ਮਾਲਵੇ ਵਿੱਚ ਅੱਜ ਮੀਂਹ ਪੈਣ ਦੀ ਪਸ਼ੀਨਗੋਈ

ਮਾਲਵੇ ਵਿਚ ਭਲਕੇ 28 ਤੋਂ 30 ਮਾਰਚ ਤੱਕ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਕਣਕ ਦੀ ਫ਼ਸਲ ਪੱਕਣ ਲਈ ਤਿਆਰ ਹੈ ਜਦਕਿ ਕਿਸਾਨਾਂ ਨੇ ਸਰ੍ਹੋਂ ਦੀ ਫ਼ਸਲ ਵੱਢਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨ ਗਰਜ ਤੇ ਚਮਕ ਨਾਲ ਛਿੱਟੇ ਪੈ ਸਕਦੇ ਹਨ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਹਵਾ ਦੀ ਗਤੀ 35 ਤੋਂ 45 ਕਿਲੋਮੀਟਰ ਹੋਵੇਗੀ। ਮਾਹਿਰਾਂ ਅਨੁਸਾਰ ਪੱਛਮੀ ਗੜਬੜੀ ਕਾਰਨ ਸ਼ਨਿਚਰਵਾਰ ਤੱਕ ਮੌਸਮ ਖਰਾਬ ਰਹੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਦੱਸਿਆ ਕਿ ਭਲਕੇ 28 ਤੋਂ 30 ਮਾਰਚ ਦੌਰਾਨ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਣਕ ਅਤੇ ਜੌਂਅ ਦੀ ਫ਼ਸਲ ਨੂੰ ਪਾਣੀ ਨਾ ਲਾਉਣ।

ਉਨ੍ਹਾਂ ਕਿਹਾ ਕਿ ਸਰ੍ਹੋਂ ਦੀ ਵਾਢੀ ਵੀ ਕੁੱਝ ਦਿਨਾਂ ਲਈ ਮੁਲਤਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੇ ਪਹਿਲਾਂ ਹੀ ਸਰ੍ਹੋਂ ਦੀ ਕਟਾਈ ਕਰ ਲਈ ਹੈ ਤਾਂ ਨੁਕਸਾਨ ਤੋਂ ਬਚਾਅ ਲਈ ਉਪਜ ਨੂੰ ਤਰਪਾਲ ਨਾਲ ਢੱਕ ਕੇ ਸੁਰੱਖਿਅਤ ਥਾਵਾਂ ’ਤੇ ਰੱਖਣਾ ਚਾਹੀਦਾ ਹੈ। ਵਿਗਿਆਨੀ ਡਾ. ਜੀ.ਐੱਸ ਰੋਮਾਣਾ ਨੇ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਪਾਣੀ ਲਾਉਣ ਤੋਂ ਸੰਕੋਚ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੱਕ ਰਹੀ ਸਰ੍ਹੋਂ ਦੀ ਫ਼ਸਲ ਦੀ ਵਾਢੀ ਵੀ ਰੋਕ ਦੇਣਾ ਚਾਹੀਦਾ ਹੈ। ਇਸੇ ਦੌਰਾਨ ਮਾੜੇ ਮੌਸਮ ਨੂੰ ਵੇਖਦਿਆਂ ਬਹੁਤੀਆਂ ਥਾਵਾਂ ’ਤੇ ਕਿਸਾਨਾਂ ਨੇ ਸਰੋਂ ਦੀ ਫ਼ਸਲ ਨੂੰ ਤੇਜ਼ੀ ਨਾਲ ਵੱਢਣਾ ਆਰੰਭ ਕਰ ਦਿੱਤਾ ਹੈ ਤਾਂ ਜੋ ਤੇਜ਼ ਝਖੇੜੇ ਨਾਲ ਫ਼ਸਲ ਧਰਤੀ ’ਤੇ ਨਾ ਵਿਛ ਸਕੇ।

ਸਾਂਝਾ ਕਰੋ