ਰਮਨਪ੍ਰੀਤ, ਸ੍ਰੀਜੇਸ਼ ਤੇ ਸਵਿਤਾ ਪੁਰਸਕਾਰਾਂ ਦੀ ਦੌੜ ’ਚ ਸ਼ਾਮਲ

ਹਾਕੀ ਇੰਡੀਆ ਨੇ 31 ਮਾਰਚ ਨੂੰ ਇੱਥੇ ਹੋਣ ਵਾਲੇ ਸਾਲਾਨਾ ਪੁਰਸਰਕਾਰ ਸਮਾਰੋਹ ਲਈ ਨਾਮਜ਼ਦ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਮਾਹਿਰ ਗੋਲਕੀਪਰ ਪੀ ਆਰ ਸ੍ਰੀਜੇਸ਼ ਅਤੇ ਸਵਿਤਾ ਪੂਨੀਆ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਵਿੱਚ ਸਾਲ ਦੇ ਸਰਵੋਤਮ ਖਿਡਾਰੀ ਦੇ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ ਹਨ। ਸਾਬਕਾ ਕਪਤਾਨ ਸ੍ਰੀਜੇਸ਼ ਅਤੇ ਪੂਨੀਆ ਭਾਰਤ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਰਹੇ ਹਨ। ਦੋਵਾਂ ਨੂੰ ਸਾਲ ਦੇ ਸਰਵੋਤਮ ਗੋਲਕੀਪਰ ਪੁਰਸਕਾਰ ਲਈ ਵੀ ਨਾਮਜ਼ਦ ਕੀਤਾ ਗਿਆ ਹੈ। ਭਾਰਤ ਦੀ ਪੁਰਸ਼ ਟੀਮ ਦੇ ਕਪਤਾਨ ਅਤੇ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਵੀ ਦੋ ਵਰਗਾਂ ਦੇ ਪੁਰਸਕਾਰਾਂ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਹ ਸਾਲ ਦੇ ਸਰਵੋਤਮ ਖਿਡਾਰੀ ਦੇ ਨਾਲ-ਨਾਲ ਸਾਲ ਦੇ ਸਰਵੋਤਮ ਡਿਫੈਂਡਰ ਪੁਰਸਕਾਰ ਲਈ ਵੀ ਦਾਅਵੇਦਾਰ ਹੋਣਗੇ।

ਦੋਵਾਂ ਵਰਗਾਂ ਵਿੱਚ ਸਾਲ ਦੇ ਸਰਵੋਤਮ ਖਿਡਾਰੀ ਦੇ ਪੁਰਸਕਾਰ ਲਈ 25-25 ਲੱਖ ਰੁਪਏ ਜਦਕਿ ਗੋਲਕੀਪਿੰਗ ਟਰਾਫੀ ਜਿੱਤਣ ਵਾਲੇ ਖਿਡਾਰੀ ਨੂੰ ਪੰਜ ਲੱਖ ਰੁਪਏ ਮਿਲਣਗੇ। ਹਾਕੀ ਇੰਡੀਆ ਦੇ ਬਿਆਨ ਮੁਤਾਬਕ ਅੱਠ ਵਰਗਾਂ ਵਿੱਚ ਕੁੱਲ 32 ਖਿਡਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਪੁਰਸਕਾਰਾਂ ਦੀ ਕੁੱਲ ਰਕਮ 7.56 ਕਰੋੜ ਰੁਪਏ ਹੋਵੇਗੀ। ਹਾਕੀ ਇੰਡੀਆ ਨੇ ਕਿਹਾ, ‘‘ਹਾਕੀ ਇੰਡੀਆ ਮੇਜਰ ਧਿਆਨਚੰਦ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਵਿੱਚ 30 ਲੱਖ ਰੁਪਏ ਦਾ ਸਭ ਤੋਂ ਵੱਡਾ ਨਕਦ ਪੁਰਸਕਾਰ ਹੋਵੇਗਾ ਜੋ ਸਾਲਾਂ ਤੋਂ ਖੇਡ ਵਿੱਚ ਲਾਜਵਾਬ ਯੋਗਦਾਨ ਪਾਉਣ ਵਾਲੇ ਖਿਡਾਰੀ ਨੂੰ ਦਿੱਤਾ ਜਾਵੇਗਾ। ਅੰਡਰ-21 ਖਿਡਾਰੀਆਂ ਲਈ ਸਾਲ ਦੇ ਉਭਰਦੇ ਪੁਰਸ਼ ਖਿਡਾਰੀ ਲਈ ਜੁਗਰਾਜ ਸਿੰਘ ਪੁਰਸਕਾਰ ਅਤੇ ਸਾਲ ਦੀ ਉਭਰਦੀ ਖਿਡਾਰਨ ਲਈ ਅਸੁੰਤਾ ਲਾਕੜਾ ਪੁਰਸਕਾਰ ਦਿੱਤਾ ਜਾਵੇਗਾ ਜਿਸ ਵਿੱਚ ਹਰੇਕ ਨੂੰ ਦਸ ਲੱਖ ਰੁਪਏ ਦਾ ਨਕਦ ਪੁਰਸਕਾਰ ਮਿਲੇਗਾ।

ਸਾਲ ਦੇ ਸਰਵੋਤਮ ਡਿਫੈਂਡਰ ਲਈ ਪ੍ਰਗਟ ਸਿੰਘ ਪੁਰਸਕਾਰ, ਸਾਲ ਦੇ ਸਰਵੋਤਮ ਮਿਡਫੀਲਡਰ ਲਈ ਅਜੀਤਪਾਲ ਸਿੰਘ ਪੁਰਸਕਾਰ ਅਤੇ ਸਾਲ ਦੇ ਸਰਵੋਤਮ ਫਾਰਵਰਡ ਲਈ ਧਨਰਾਜ ਪਿੱਲੈ ਪੁਰਸਕਾਰ ਦੀ ਪੁਰਸਕਾਰ ਰਾਸ਼ੀ ਪੰਜ ਲੱਖ ਰੁਪਏ ਹੋਵੇਗੀ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਕੁਮਾਰ ਟਿਰਕੀ ਨੇ ਕਿਹਾ, ‘‘ਪੁਰਸ਼ ਤੇ ਮਹਿਲਾ ਦੋਵਾਂ ਟੀਮਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਮੱਦੇਨਜ਼ਰ ਨਾਮਜ਼ਦ ਖਿਡਾਰੀਆਂ ਦੀ ਚੋਣ ਕਰਨਾ ਚੁਣੌਤੀ ਵਾਲਾ ਕੰਮ ਸੀ।’’ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਕਿਹਾ, ‘‘ਇਹ ਪੁਰਸਕਾਰ ਲਗਨ, ਪ੍ਰਤਿਭਾ ਅਤੇ ਜਨੂਨ ਦੇ ਸਬੂਤ ਹਨ ਜੋ ਸਾਡੇ ਅਥਲੀਟ, ਕੋਚ, ਅੰਪਾਇਰ ਅਤੇ ਅਧਿਕਾਰੀ ਮੈਚ ਵਾਲੇ ਦਿਨ ਮੈਦਾਨ ’ਤੇ ਦਿਖਾਉਂਦੇ ਹਨ।’

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...