ਛੋਟੇ ਪਰਦੇ ਨਾਲ ਜੁੜਿਆ ਦੇਵ ਖਰੌੜ ਅੱਜ ਵੱਡੇ ਪੰਜਾਬੀ ਪਰਦੇ ਦੀਆਂ ਐਕਸ਼ਨ ਫਿਲਮਾਂ ਦਾ ਬਣਿਆ ਨਾਮੀ ਨਾਇਕ

ਕਾਮੇਡੀ ਕਿਰਦਾਰਾਂ ਨਾਲ ਪੰਜਾਬੀ ਰੰਗਮੰਚ ਅਤੇ ਛੋਟੇ ਪਰਦੇ ਨਾਲ ਜੁੜਿਆ ਦੇਵ ਖਰੌੜ ਅੱਜ ਵੱਡੇ ਪੰਜਾਬੀ ਪਰਦੇ ਦੀਆਂ ਐਕਸ਼ਨ ਫਿਲਮਾਂ ਦਾ ਨਾਮੀ ਨਾਇਕ ਹੈ। ‘ਰੁਪਿੰਦਰ ਗਾਂਧੀ’, ‘ਡਾਕੂਆਂ ਦਾ ਮੁੰਡਾ’, ‘ਡੀਐੱਸਪੀ ਦੇਵ’, ‘ਕਾਕਾ ਜੀ’, ‘ਸ਼ਰੀਕ’, ‘ਬਲੈਕੀਆ’ ਅਤੇ ‘ਮੌੜ’ ਵਰਗੀਆਂ ਫਿਲਮਾਂ ਦੀ ਸਫਲਤਾ ਨੇ ਦੇਵ ਨੂੰ ਇਕ ਖ਼ਾਸ ਪਹਿਚਾਣ ਦਿੱਤੀ, ਜਿਸ ਕਾਰਨ ਉਹ ਅੱਜ ਪੰਜਾਬੀ ਸਿਨੇਮਾ ਦੇ ਐਕਸ਼ਨ ਹੀਰੋ ਵਜੋਂ ਜਾਣਿਆ ਜਾਂਦਾ ਹੈ। ਦੇਵ ਨੇ ਕਾਮੇਡੀਅਨ ਭਗਵੰਤ ਮਾਨ ਦੀਆਂ ਕਾਮੇਡੀ ਸਟੇਜਾਂ ਤੋਂ ਆਪਣੇ ਸਫਰ ਦਾ ਆਗਾਜ਼ ਕੀਤਾ ਸੀ। ਪਟਿਆਲਾ ਦੇ ਰਹਿਣ ਵਾਲੇ ਦੇਵ ਨੇ 2008 ਵਿਚ ਆਮ ਕਿਰਦਾਰਾਂ ਨਾਲ ਪੰਜਾਬੀ ਫਿਲਮਾਂ ਦੇ ਬੂਹੇ ਦਸਤਕ ਦਿੱਤੀ ਪਰ 2015 ਵਿਚ ਆਈ ਫਿਲਮ ‘ਰੁਪਿੰਦਰ ਗਾਂਧੀ’ ਨਾਲ ਉਸ ਦੀ ਵੱਖਰੀ ਪਛਾਣ ਬਣਨ ਲੱਗੀ। ਅੱਜ ਦੇਵ ਖਰੌੜ ਪੰਜਾਬੀ ਸਿਨੇਮਾ ਦਾ ਨਾਮੀ ਐਕਸ਼ਨ ਹੀਰੋ ਹੈ। ਪੰਜ ਸਾਲ ਪਹਿਲਾਂ ਆਈ ‘ਬਲੈਕੀਆ’ ਦੀ ਕਾਮਯਾਬੀ ਮਗਰੋਂ ਪਿਛਲੇ ਮਹੀਨੇ ਦੇਵ ਖਰੌੜ ਦੀ ਇਕ ਹੋਰ ਐਕਸ਼ਨ ਭਰਪੂਰ ਫਿਲਮ ‘ਬਲੈਕੀਆ 2’ ਆਈ, ਜਿਸ ਦੀ ਸਫਲਤਾ ਨੇ ਉਸ ਨੂੰ ਪੰਜਾਬੀ ਫਿਲਮਾਂ ਦਾ ਕਾਮਯਾਬ ਨਾਇਕ ਬਣਾ ਦਿੱਤਾ। ਇਸ ਫਿਲਮ ਦੀ ਕਹਾਣੀ ਦੇਵ ਖਰੌੜ ਨੇ ਖ਼ੁਦ ਲਿਖੀ ਹੈ। ਦੇਵ ਉਹ ਸਿਤਾਰਾ ਹੈ ਜੋ ਹਰ ਤਰ੍ਹਾਂ ਦੇ ਕਿਰਦਾਰ ਵਿਚ ਆਪਣੇ ਆਪ ਨੂੰ ਢਾਲਣ ਦੇ ਸਮਰੱਥ ਹੈ।

ਸਾਂਝਾ ਕਰੋ