ਗੁਜਰਾਤ ਨੇ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾਇਆ

ਤਜਰਬੇਕਾਰ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ (25 ਦੌੜਾਂ ’ਤੇ ਤਿੰਨ ਵਿਕਟਾਂ) ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਡੇਵਿਡ ਮਿਲਰ ਦੀ ਨਾਬਾਦ 44 ਦੌੜਾਂ ਦੀ ਹਮਲਾਵਰ ਪਾਰੀ ਦੀ ਬਦੌਲਤ ਗੁਜਰਾਤ ਟਾਈਟਨਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ‘ਪਲੇਅਰ ਆਫ ਦਿ ਮੈਚ’ ਚੁਣੇ ਗਏ ਮੋਹਿਤ ਸ਼ਰਮਾ ਨੇ ਆਖਰੀ ਓਵਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਦਕਿ ਅਫਗਾਨਿਸਤਾਨ ਦੇ ਸਪਿੰਨਰਾਂ ਰਾਸ਼ਿਦ ਖਾਨ ਅਤੇ ਨੂਰ ਅਹਿਮਦ ਨੇ ਵਿਚਕਾਰਲੇ ਓਵਰਾਂ ਵਿੱਚ ਚੰਗੀ ਗੇਂਦਬਾਜ਼ੀ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਠ ਵਿਕਟਾਂ ’ਤੇ 162 ਦੌੜਾਂ ਬਣਾਈਆਂ। ਟਾਈਟਨਜ਼ ਨੇ ਇਹ ਟੀਚਾ 19.1 ਓਵਰਾਂ ’ਚ ਤਿੰਨ ਵਿਕਟਾਂ ’ਤੇ 168 ਦੌੜਾਂ ਬਣਾ ਕੇ ਪੂਰਾ ਕਰ ਲਿਆ। ਮਾਸਪੇਸ਼ੀਆਂ ਵਿੱਚ ਖਿਚਾਅ ਦੇ ਬਾਵਜੂਦ ਮਿਲਰ ਨੇ 27 ਗੇਂਦਾਂ ਦੀ ਆਪਣੀ ਨਾਬਾਦ ਪਾਰੀ ਵਿੱਚ ਚਾਰ ਚੌਕੇ ਅਤੇ ਦੋ ਛੱਕੇ ਜੜੇ। ਉਸ ਨੇ ਸਾਈ ਸੁਦਰਸ਼ਨ (36 ਗੇਂਦਾਂ ਵਿੱਚ 45 ਦੌੜਾਂ) ਨਾਲ ਤੀਜੀ ਵਿਕਟ ਲਈ 64 ਦੌੜਾਂ ਦੀ ਭਾਈਵਾਲੀ ਕੀਤੀ।

ਸਨਰਾਈਜ਼ਰਜ਼ ਲਈ ਪੈਟ ਕਮਿਨਸ, ਮਯੰਕ ਮਾਰਕੰਡੇ ਅਤੇ ਸ਼ਾਹਬਾਜ਼ ਅਹਿਮਦ ਨੇ ਇੱਕ-ਇਕ ਵਿਕਟ ਲਈ। ਇਸ ਤੋਂ ਪਹਿਲਾਂ ਪਿਛਲੇ ਮੈਚ ’ਚ 277 ਦੌੜਾਂ ਬਣਾ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਪਾਵਰਪਲੇਅ ’ਚ ਇਕ ਵਿਕਟ ਗੁਆ ਕੇ 56 ਦੌੜਾਂ ਬਣਾਈਆਂ ਸਨ ਪਰ ਇਸ ਤੋਂ ਬਾਅਦ ਅਫਗਾਨਿਸਤਾਨ ਦੇ ਸਪਿੰਨਰਾਂ ਨੇ ਉਨ੍ਹਾਂ ਨੂੰ ਖੁੱਲ੍ਹ ਕੇ ਨਹੀਂ ਖੇਡਣ ਦਿੱਤਾ। ਨੂਰ ਨੇ 32 ਦੌੜਾਂ ’ਤੇ ਇਕ ਵਿਕਟ ਅਤੇ ਰਾਸ਼ਿਦ ਨੇ 33 ਦੌੜਾਂ ’ਤੇ ਇਕ ਵਿਕਟ ਲਈ| ਹੈਦਰਾਬਾਦ ਨੇ ਆਖਰੀ ਪੰਜ ਓਵਰਾਂ ’ਚ ਸਿਰਫ 40 ਦੌੜਾਂ ’ਤੇ ਪੰਜ ਵਿਕਟਾਂ ਗੁਆ ਦਿੱਤੀਆਂ। ਮੋਹਿਤ ਨੇ ਆਖਰੀ ਓਵਰਾਂ ’ਚ ਲਗਾਤਾਰ ਦੋ ਗੇਂਦਾਂ ’ਤੇ ਸ਼ਾਹਬਾਜ਼ ਅਹਿਮਦ (22) ਅਤੇ ਵਾਸ਼ਿੰਗਟਨ ਸੁੰਦਰ (0) ਨੂੰ ਆਊਟ ਕੀਤਾ। ਉਸ ਨੇ ਚਾਰ ਓਵਰਾਂ ਵਿੱਚ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਗੁਜਰਾਤ ਲਈ ਅਜ਼ਮਤੁੱਲ੍ਹਾ ਓਮਰਜ਼ਈ ਅਤੇ ਉਮੇਸ਼ ਯਾਦਵ ਨੇ ਵੀ ਇੱਕ-ਇੱਕ ਵਿਕਟ ਲਈ। ਇਸੇ ਤਰ੍ਹਾਂ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ ਚੇਨੱਈ ਸੁਪਰਕਿੰਗਜ਼ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਨੇ ਪੰਜ ਵਿਕਟਾਂ ’ਤੇ 191 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਚੇਨੱਈ ਛੇ ਵਿਕਟਾਂ ’ਤੇ 171 ਦੌੜਾਂ ਹੀ ਬਣਾ ਸਕੀ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...