ਸੰਜੀਵਨ ਦੀ ਨਾਟ-ਪੁਸਤਕ ‘ਸਰਦਾਰ’ ਰਿਲੀਜ਼

ਇਥੋਂ ਦੇ ਪੰਜਾਬ ਕਲਾ ਭਵਨ ਸੈਕਟਰ-16 ਵਿੱਚ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜ਼ਿੰਦਗੀ ਦੇ ਅਣਛੋਹੇ ਪਲਾਂ ਤੇ ਘਟਨਾਵਾਂ ਦੀ ਗੱਲ ਕਰਦੀ ਸੰਜੀਵਨ ਸਿੰਘ ਦੀ ਨਾਟ ਪੁਸਤਕ ‘ਸਰਦਾਰ’ ਦਾ ਲੋਕ ਅਰਪਣ ਦਵਿੰਦਰ ਦਮਨ, ਪਾਲੀ ਭੁਪਿੰਦਰ, ਡਾ. ਦਵਿੰਦਰ ਕੁਮਾਰ ਅਤੇ ਲੇਖਕ ਸੰਜੀਵਨ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਨਾਟਕਕਾਰ ਦਵਿੰਦਰ ਦਮਨ ਨੇ ਕੀਤੀ। ਮੁੱਖ ਮਹਿਮਾਨ ਪਾਲੀ ਭੁਪਿੰਦਰ ਸਨ। ਡਾ. ਦਵਿੰਦਰ ਕੁਮਾਰ ਨੇ ਨਾਟ ਪੁਸਤਕ ‘ਸਰਦਾਰ’ ਬਾਰੇ ਪਰਚਾ ਪੜ੍ਹਦਿਆਂ ਕਿਹਾ ਕਿ ਨਾਟਕ ਵਿਚਲੀਆਂ ਘਟਨਵਾਂ ਸੱਚ ਹਨ। ਪਾਲੀ ਭੁਪਿੰਦਰ ਨੇ ਕਿਹਾ ਕਿ ਸੰਜੀਵਨ ਆਪਣੇ ਦਾਦਾ ਗਿਆਨੀ ਈਸ਼ਰ ਸਿੰਘ ਦਰਦ, ਤਾਇਆ ਸੰਤੋਖ ਸਿੰਘ ਧੀਰ ਅਤੇ ਪਿਤਾ ਰਿਪੁਦਮਨ ਸਿੰਘ ਰੂਪ ਦੀ ਸਾਹਿਤਕ ਤੇ ਸਭਿਆਚਾਰਕ ਵਿਰਾਸਤ ਨੂੰ ਅੱਗੇ ਤੋਰ ਰਿਹਾ ਹੈ। ਲੇਖਕ ਸੰਜੀਵਨ ਸਿੰਘ ਨੇ ਕਿਹਾ ਕਿ ਭਗਤ ਸਿੰਘ ਦੀ ਜ਼ਿੰਦਗੀ ’ਤੇ ਅਧਾਰਿਤ ਕਈ ਨਾਟਕਾਂ ਲਿਖੇ ਗਏ ਅਤੇ ਫਿਲਮਾਂ ਵੀ ਬਣੀਆਂ, ਜਿਨ੍ਹਾਂ ਵਿਚ ਭਗਤ ਸਿੰਘ ਦੀ ਇਕੋ ਕਿਸਮ ਦੀ ਦਿੱਖ ਮਿਲਦੀ ਹੈ। ਬਿਨ੍ਹਾਂ ਪਿਸਤੌਲ ਤੋਂ ਅਸੀਂ ਭਗਤ ਸਿੰਘ ਦਾ ਤੱਸਵਰ ਵੀ ਨਹੀਂ ਕਰ ਸਕਦੇ ਪਰ ਮੈਂ ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੀਆਂ ਉਨ੍ਹਾਂ ਘਟਨਾਵਾਂ ਨੂੰ ਦੁਹਰਾਉਂਣ ਤੋਂ ਗੁਰੇਜ਼ ਕੀਤਾ ਹੈ, ਜਿਨ੍ਹਾਂ ਤੋਂ ਆਮ ਲੋਕ ਜਾਣੂ ਹਨ। ਦਵਿੰਦਰ ਦਮਨ ਨੇ ਵੀ ਵਿਚਾਰ ਸਾਂਝੇ ਕੀਤੇ। ਲੇਖਕਾਂ ਅਤੇ ਨਾਟ ਕਰਮੀਆਂ ਦੀ ਭਰਵੀਂ ਹਾਜ਼ਰੀ ਵਿੱਚ ਮੰਚ ਸੰਚਾਲਨ ਸ਼ਇਰਾ ਤੇ ਰੰਗਮੰਚ ਅਦਾਕਾਰਾ ਦਵਿੰਦਰ ਕੌਰ ਢਿੱਲੋਂ ਨੇ ਕੀਤਾ।

ਸਾਂਝਾ ਕਰੋ