ਪੀਵੀ ਸਿੰਧੂ ਮੈਡਰਿਡ ਮਾਸਟਰਜ਼ ਦੇ ਅਗਲੇ ਗੇੜ ਵਿੱਚ ਪੁੱਜੀ

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅੱਜ ਇੱਥੇ ਚੀਨੀ ਤਾਇਪੈ ਦੀ ਹੂਆਂਗ ਯੂ-ਸੁਨ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਮੈਡਰਿਡ ਸਪੇਨ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਪੀਵੀ ਸਿੰਧੂ ਨੇ 36 ਮਿੰਟਾਂ ਤੱਕ ਚੱਲੇ ਮੁਕਾਬਲੇ ਵਿੱਚ ਵਿਸ਼ਵ ਦੀ 63ਵਾਂ ਦਰਜਾ ਪ੍ਰਾਪਤ ਖਿਡਾਰਨ ਨੂੰ 21-14, 21-12 ਨਾਲ ਹਰਾ ਦਿੱਤਾ। ਹੁਣ ਉਹ ਅਗਲੇ ਗੇੜ ਵਿੱਚ ਥਾਇਲੈਂਡ ਦੀ ਸੁਪਾਨਿਦਾ ਕੇਟਥੌਂਗ ਜਾਂ ਜਾਪਾਨ ਦੀ ਨਤਸੁਕੀ ਨਿਦਾਇਰਾ ਨਾਲ ਭਿੜੇਗੀ। ਉਧਰ, ਭਾਰਤ ਦੇ ਐਮਆਰ ਅਰਜੁਨ ਅਤੇ ਧਰੁਵ ਕਪਿਲਾ ਦੀ ਜੋੜੀ ਸਕਾਟਲੈਂਡ ਦੇ ਕ੍ਰਿਸਟੋਫਰ ਗ੍ਰਿਮਲੀ ਅਤੇ ਮੈਥਿਊ ਗ੍ਰਿਮਲੀ ਨੂੰ 21-17, 21-19 ਨਾਲ ਹਰਾ ਕੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਬੀ. ਸੁਮਿਤ ਰੈਡੀ ਅਤੇ ਐੱਨ ਸਿੱਕੀ ਰੈਡੀ ਦੀ ਮਿਕਸਡ ਡਬਲਜ਼ ਜੋੜੀ ਨੇ ਅਮਰੀਕਾ ਦੇ ਪ੍ਰੇਸਲੀ ਸਮਿਥ ਅਤੇ ਐਲੀਸਨ ਲੀ ਨੂੰ 22-20 21-18 ਨਾਲ ਮਾਤ ਦੇ ਕੇ ਆਖ਼ਰੀ ਅੱਠ ’ਚ ਥਾਂ ਪੱਕੀ ਕੀਤੀ।

ਇਸੇ ਤਰ੍ਹਾਂ ਤਨੀਸ਼ਾ ਕ੍ਰੈਸਟੋ ਤੇ ਅਸ਼ਵਨੀ ਪੋਨੱਪਾ ਦੀ ਜੋੜੀ ਨੇ ਮਹਿਲਾ ਡਲਬਜ਼ ਵਿੱਚ ਆਸਟਰੇਲੀਆ ਦੀ ਜੋੜੀ ’ਤੇ 21-14, 21-8 ਨਾਲ ਜਿੱਤ ਦਰਜ ਕੀਤੀ। ਸਿੰਧੂ ਨੇ ਸ਼ੁਰੂਆਤੀ ਗੇਮ ਵਿਚ 3-0 ਦੀ ਲੀਡ ਬਣਾਈ ਸੀ ਪਰ ਇਸ ਮਗਰੋਂ ਉਸ ਨੇ ਕੁੱਝ ਸਮੇਂ ਲਈ ਲੈਅ ਗੁਆ ਲਈ। ਭਾਰਤੀ ਸਟਾਰ ਨੇ ਹਾਲਾਂਕਿ ਇਸ ਮਗਰੋਂ ਵਾਪਸੀ ਕੀਤੀ। ਪਿਛਲੇ ਦੋ ਹਫ਼ਤਿਆਂ ਵਿੱਚ ਆਲ ਇੰਗਲੈਂਡ ਚੈਂਪੀਅਨਸ਼ਿਪ ਤੇ ਸਵਿੱਸ ਓਪਨ ਵਿੱਚ ਖ਼ਿਤਾਬ ਜਿੱਤਣ ਵਾਲੀ ਸਿਖਰਲਾ ਦਰਜਾ ਪ੍ਰਾਪਤ ਸਪੇਨ ਦੀ ਕੈਰੋਲੀਨਾ ਮਾਰਿਨ ਦੇ ਟੂਰਨਾਮੈਂਟ ਤੋਂ ਹਟਣ ਮਗਰੋਂ ਪੀਵੀ ਸਿੰਧੂ ਚੈਂਪੀਅਨ ਬਣਨ ਦੀ ਮਜ਼ਬੂਤ ਦਾਅਵੇਦਾਰ ਹੈ। ਸਿੰਧੂ ਨੇ ਬੀਡਬਲਿਊਐੱਫ ਟੂਰ ’ਤੇ ਆਪਣਾ ਪਿਛਲਾ ਖ਼ਿਤਾਬ 2022 ਸਿੰਗਾਪੁਰ ਓਪਨ ਸੁਪਰ 500 ਵਿੱਚ ਜਿੱਤਿਆ ਸੀ।

ਸਾਂਝਾ ਕਰੋ