ਭਾਜਪਾ ਨੇ ਪੀਲੀਭੀਤ ਤੋਂ ਵਰੁਣ ਗਾਂਧੀ ਨੂੰ ਨਹੀਂ ਦਿੱਤੀ ਟਿਕਟ

ਇਸ ਵਾਰ ਪੀਲੀਭੀਤ ਦੇ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਵਰੁਣ ਗਾਂਧੀ ਲੋਕ ਸਭਾ ਚੋਣਾਂ ’ਚ ਉਮੀਦਵਾਰ ਵਜੋਂ ਨਹੀਂ ਦਿਖਾਈ ਦੇਣਗੇ। ਪਾਰਟੀ ਨੇ ਇਸ ਵਾਰ ਇੱਥੋਂ ਜਿਤਿਨ ਪ੍ਰਸਾਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਤੋਂ ਬਾਅਦ ਹੁਣ ਵਰੁਣ ਗਾਂਧੀ ਨੇ ਪੀਲੀਭੀਤ ਦੇ ਲੋਕਾਂ ਨੂੰ ਬਹੁਤ ਹੀ ਭਾਵੁਕ ਚਿੱਠੀ ਲਿਖੀ ਹੈ। ਇਸ ’ਚ ਉਨ੍ਹਾਂ ਕਿਹਾ ਕਿ ਭਾਵੇਂ ਪੀਲੀਭੀਤ ਨਾਲ ਸੰਸਦ ਮੈਂਬਰ ਦੇ ਤੌਰ ’ਤੇ ਮੇਰਾ ਰਿਸ਼ਤਾ ਖ਼ਤਮ ਹੋ ਰਿਹਾ ਹੈ ਪਰ ਇਹ ਹਮੇਸ਼ਾ ਪਰਿਵਾਰ ਵਾਂਗ ਹੀ ਰਹੇਗਾ।ਪੀਲੀਭੀਤ ਦੇ ਲੋਕਾਂ ਨੂੰ ਸਲਾਮ ਕਰਦੇ ਹੋਏ ਵਰੁਣ ਗਾਂਧੀ ਨੇ ਲਿਖਿਆ ਕਿ ਇਹ ਚਿੱਠੀ ਲਿਖਦੇ ਸਮੇਂ ਅਣਗਿਣਤ ਯਾਦਾਂ ਨੇ ਮੈਨੂੰ ਭਾਵੁਕ ਕਰ ਦਿੱਤਾ ਹੈ। ਮੈਨੂੰ ਯਾਦ ਹੈ ਉਹ 3 ਸਾਲ ਦਾ ਬੱਚਾ ਜੋ ਪਹਿਲੀ ਵਾਰ 1983 ਵਿੱਚ ਆਪਣੀ ਮਾਂ ਦੀ ਉਂਗਲ ਫੜ ਕੇ ਪੀਲੀਭੀਤ ਆਇਆ ਸੀ।

ਉਸ ਨੇ ਕਿਹਾ ਕਿ ਮੈਨੂੰ ਉਦੋਂ ਕਿਵੇਂ ਪਤਾ ਸੀ ਕਿ ਭਵਿੱਖ ਵਿਚ ਇਹ ਜ਼ਮੀਨ ਮੇਰੀ ਕੰਮ ਵਾਲੀ ਥਾਂ ਬਣ ਜਾਵੇਗੀ ਅਤੇ ਇੱਥੋਂ ਦੇ ਲੋਕ ਮੇਰਾ ਪਰਿਵਾਰ ਬਣ ਜਾਣਗੇ। ਮੈਂ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦਾ ਹਾਂ ਕਿ ਮੈਨੂੰ ਇੱਥੇ ਕਈ ਸਾਲਾਂ ਤੱਕ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ।ਵਰੁਣ ਗਾਂਧੀ ਨੇ ਲਿਖਿਆ ਕਿ ਭਾਵੇਂ ਮੇਰਾ ਸੰਸਦ ਮੈਂਬਰ ਵਜੋਂ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਪਰ ਪੀਲੀਭੀਤ ਨਾਲ ਮੇਰਾ ਰਿਸ਼ਤਾ ਆਖਰੀ ਸਾਹ ਤੱਕ ਖ਼ਤਮ ਨਹੀਂ ਹੋਵੇਗਾ। ਜੇਕਰ ਸਾਂਸਦ ਦੇ ਤੌਰ ’ਤੇ ਨਹੀਂ ਤਾਂ ਪੁੱਤਰ ਦੇ ਤੌਰ ’ਤੇ ਮੈਂ ਸਾਰੀ ਉਮਰ ਤੁਹਾਡੀ ਸੇਵਾ ਕਰਨ ਲਈ ਵਚਨਬੱਧ ਹਾਂ। ਤੁਹਾਡੇ ਲੋਕਾਂ ਲਈ ਮੇਰੇ ਦਰਵਾਜ਼ੇ ਪਹਿਲਾਂ ਵਾਂਗ ਹਮੇਸ਼ਾ ਖੁੱਲ੍ਹੇ ਰਹਿਣਗੇ। ਆਪਣੀ ਚਿੱਠੀ ਦੇ ਅੰਤ ’ਚ ਉਨ੍ਹਾਂ ਨੇ ਲਿਖਿਆ ਕਿ ਮੇਰਾ ਅਤੇ ਪੀਲੀਭੀਤ ਦਾ ਰਿਸ਼ਤਾ ਰਾਜਨੀਤੀ ਦੇ ਗੁਣਾਂ ਤੋਂ ਕਿਤੇ ਉੱਪਰ ਹੈ, ਇਹ ਰਿਸ਼ਤਾ ਪਿਆਰ ਅਤੇ ਭਰੋਸੇ ਦਾ ਹੈ। ਮੈਂ ਤੁਹਡਾ ਸੀ, ਤੁਹਾਡਾ ਹਾਂ ਤੇ ਭਵਿੱਖ ’ਚ ਵੀ ਅਜਿਹਾ ਹੀ ਰਹਾਂਗਾ।

ਸਾਂਝਾ ਕਰੋ