰਾਅ ਰਹੇ।ਪੁਰਸ਼ ਵਰਗ ’ਚ ਡੀ. ਗੁਕੇਸ਼ ਰੂਸ ਦੇ ਇਆਨ ਨੇਪੋਮਨੀਆਚੀ ਦੇ ਮਜ਼ਬੂਤ ਡਿਫੈਂਸ ਨੂੰ ਤੋੜਨ ’ਚ ਅਸਫਲ ਰਿਹਾ ਜਦਕਿ ਫਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਨੇ ਅਮਰੀਕਾ ਦੇ ਸਿਖਰਲਾ ਦਰਜਾ ਪ੍ਰਾਪਤ ਫੈਬੀਆਨੋ ਕਾਰੂਆਨਾ ਨਾਲ ਡਰਾਅ ਖੇਡਿਆ। ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਇਕ ਹੋਰ ਅਮਰੀਕੀ ਹਿਕਾਰੂ ਨਾਕਾਮੁਰਾ ਨੇ ਅਜ਼ਰਬਾਇਜਾਨ ਦੇ ਨਿਜ਼ਾਤ ਅੱਬਾਸੋਵ ਨਾਲ ਡਰਾਅ ਖੇਡਿਆ। ਮਹਿਲਾ ਵਰਗ ਵਿੱਚ ਭਾਰਤ ਦੀ ਕੋਨੇਰੂ ਹੰਪੀ ਨੇ ਸਫ਼ੈਦ ਮੋਹਰਿਆਂ ਨਾਲ ਖੇਡਦਿਆਂ ਚੀਨ ਦੀ ਟੈਨ ਜ਼ੋਂਗਈ ਨੂੰ ਡਰਾਅ ’ਤੇ ਰੋਕਿਆ। ਚੀਨ ਦੀ ਟਿੰਜੀ ਲੇਈ ਨੇ ਰੂਸ ਦੀ ਅਲੈਗਜ਼ੈਂਡਰਾ ਗੋਰਿਆਚਕੀਨਾ ਨਾਲ ਅੰਕ ਸਾਂਝੇ ਕੀਤੇ। ਰੂਸ ਦੀ ਕੈਟਰੀਨਾ ਲੇਗਨੋ ਅਤੇ ਯੂਕਰੇਨ ਦੀ ਐਨਾ ਮੁਜ਼ਿਚੁਕ ਵਿਚਾਲੇ ਖੇਡਿਆ ਗਿਆ ਮੈਚ ਵੀ ਡਰਾਅ ਰਿਹਾ। ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਵਿੱਚ 8-8 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਇਸ ਡਬਲ ਰਾਊਂਡ ਰੌਬਿਨ ਟੂਰਨਾਮੈਂਟ ਵਿੱਚ 11 ਰਾਊਂਡ ਬਾਕੀ ਹਨ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...